ਉਤਰਾਖੰਡ ਦਾ ਥਾਰੂ ਭਾਈਚਾਰਾ ਇਲਾਕੇ ਵਿੱਚ ਰੱਸੀ ਵਾਲ਼ੀ ਮੰਜੀ ਬੁਣਨ ਲਈ ਮਸ਼ਹੂਰ ਹੈ
"ਮੰਜਾ ਬੁਣਨਾ ਮੇਰੇ ਖ਼ੂਨ ਵਿੱਚ ਹੈ," 45 ਸਾਲਾ ਕ੍ਰਿਸ਼ਨਾਵਤੀ ਮੁਸਕਰਾਉਂਦਿਆਂ ਕਹਿੰਦੀ ਹੈ। ਉਹ ਥਾਰੂ ਭਾਈਚਾਰੇ ਦੇ ਮੰਜੀ ਬੁਣਨ ਵਾਲ਼ਿਆਂ ਦੀ ਤੀਜੀ ਪੀੜ੍ਹੀ 'ਚੋਂ ਹੈ। "ਮੇਰਾ ਵਿਆਹ ਵੀ ਐਸੇ ਹੀ ਬੰਦੇ ਨਾਲ਼ ਹੋਇਆ ਜਿਸਨੂੰ ਇਹੀ ਸ਼ੌਕ ਹੈ!"
ਕਰੀਬ ਤਿੰਨ ਦਹਾਕਿਆਂ ਤੋਂ ਕ੍ਰਿਸ਼ਨਾਵਤੀ ਅਤੇ ਉਨ੍ਹਾਂ ਦੇ ਪਤੀ ਚੰਦਰਪਾਲ ਸਿੰਘ ਰਾਣਾ ਰੱਸੀ ਵਾਲ਼ੀ ਮੰਜੀ ਬਣਾਉਂਦੇ ਆ ਰਹੇ ਹਨ। ਇਨ੍ਹਾਂ ਮੰਜੀਆਂ ਵਿੱਚ ਲੱਕੜ ਦੇ ਤਖ਼ਤਿਆਂ ਦੀ ਥਾਂ ਰੱਸੀ ਲੱਗੀ ਹੁੰਦੀ ਹੈ। ਲੱਕੜ ਦੀਆਂ ਬਾਹੀਆਂ ਤੋਂ ਬੜੇ ਹੀ ਸੋਹਣੇ ਤਰੀਕੇ ਨਾਲ਼ ਰੱਸੀ ਨੂੰ ਘੁਮਾਉਂਦਿਆਂ ਉਹ ਮੰਜੀ ਦਾ ਅਧਾਰ ਤਿਆਰ ਕਰਦੇ ਹਨ।
ਗਰਮੀਆਂ ਦੇ ਦਿਨੀਂ ਤਪਸ਼ ਵੱਧ ਹੋਣ ਕਾਰਨ ਲੋਕੀਂ ਮੰਜੀਆਂ 'ਤੇ ਸੌਣਾ ਵੱਧ ਪਸੰਦ ਕਰਦੇ ਹਨ। ਇਸ ਲਈ ਮਈ ਚੜ੍ਹਦਿਆਂ ਹੀ ਕਾਰੀਗਰ ਕੰਮ ਸ਼ੁਰੂ ਕਰ ਦਿੰਦੇ ਹਨ ਤੇ ਜੋ ਸਤੰਬਰ ਤੱਕ ਜਾਰੀ ਰਹਿੰਦਾ ਹੈ। ਸਾਲ ਦੇ ਬਾਕੀ ਮਹੀਨੇ ਉਹ ਖੇਤ ਮਜ਼ਦੂਰੀ ਕਰਦੇ ਰਹਿੰਦੇ ਹਨ। ਕ੍ਰਿਸ਼ਨਾਵਤੀ ਨੂੰ 350 ਰੁਪਏ ਅਤੇ ਚੰਦਰਪਾਲ ਨੂੰ ਸੌ ਰੁਪਏ ਵੱਧ ਦਿਹਾੜੀ ਮਿਲ਼ਦੀ ਹੈ। ਇਹ ਜੋੜਾ ਸਾਲ ਦੇ ਤਕਰੀਬਨ 120-150 ਦਿਨ ਹੀ ਇਹ ਕੰਮ ਕਰਦਾ ਹੈ।















