''ਅਸੀਂ ਤਾਂ ਆਪਣਾ ਆਦਿਵਾਸੀ ਖਾਣਾ ਹੀ ਭੁੱਲ ਗਏ ਆਂ,'' ਯਵਤਮਾਲ ਦੇ ਵਾਸੀ, ਚੰਦਾ ਘੋਦਮ ਕਹਿੰਦੇ ਹਨ।
ਪੇਂਡੂ ਭਾਰਤ ਦੀਆਂ ਔਰਤਾਂ ਦੀ 75 ਫ਼ੀਸਦ ਤੋਂ ਵੱਧ ਅਬਾਦੀ ਖੇਤੀਬਾੜੀ ਦੇ ਕੰਮੀਂ ਲੱਗੀ ਹੋਈ ਹੈ। ਇੰਨੀ ਗਿਣਤੀ ਹੋਣ ਦਾ ਬਾਵਜੂਦ ਵੀ ਬਹੁਤ ਵਿਰਲੀਆਂ ਔਰਤਾਂ ਦੇ ਨਾਮ 'ਤੇ ਜ਼ਮੀਨ ਬੋਲ਼ਦੀ ਹੈ ਜਾਂ ਉਨ੍ਹਾਂ ਦਾ ਮਾਲ਼-ਡੰਗਰਾਂ ਜਾਂ ਕੁਦਰਤੀ ਵਸੀਲਿਆਂ 'ਤੇ ਬਣਦਾ ਅਧਿਕਾਰ ਹੀ ਮਿਲ਼ਦਾ ਹੈ। ਅਨਾਜ ਪਦਾਰਥਾਂ ਦਾ ਕੇਂਦਰੀ ਧੁਰਾ, ਮਾਲ਼-ਡੰਗਰਾਂ ਦਾ ਧਿਆਨ ਰੱਖਣ ਵਾਲ਼ੀਆਂ ਇਨ੍ਹਾਂ ਔਰਤਾਂ ਨੂੰ ਹਾਲੇ ਤੀਕਰ ਇਸ ਸਮਾਜ ਨੇ ਕਿਸਾਨਾਂ ਵਜੋਂ ਪ੍ਰਵਾਨ ਨਹੀਂ ਕੀਤਾ ਤੇ ਨਾ ਹੀ ਬਣਦੇ ਹੱਕ ਹੀ ਦਿੱਤੇ ਹਨ।
ਮਹਾਰਾਸ਼ਟਰ ਦੇ ਸੋਕਾ ਮਾਰੇ ਤੇ ਕਿਸਾਨ ਖ਼ੁਦਕੁਸ਼ੀਆਂ ਤੋਂ ਪ੍ਰਭਾਵਤ ਮਰਾਠਵਾੜਾ ਤੇ ਵਿਦਰਭ ਖੇਤਰਾਂ ਵਿਖੇ, ਇਨ੍ਹਾਂ ਮੁਸ਼ਕਲਾਂ ਦੇ ਬਾਵਜੂਦ ਚੰਦਾ ਤੇ ਉਨ੍ਹਾਂ ਵਰਗੀਆਂ ਮਹਿਲਾ ਕਿਸਾਨ ਖੇਤੀਬਾੜੀ ਵਿੱਚ ਇੱਕ ਮੂਕ-ਇਨਕਲਾਬ ਦੇ ਹਿਰਾਵਲ ਦਸਤੇ ਦੀ ਭੂਮਿਕਾ ਤਾਂ ਨਿਭਾਅ ਹੀ ਰਹੀਆਂ ਹਨ ਸਗੋਂ ਆਪਣੇ ਰਵਾਇਤੀ ਭੋਜਨਾਂ ਵੱਲ ਵੀ ਵਾਪਸੀ ਕਰ ਰਹੀਆਂ ਹਨ।
''ਮੈਂ ਹੋਰਨਾਂ ਔਰਤਾਂ ਨੂੰ ਦੱਸਦੀ ਹਾਂ ਕਿ ਦੇਖੋ ਸਾਡੀ ਜ਼ਮੀਨ 'ਤੇ ਹਰ ਸ਼ੈਅ ਉੱਗ ਸਕਦੀ ਹੈ,'' ਇੰਨਾ ਆਖ ਚੰਦਾ ਮੁਸਕਰਾਉਂਦੇ ਹਨ।


