ਹਰ ਸਵੇਰ, ਆਰਿਫ਼ (ਖੱਬੇ ਪਾਸੇ) ਅਤੇ ਸ਼ੇਰੂ (ਗਧਾ) ਮੰਡਾਵਾ ਦੀਆਂ ਗਲ਼ੀਆਂ ਵਿੱਚ ਘੁੰਮ ਕੇ ਸਬਜ਼ੀਆਂ ਅਤੇ ਫਲ ਵੇਚਦੇ ਹਨ। ਸ਼ੇਰੂ ਪੱਤਾ ਗੋਭੀ, ਫੁੱਲ ਗੋਭੀ, ਭਿੰਡੀ, ਬੈਂਗਣ, ਕੇਲਿਆਂ ਨਾਲ਼ ਭਰੇ ਰੇੜ੍ਹੇ ਨੂੰ ਖਿੱਚਦਾ ਹੈ, ਜਦੋਂਕਿ 40 ਸਾਲਾ ਆਰਿਫ਼ ਮੁਹੰਮਦ, ਜੋ ਪਹਿਲਾਂ ਨਿਰਮਾਣ ਥਾਵਾਂ 'ਤੇ ਕੰਮ ਕਰਦੇ ਸਨ ਅਤੇ ਉਸਦਾ ਸਹਾਇਕ (ਜਿਸਨੇ ਆਪਣਾ ਨਾਮ ਦੱਸਣ ਤੋਂ ਇਨਕਾਰ ਕੀਤਾ) ਰਾਜਸਥਾਨ ਦੇ ਝੰਝੁੰਨੂੰ ਜ਼ਿਲ੍ਹੇ ਦੇ ਇਸ ਕਸਬੇ ਵਿੱਚ ਨਿਯਮਤ ਅਤੇ ਨਵੇਂ ਗਾਹਕਾਂ ਨਾਲ਼ ਸੌਦੇਬਾਜ਼ੀ ਕਰਦੇ ਹਨ। ਲਗਭਗ ਅੱਠ ਘੰਟਿਆਂ ਦੀ ਵਿਕਰੀ ਤੋਂ ਬਾਅਦ, ਆਦਮੀ ਅਤੇ ਪਸ਼ੂ ਸ਼ਾਮ 5 ਵਜੇ ਆਪਣਾ ਕੰਮ ਬੰਦ ਕਰ ਦਿੰਦੇ ਹਨ, ਤਦ ਤੱਕ ਉਹਨਾਂ ਦੀ 300-400 ਰੁਪਏ ਦੀ ਕਮਾਈ ਹੋ ਚੁੱਕੀ ਹੁੰਦੀ ਹੈ, ਆਰਿਫ਼ ਦੱਸਦੇ ਹਨ। ਉਹ ਇਸ ਤੋਂ ਵੱਧ ਕੁਝ ਦੱਸਣਾ ਨਹੀਂ ਚਾਹੁੰਦੇ ਅਤੇ ਤੇਜ਼ੀ ਨਾਲ਼ ਅੱਗੇ ਵਧ ਜਾਂਦੇ ਹਨ ਕਿਉਂਕਿ ਵਿਕਰੀ ਦਾ ਇਹੀ ਸਭ ਤੋਂ ਵਧੀਆ ਸਮਾਂ ਹੈ ਅਤੇ ਸ਼ੇਰੂ ਵੀ ਬੇਚੈਨ ਜਿਹੇ ਹੋ ਰਿਹਾ ਹੈ।
ਰਾਜਸਥਾਨ ਵਿੱਚ, ਖ਼ਾਸ ਕਰਕੇ ਬਾੜਮੇਰ, ਬੀਕਾਨੇਰ, ਚੁਰੂ ਅਤੇ ਜੈਸਲਮੇਰ ਜ਼ਿਲ੍ਹਿਆਂ ਵਿੱਚ ਬਹੁਤ ਸਾਰੇ ਸ਼ੇਰੂ ਰਹਿੰਦੇ ਸਨ। ਅੱਜ ਵੀ, ਭਾਰਤ ਵਿੱਚ ਗਧਿਆਂ ਦੀ ਕੁੱਲ ਅਬਾਦੀ ਦਾ ਪੰਜਵਾਂ ਹਿੱਸਾ ਇਸੇ ਰਾਜ ਵਿੱਚ ਹੈ। ਪਰ 20ਵੀਂ ਪਸ਼ੂਧਨ ਗਣਨਾ (2019) ਦੇ ਅਨੁਸਾਰ, ਇਨ੍ਹਾਂ ਪ੍ਰਜਾਤੀਆਂ ਦੀ ਗਿਣਤੀ ਤੇਜ਼ੀ ਨਾਲ਼ ਘਟ ਰਹੀ ਹੈ। ਭਾਰਤ ਵਿੱਚ ਉਨ੍ਹਾਂ ਦੀ ਗਿਣਤੀ 2012 ਦੀ ਪਸ਼ੂਧਨ ਗਣਨਾ ਸਮੇਂ 330,000 ਸੀ, ਜੋ 2019 ਦੀ ਗਿਣਤੀ ਸਮੇਂ ਘਟ ਕੇ 120,000 ਹੋ ਗਈ, ਯਾਨਿ ਲਗਭਗ 62 ਪ੍ਰਤੀਸ਼ਤ ਦੀ ਕਮੀ। ਰਾਜਸਥਾਨ ਵਿੱਚ ਇਹ ਕਮੀ ਲਗਭਗ 72 ਪ੍ਰਤੀਸ਼ਤ ਸੀ — 81,000 ਤੋਂ 23,000।



