"ਦੇਖੋ "ਗੋਰਾਲ!" ਡਾ ਉਮੇਸ਼ ਸ਼੍ਰੀਨਿਵਾਸਨ, ਅਰੁਣਾਚਲ ਪ੍ਰਦੇਸ਼ ਦੇ ਪੱਛਮੀ ਕਾਮੇਂਗ ਜ਼ਿਲ੍ਹੇ ਦੇ ਸਿੰਗਚੁੰਗ ਕਸਬੇ ਵਿੱਚ ਵਲ਼ੇਵੇਂ ਖਾਂਦੀ ਸੜਕ 'ਤੇ ਗੱਡੀ ਚਲਾਉਂਦਿਆਂ ਯਕਦਮ ਚੀਕ ਉੱਠੇ।
ਦੂਰ, ਪੂਰਬੀ ਹਿਮਾਲਿਆ ਦੇ ਜੰਗਲ ਨੇੜੇ ਇੱਕ ਛੋਟਾ ਅਤੇ ਸਲੇਟੀ ਰੰਗਾ ਬੱਕਰੀ ਵਰਗਾ ਜਾਨਵਰ ਭੱਜ ਕੇ ਸੜਕ ਪਾਰ ਕਰ ਗਿਆ।
"ਤੁਸੀਂ ਪਹਿਲਾਂ ਕਦੇ ਇਹ ਨਹੀਂ ਦੇਖਿਆ ਹੋਣਾ," ਹੈਰਾਨ ਹੋਏ ਜੰਗਲੀ ਜੀਵ ਵਿਗਿਆਨੀ ਕਹਿੰਦੇ ਹਨ, ਜੋ 13 ਸਾਲਾਂ ਤੋਂ ਪੱਛਮੀ ਕਾਮੇਂਗ ਖੇਤਰ ਦੇ ਜੰਗਲਾਂ ਵਿੱਚ ਕੰਮ ਕਰ ਰਹੇ ਹਨ।
ਸਲੇਟੀ ਰੰਗੀ ਗੋਰਾਲ (ਨੇਮੋਰਹੇਡਸ ਗੋਰਾਲ) ਬੋਵਿਡ ਪ੍ਰਜਾਤੀ ਦਾ ਇੱਕ ਜਾਨਵਰ ਹੈ ਜੋ ਹਿਮਾਲਿਆ ਪਾਰ ਭੂਟਾਨ, ਚੀਨ, ਉੱਤਰੀ ਭਾਰਤ, ਨੇਪਾਲ ਅਤੇ ਪਾਕਿਸਤਾਨ ਵਿੱਚ ਪਾਇਆ ਜਾਂਦਾ ਹੈ। ਪਰ ਸਾਲ 2008 ਤੱਕ, ਇੰਟਰਨੈਸ਼ਨਲ ਯੂਨੀਅਨ ਫਾਰ ਦਿ ਕੰਜ਼ਰਵੇਸ਼ਨ ਆਫ ਨੇਚਰ (ਆਈ.ਯੂ.ਸੀ.ਐਨ.) ਨੇ ਇਸ ਨੂੰ ਟਿਕਾਣੇ ਦੀ ਘਾਟ ਅਤੇ ਸ਼ਿਕਾਰ ਦੇ ਚੱਲਦਿਆਂ "ਸੰਕਟਗ੍ਰਸਤ" ਵਜੋਂ ਸੂਚੀਬੱਧ ਕੀਤਾ।
"ਇਹ ਜਾਨਵਰ ਹਮੇਸ਼ਾ ਜੰਗਲ ਵਿੱਚ ਬਹੁਤ ਅੰਦਰ ਕਰਕੇ ਰਹਿੰਦੇ ਹਨ, ਉਹ ਬਾਹਰ ਆਉਣ ਤੋਂ ਡਰਦੇ ਹਨ," ਉਮੇਸ਼ ਗੋਰਾਲ ਬਾਰੇ ਗੱਲ ਕਰਦੇ ਹਨ, ਜੋ ਖ਼ਤਰੇ ਹੇਠ ਇੱਕ ਜੰਗਲੀ ਜੀਵ ਹੈ, ਜਿਸ ਨੂੰ ਖਾਸ ਤੌਰ 'ਤੇ ਹੇਠਲੇ ਹਿਮਾਲਿਆ ਅਤੇ ਉੱਤਰ-ਪੂਰਬੀ ਭਾਰਤ ਵਰਗੇ ਮਨੁੱਖੀ ਬਹੁਗਿਣਤੀ ਵਾਲ਼ੇ ਖੇਤਰਾਂ ਵਿੱਚ ਅਸੁਰੱਖਿਅਤ ਮੰਨਿਆ ਜਾਂਦਾ ਹੈ।
ਗੋਰਲ ਦੇ ਨਜ਼ਰੀਂ ਪੈਣ ਤੋਂ ਥੋੜ੍ਹੀ ਦੇਰ ਬਾਅਦ, ਸਿੰਚੁੰਗ ਦਾ ਇੱਕ ਕਿਸਾਨ, ਨੀਮਾ ਸੇਰਿੰਗ ਮੋਨਪਾ ਸਾਨੂੰ ਪੀਣ ਲਈ ਚਾਹ ਦਿੰਦੀ ਹਨ ਅਤੇ ਸਾਨੂੰ ਇੱਕ ਹੋਰ ਜਾਨਵਰ ਦੇ ਦਿਖਾਈ ਦੇਣ ਬਾਰੇ ਕੁਝ ਜਾਣਕਾਰੀ ਦਿੰਦੀ ਹਨ, "ਕੁਝ ਹਫਤੇ ਪਹਿਲਾਂ, ਮੈਂ ਇੱਥੋਂ ਥੋੜ੍ਹੀ ਦੂਰੀ 'ਤੇ ਇੱਕ ਖੇਤ ਵਿੱਚ ਰੈੱਡ ਪਾਂਡਾ (ਆਈਲੂਰਸ ਫੁਲਗੇਨ) ਦੇਖਿਆ। ਰੈੱਡ ਪਾਂਡਾ ਚੀਨ, ਮਿਆਂਮਾਰ, ਭੂਟਾਨ, ਨੇਪਾਲ ਅਤੇ ਭਾਰਤ ਵਿੱਚ ਪਾਈ ਜਾਣ ਵਾਲ਼ੀ ਖ਼ਤਰੇ ਹੇਠ ਪ੍ਰਜਾਤੀ ਹੈ। ਪਿਛਲੀਆਂ ਤਿੰਨ ਪੀੜ੍ਹੀਆਂ ਵਿੱਚ ਇਸਦੀ ਗਿਣਤੀ ਵਿੱਚ 50 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ ਅਤੇ ਆਈਯੂਸੀਐੱਨ ਨੇ ਅਗਲੇ ਦੋ ਦਹਾਕਿਆਂ ਵਿੱਚ ਇਸ ਦੇ ਹੋਰ ਵਿਗੜਨ ਦੀ ਸੰਭਾਵਨਾ ਦੀ ਚੇਤਾਵਨੀ ਦਿੱਤੀ।






















