“ਇਹਦੀ ਵੱਧ ਤੋਂ ਵੱਧ ਗਤੀ 30 ਕਿਲੋਮੀਟਰ ਪ੍ਰਤੀ ਘੰਟਾ ਹੈ, ਪਰ ਇਹ 27 ਤੋਂ ਉੱਪਰ ਨਹੀਂ ਜਾਂਦੀ।”
ਪਰ ਫੇਰ ਵੀ ਆਪਣੇ ਵਾਹਨ ਦੇ ਠੀਕ ਹੋ ਦੁਬਾਰਾ ਚੱਲਣ ’ਤੇ ਵਸੀਮ ਕੁਰੈਸ਼ੀ ਖ਼ੁਸ਼ ਸੀ। 34 ਸਾਲਾ ਵਸੀਮ ਕੰਮ ’ਤੇ ਜਾਣ-ਆਉਣ ਲਈ ਇਸ ਮੋਟਰਾਈਜ਼ਡ ਟ੍ਰਾਈਸਾਈਕਲ ਦੀ ਵਰਤੋਂ ਕਰਦਾ ਹੈ।
ਬਾਈਕ ’ਤੇ ਬਹਿ ਕੇ ਉਹ ਮੈਨੂੰ ਦੱਸਦਾ ਹੈ ਕਿ ਇਹਦੀਆਂ ਤਾਰਾਂ ਅਜੇ ਵੀ ਸਹੀ ਨਹੀਂ ਤੇ ਬ੍ਰੇਕ ਲਾਉਂਦੇ ਵੇਲ਼ੇ ਧਿਆਨ ਰੱਖਣਾ ਪਵੇਗਾ। ਟ੍ਰਾਈਸਾਈਕਲ ਵਿੱਚ ਫਿੱਟ ਕੀਤੀ ਕੁਰਸੀ ’ਤੇ ਆਰਾਮ ਨਾਲ਼ ਬਹਿ ਕੇ ਉਹਨੇ ਮੈਨੂੰ ਸੀਟ ਹੇਠਾਂ ਰੱਖੀ ਬੈਟਰੀ ਦਿਖਾਈ, ਤੇ ਪਿੱਛੇ ਸਾਮਾਨ ਰੱਖਣ ਲਈ ਬਣਿਆ ਡੱਬਾ ਵੀ ਦਿਖਾਇਆ।
ਵਸੀਮ ਬਾਈਕ ਸਟਾਰਟ ਕਰਕੇ ਦਿੱਲੀ-ਅਲਵਰ ਨੈਸ਼ਨਲ ਹਾਈਵੇਅ ਨੇੜੇ ਰੁੱਖਾਂ ਪਿੱਛੇ ਲੁਕੀ ਆਪਣੀ ਛੋਟੀ ਜਿਹੀ ਮੋਬਾਈਲ ਰਿਪੇਅਰ ਦੀ ਦੁਕਾਨ ’ਤੇ ਚਲਾ ਜਾਂਦਾ ਹੈ, ਜੋ ਹਰਿਆਣਾ ਦੇ ਮਾਂਡੀਖੇੜਾ ਵਿੱਚ ਪੈਂਦੇ ਉਹਦੇ ਪਿੰਡ ਤੋਂ ਕ਼ਰੀਬ ਇੱਕ ਕਿਲੋਮੀਟਰ ਦੂਰੀ ’ਤੇ ਹੈ। ਉਹਦੇ ਗੁਆਂਢ ਦੇ ਬੱਚੇ ਪਿੱਛੇ ਭੱਜਦੇ ਨੇ, ਹੱਸਦੇ-ਖੇਡਦੇ ਉਹਦੇ ਟ੍ਰਾਈਸਾਈਕਲ ਦੇ ਪਿਛਲੇ ਡੱਬੇ ’ਤੇ ਚੜ੍ਹ ਜਾਂਦੇ ਨੇ। ਉਹ ਕੁਝ ਨਹੀਂ ਕਹਿੰਦਾ, ਸਗੋਂ ਉਹਨਾਂ ਦੇ ਨਾਲ਼ ਹੱਸ ਪੈਂਦਾ ਹੈ।












