ਸਤੰਬਰ 10 ਨੂੰ, ਕੁਝ ਸੈਂਕੜੇ ਦੀ ਗਿਣਤੀ ਵਿੱਚ ਕਿਸਾਨ, ਜਿਹਨਾਂ ਵਿੱਚੋਂ ਜ਼ਿਆਦਾਤਰ ਗੋਂਡ ਕਬੀਲੇ ਨਾਲ਼ ਸਬੰਧ ਰੱਖਣ ਵਾਲ਼ੇ ਆਦਿਵਾਸੀ ਸਨ, ਬਸਤਰ ਜ਼ਿਲ੍ਹੇ ਦੇ ਹੈੱਡਕੁਆਰਟਰ ਜਗਦਲਪੁਰ ਤੋਂ ਛੱਤੀਸਗੜ ਦੀ ਰਾਜਧਾਨੀ ਰਾਏਪੁਰ ਤੱਕ 280 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਲਈ ਪੈਦਲ ਅਤੇ ਟ੍ਰੈਕਟਰਾਂ 'ਤੇ ਨਿਕਲੇ। ਮੈਂ ਓਹਨਾਂ ਨੂੰ ਮਿਲਿਆ ਜਦੋਂ ਓਹ ਕੋਡੇਬੋਡ ਪਿੰਡ ਦੇ ਨੇੜੇ, ਤੱਖਤੀਆਂ ਜ਼ਮੀਨ ਤੇ ਰੱਖੀ, ਛੋਟੇ ਥੈਲੇ ਅਤੇ ਆਲ਼ੇ ਦੁਆਲ਼ੇ ਹੋਰ ਸਮਾਨ ਰੱਖੀ ਸੜਕ ਦੇ ਕਿਨਾਰੇ ਅਰਾਮ ਕਰ ਰਹੇ ਸਨ| ਓਹਨਾਂ ਵਿੱਚੋਂ ਬਹੁਤੇ ਹਿੰਦੀ ਨਹੀਂ ਬੋਲਦੇ ਸਨ, ਸਿਰਫ਼ ਹਲਬੀ ਜਾਂ ਗੋਂਡੀ ਹੀ ਬੋਲਦੇ ਸਨ|
“ਅਸੀਂ ਇਸ ਮਹੀਨੇ ਦੀ 10 ਤਰੀਕ ਨੂੰ ਜਗਦਲਪੁਰ ਦੇ ਦੰਤੇਸ਼ਵਰੀ ਮੰਦਰ ਤੋਂ ਪੈਦਲ ਨਿਕਲੇ ਹਾਂ ਅਤੇ 18 ਸਤੰਬਰ ਨੂੰ ਰਾਏਪੁਰ ਪਹੁੰਚਾਂਗੇ”, ਬਸਤਰ ਜ਼ਿਲ੍ਹੇ ਦੇ ਸੋਨੂੰਰਾਮ ਕਸ਼ਿਅਪ ਨੇ ਦੱਸਿਆ| “ਅਸੀਂ ਮੁੱਖ ਮੰਤਰੀ ਰਮਨ ਸਿੰਘ ਨੂੰ ਸਾਡੇ ਕਰਜ਼ੇ ਮਾਫ ਕਰਨ ਦੀ ਬੇਨਤੀ ਕਰਨਾ ਚਾਹੁੰਦੇ ਹਾਂ ਅਤੇ (ਆਪਣੀਆਂ) ਹੋਰ ਮੰਗਾਂ ਵੀ ਰੱਖਣਾ ਚਾਹੁੰਦੇ ਹਾਂ|
“ਅਸੀਂ ਛੋਟੇ ਕਿਸਾਨ ਹਾਂ| ਸਾਡੀਆਂ ਜ਼ਮੀਨਾਂ ਬਰਸਾਤ ‘ਤੇ ਨਿਰਭਰ ਹਨ| ਜੇਕਰ ਬਰਸਾਤ ਨਹੀਂ ਤਾਂ ਖੇਤੀ ਨਹੀਂ| ਸਾਡੀ 2-3 ਏਕੜ ਜ਼ਮੀਨ ਕਰਜ਼ੇ ਹੇਠ ਹੈ| ਮੇਰੇ ਪਿਤਾ ਨੇ 2012 ਵਿੱਚ ਜ਼ਿਲ੍ਹਾ ਸਹਿਕਾਰੀ ਬੈਂਕ ਤੋਂ 60,000 ਦਾ ਕਰਜ਼ਾ ਲਿਆ ਸੀ| ਓਹਨਾਂ ਨੇ ਕਰਜ਼ੇ ਦਾ ਕੁਝ ਹਿੱਸਾ ਅਦਾ ਕੀਤਾ ਅਤੇ 2014 ਵਿੱਚ ਓਹਨਾਂ ਦੀ ਮੌਤ ਹੋ ਗਈ| ਪਰ ਹੁਣ ਬੈਂਕ ਅਨੁਸਾਰ ਸਾਡੇ 'ਤੇ ਕੁੱਲ ਦੋ ਲੱਖ ਰੁਪਏ ਦਾ ਕਰਜ਼ਾ ਹੈ| ਇਸੇ ਕਰਕੇ ਮੈਂ ਰਾਏਪੁਰ ਨੂੰ ਜਾਂਦੇ ਇਸ ਮਾਰਚ ਵਿੱਚ ਸ਼ਾਮਿਲ ਹੋਇਆ ਹਾਂ|”




