ਨਵੰਬਰ ਦਾ ਮੌਸਮ ਹੈ। ਅੰਬਿਆ ਖ਼ਾਤੂਨ ਦੀ ਪੁਰਾਣੀ ਚਿੱਟੀ ਸਾੜੀ ਦੇ ਪੱਲੂ 'ਤੇ ਬਣੇ ਬੈਂਗਣੀ ਫੁੱਲ ਹਵਾ ਵਿੱਚ ਲਹਿਰਾਊਂਦੇ ਹੋਏ ਜਾਪ ਰਹੇ ਹਨ। ਵਗਦੀ ਹਵਾ ਕਾਰਨ ਉਨ੍ਹਾਂ ਨੂੰ ਆਪਣੇ ਸਿਰ 'ਤੇ ਪੱਲੂ ਟਿਕਾਈ ਰੱਖਣ ਦੀ ਬਾਰ-ਬਾਰ ਕੋਸ਼ਿਸ਼ ਕਰਨੀ ਪੈ ਰਹੇ ਹਨ। ਆਪਣੇ ਸੱਜੇ ਹੱਥ ਨਾਲ਼ ਪੱਲੂ ਨੂੰ ਬਾਰ-ਬਾਰ ਖਿਸਕਣ ਤੋਂ ਰੋਕਦੀ ਤੇ ਖੱਬੇ ਹੱਥ ਨਾਲ਼ ਜੂਟ ਦੇ ਉਲਝੇ ਰੇਸ਼ਿਆਂ ਨੂੰ ਗੂੰਦਣ ਲੱਗਦੀ ਹੈ ਜਿਨ੍ਹਾਂ ਵਿੱਚ ਉਹ ਮੋਤੀ ਪਿਰੋਦੀ ਹੈ ਤੇ ਫਿਰ ਇੱਕ-ਇੱਕ ਕਰਕੇ ਗੰਢਾਂ ਮਾਰਨ ਲੱਗਦੀ ਹੈ। ਉਨ੍ਹਾਂ ਦਾ ਆਰਜੀ ਘਰ ਛੱਪੜੀ ਮਿੱਟੀ ਦੇ ਕਿਨਾਰੇ ਬਣਿਆ ਹੋਇਆ ਹੈ, ਜਿੱਥੋਂ ਗੁਜ਼ਰਦੇ ਹੋਏ ਮਰਦਾਂ ਦੀਆਂ ਨਜ਼ਰਾਂ ਨੂੰ ਅੰਬਿਆ ਚੰਗੀ ਤਰ੍ਹਾਂ ਪਛਾਣ ਲੈਂਦੀ ਹੈ। ਇਹ ਇਲਾਕਾ ਬੇਕੀ ਨਦੀ ਦੇ ਕੰਢੇ ਵੱਸਿਆ ਹੋਇਆ ਹੈ, ਜਿੱਥੇ ਮਿੱਟੀ ਦਾ ਕਟਾਅ ਬਹੁਤ ਜ਼ਿਆਦਾ ਹੈ। ਇਸ ਇਲਾਕੇ ਵਿੱਚ, ਖ਼ਾਸ ਕਰਕੇ ਮਾਨਸੂਨ ਵੇਲ਼ੇ ਜਦੋਂ ਹੜ੍ਹ ਆ ਜਾਂਦਾ ਹੈ, ਤਾਂ ਇਥੇ ਨਿੱਜਤਾ ਵਰਗੀ ਕੋਈ ਚੀਜ਼ ਬਚੀ ਨਹੀਂ ਰਹਿ ਪਾਉਂਦੀ।
ਆਪਣੇ ਘਰ ਦੇ ਫਰਸ਼ 'ਤੇ ਅੰਬਿਆ ਸਿਕਾ (ਜਿਸਨੂੰ ਸਿਗਾ ਵੀ ਕਿਹਾ ਜਾਂਦਾ ਹੈ) ਬਣਾ ਰਹੇ ਹਨ। ਜੂਟ ਦੇ ਰੇਸ਼ਿਆਂ ਤੋਂ ਬਣੇ ਇਹ ਸਜਾਵਟੀ ਹੈਂਗਰ ਬਰਤਨ, ਬੀਜ, ਕੱਪੜੇ, ਬਿਸਤਰੇ ਅਤੇ ਇੱਥੋਂ ਤੱਕ ਕਿ ਗਹਿਣੇ ਟੰਗਣ ਲਈ ਵਰਤੇ ਜਾਂਦੇ ਹਨ। ਸਿਕਾ ਸਿਰਫ਼ ਸਜਾਵਟ ਦੀ ਚੀਜ਼ ਨਹੀਂ ਹੈ, ਬਲਕਿ ਸੱਭਿਆਚਾਰਕ ਤੌਰ 'ਤੇ ਵੀ ਬਹੁਤ ਮਹੱਤਵਪੂਰਨ ਹੈ। ਇਹ ਅਸਾਮ ਦੇ ਮਿਆ ਮੁਸਲਮਾਨਾਂ ਅਤੇ ਅੱਜ ਦੇ ਬੰਗਲਾਦੇਸ਼ ਦੇ ਪਿੰਡਾਂ ਵਿੱਚ ਲੰਮੇ ਸਮੇਂ ਤੋਂ ਪ੍ਰਚਲਿਤ ਹੈ। ਹੜ੍ਹ ਪ੍ਰਭਾਵਤ ਖੇਤਰਾਂ ਵਿੱਚ ਇਹ ਚੀਜ਼ਾਂ ਨੂੰ ਨਮੀ ਅਤੇ ਪਾਣੀ ਤੋਂ ਬਚਾ ਕੇ ਰੱਖਣ ਵਿੱਚ ਵੀ ਮਦਦ ਕਰਦਾ ਹੈ।
71 ਸਾਲਾ ਅੰਬਿਆ ਦਾ ਕੰਮ ਦਿਨ ਚੜ੍ਹਨ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਹੈ। ਘਰ ਦੇ ਸਾਰੇ ਕੰਮ ਨਬੇੜਨ ਤੋਂ ਬਾਅਦ ਉਹ ਆਪਣੇ ਸਿਕਾ ਬਣਾਉਣ ਦੇ ਕੰਮ ਵਿੱਚ ਲੱਗ ਜਾਂਦੀ ਹੈ। ਆਪਣਾ ਸਾਰਾ ਕੰਮ ਉਹ ਘਰ ਦੇ ਸਾਹਮਣੇ ਖੁੱਲ੍ਹੀ ਥਾਂ ਵਿੱਚ ਕਰਦੀ ਹੈ। ਟੀਨ ਦੀ ਛੱਤ ਵਾਲ਼ਾ ਇਹ ਕੱਚਾ ਕਮਰਾ ਹੀ ਉਨ੍ਹਾਂ ਦਾ ਘਰ ਹੈ ਜਿੱਥੇ ਕੱਦੂ ਦੀ ਵੇਲ਼ ਦੀ ਛਾਂ ਬਣੀ ਰਹਿੰਦੀ ਹੈ। ਵੇਲ਼ ਦੇ ਪੱਤਿਆਂ ਤੋਂ ਪੁਣ ਕੇ ਆਉਂਦੀ ਧੁੱਪ ਵਿੱਚ ਜਿਓਂ ਰੰਗ-ਬਿਰੰਗੇ ਮੋਤੀ ਚਮਕ ਉੱਠਦੇ ਹਨ।
















