ਪਿਛਲੇ 13 ਸਾਲਾਂ ਤੋਂ ਨੌਰਾਦੇਹੀ ਜੰਗਲੀ ਜੀਵ ਸੰਭਾਲ਼ ਖੇਤਰ ਵਿੱਚ ਵਣ ਰਕਸ਼ਕ ਵਜੋਂ ਕੰਮ ਕਰ ਰਹੇ ਤਾਰਾਚੰਦ ਗੋਂਡ ਨੇ ਇਸ ਖੇਤਰ ਵਿੱਚ ਬਘਿਆੜ (ਇੰਡੀਅਨ ਗ੍ਰੇ ਵੁਲਫ਼) ਨਾਲ਼ੋਂ ਬਾਘ ਵੱਧ ਘੁੰਮਦੇ ਦੇਖੇ ਹਨ। ਲਗਭਗ 34 ਸਾਲਾ ਤਾਰਾਚੰਦ ਇਸ ਦਿਲ-ਦੁਖਾਵੀਂ ਗੱਲ 'ਤੇ ਖੱਟਾ-ਖੱਟਾ ਮੁਸਕੁਰਾਉਂਦੇ ਹਨ, ਗੱਲਬਾਤ ਦੌਰਾਨ ਚਸ਼ਮਿਆਂ ਦੇ ਪਿੱਛਿਓਂ ਝਾਂਕਦੀਆਂ ਉਨ੍ਹਾਂ ਦੀਆਂ ਅੱਖਾਂ ਅਚਾਨਕ ਲਿਸ਼ਕ ਉੱਠਦੀਆਂ ਹਨ।
ਉਹ ਇਸ ਲਈ ਵੀ ਹੈਰਾਨ ਹਨ, ਕਿਉਂਕਿ ਉਹ ਭਾਰਤ ਦੇ ਸਭ ਤੋਂ ਪੁਰਾਣੇ ਉਸ ਪਾਰਕ ਵਿੱਚ ਖੜ੍ਹੇ ਹੋ ਕੇ ਇੰਨੀ ਗੱਲ ਕਹਿ ਰਹੇ ਹਨ, ਜੋ ਖ਼ਾਸ ਤੌਰ 'ਤੇ ਲੁਪਤ ਹੋਣ ਦੀ ਕਗਾਰ 'ਤੇ ਖੜ੍ਹੇ ਬਘਿਆੜ ਲਈ ਬਣਾਇਆ ਗਿਆ ਹੈ; ਇੱਥੇ ਬਾਘ ਤਾਂ ਹਾਲ ਹੀ ਵਿੱਚ, ਸਾਲ 2018 ਵਿੱਚ ਲਿਆਂਦੇ ਗਏ ਸਨ। ਇੰਡੀਅਨ ਗ੍ਰੇ ਵੁਲਫ਼ (ਕੈਨਿਸ ਲੂਪਸ ਪੈਲਿਪੇਸ) ਭਾਰਤੀ ਉਪਮਹਾਂਦੀਪ ਵਿੱਚ ਪਾਈ ਜਾਣ ਵਾਲ਼ੀ ਬਘਿਆੜ ਦੀ ਇੱਕ ਬਹੁਤ ਹੀ ਪੁਰਾਣੀ ਨਸਲ ਹੈ, ਪਰ ਉਨ੍ਹਾਂ ਨੂੰ ਦੇਖ ਪਾਉਣਾ ਬਹੁਤ ਹੀ ਦੁਰਲੱਭ ਹੈ। ਦੇਸ਼ ਵਿੱਚ ਗ੍ਰੇ ਵੁਲਫ ਦੀ ਗਿਣਤੀ ਸਿਰਫ਼ ਤਿੰਨ ਹਜ਼ਾਰ ਦੇ ਆਸਪਾਸ ਹੈ, ਜੋ 2022 ਵਿੱਚ ਬਾਘਾਂ ਦੀ ਅਬਾਦੀ (3,682) ਨਾਲ਼ੋਂ ਵੀ ਘੱਟ ਹੈ।
ਤਾਰਾਚੰਦ ਨੂੰ ਅੱਜ ਵੀ ਯਾਦ ਹੈ ਕਿ ਉਨ੍ਹਾਂ ਨੇ ਗ੍ਰੇ ਵੁਲਫ਼ ਨੂੰ ਪਹਿਲੀ ਵਾਰੀਂ ਕਦੋਂ ਦੇਖਿਆ ਸੀ। ਤਾਰਾਚੰਦ, ਜੋ ਇੱਕ ਗੋਂਡ ਆਦਿਵਾਸੀ ਹਨ, ਦੱਸਦੇ ਹਨ,“ਜੰਗਲ ਵਿੱਚ ਪਹਿਰਾ ਦੇਣਾ ਸ਼ੁਰੂ ਕਰਨ ਦੇ ਦੋ ਸਾਲ ਬਾਅਦ ਮੈਂ ਪਹਿਲੀ ਵਾਰੀ ਬਘਿਆੜ ਦੇਖਿਆ ਸੀ।” ਉਹ ਅੱਗੇ ਦੱਸਦੇ ਹਨ,“ਮੈਂ ਭਰਾਈ ਸਰਕਲ ਵਿੱਚ ਇੱਕ ਸੀਨੀਅਰ ਰੇਂਜਰ ਨਾਲ਼ ਸਾਂ, ਉਦੋਂ ਹੀ ਦੂਰੋਂ ਸਾਨੂੰ ਇਹ ਜਾਨਵਰ ਦਿਖਾਈ ਦਿੱਤਾ। ਉਹ ਸਾਡੇ ਤੋਂ ਦੂਰ ਭੱਜ ਰਿਹਾ ਸੀ। ਮੈਂ ਉਨ੍ਹਾਂ ਤੋਂ ਪੁੱਛਿਆ ਇਹ ਕਿਹੜਾ ਜਾਨਵਰ ਹੈ, ਤਦ ਉਨ੍ਹਾਂ ਕਿਹਾ, ‘ਇਹ ਬਘਿਆੜ ਹੈ’। ਇਹੀ ਉਹ ਜਾਨਵਰ ਹੈ, ਜਿਸ ਲਈ ਇਹ ਰੱਖ ਬਣਾਈ ਗਈ ਹੈ।”
ਨੌਰਾਦੇਹੀ ਵਿੱਚ ਕਾਫ਼ੀ ਲੰਮੇ ਸਮੇਂ ਤੱਕ ਸਿਰਫ਼ ਬਘਿਆੜ ਹੀ ਮੁੱਖ ਸ਼ਿਕਾਰੀ ਰਹੇ ਹਨ। ਮੱਧ ਪ੍ਰਦੇਸ਼ ਦੀਆਂ ਦੱਖਣੀ ਵਿੰਧਿਆ ਪਹਾੜੀਆਂ ਵਿੱਚ ਫੈਲੇ ਇਸ ਝਾੜੀਦਾਰ ਜੰਗਲ ਦੇ ਉਹ ਜਿਵੇਂ ਮਾਲਿਕ ਹੁੰਦੇ ਸਨ। ਬਘਿਆੜ ਬਹੁਤ ਸ਼ਰਮੀਲੇ ਹੁੰਦੇ ਹਨ, ਇਸ ਲਈ ਉਨ੍ਹਾਂ ਨੂੰ ਦੇਖਣਾ ਸਦਾ ਤੋਂ ਮੁਸ਼ਕਲ ਹੀ ਰਿਹਾ ਹੈ ਅਤੇ ਅਕਸਰ ਲੋਕ ਉਨ੍ਹਾਂ ਨੂੰ ਗਿੱਦੜ ਸਮਝ ਲੈਂਦੇ ਹਨ। ਸੁਰੱਖਿਆ ਕਰਮਚਾਰੀ (ਵਣ ਚੌਕੀਦਾਰ) ਸ਼ੁਭਮ ਰਾਇਕਵਾਰ ਕਹਿੰਦੇ ਹਨ,“ਜਦੋਂ ਕਦੇ ਦਿਖਾਈ ਵੀ ਦਿੰਦੇ ਤਾਂ ਸਿਰਫ਼ ਭੱਜਦੇ ਹੀ ਦਿੱਸਦੇ ਤੇ ਉਨ੍ਹਾਂ ਦੀ ਪਿੱਠ ਜਾਂ ਇੱਕ ਪਾਸੇ ਦੀ ਹੀ ਝਲ਼ਕ ਹੀ ਦੇਖ ਪਾਂਦੇ ਹਾਂ।”
ਲਗਭਗ 700 ਬਘਿਆੜਾਂ ਦੀ ਅਬਾਦੀ ਨਾਲ਼ ਮੱਧ ਪ੍ਰਦੇਸ਼ ਕਿਸੇ ਵੀ ਰਾਜ ਦੀ ਤੁਲਨਾ ਵਿੱਚ ਸਭ ਤੋਂ ਜ਼ਿਆਦਾ ਬਘਿਆੜ ਵਾਲ਼ਾ ਰਾਜ ਹੈ। ਇਸ ਦੇ ਬਾਵਜੂਦ,“ਇਸਨੂੰ ਕੈਮਰੇ ਵਿੱਚ ਕੈਦ ਕਰਨਾ ਜਾਂ ਆਪਣੀਆਂ ਅੱਖਾਂ ਨਾਲ਼ ਦੇਖਣਾ ਬਹੁਤ ਮੁਸ਼ਕਲ ਹੈ। ਮੈਂ ਤੁਹਾਨੂੰ ਦੱਸ ਰਿਹਾ ਹਾਂ, ਬਘਿਆੜ ਬਾਘ ਨਾਲ਼ੋਂ ਵੀ ਜ਼ਿਆਦਾ ਚਾਲਾਕ ਹੁੰਦੇ ਹਨ!” ਇਹ ਕਹਿਣਾ ਹੈ ਡਾ. ਅਨੀਰੁੱਧ ਮਜੂਮਦਾਰ ਦਾ। ਉਹ ਜਬਲਪੁਰ ਸਥਿਤ ਸਟੇਟ ਫੌਰੈਸਟ ਰਿਸਰਚ ਇੰਸਟੀਚਿਊਟ ਵਿੱਚ ਜੰਗਲੀ ਜੀਵ ਵਿਗਿਆਨੀ ਹਨ ਅਤੇ ਨੌਰਾਦੇਹੀ ਵਾਈਲਡਲਾਈਫ ਡਿਵੀਜ਼ਨ ਵਿੱਚ ਚਾਰ ਸਾਲ ਇੱਕ ਪ੍ਰੋਜੈਕਟ ਦੇ ਤਹਿਤ ਬਘਿਆੜ ਦੇ ਵਿਵਹਾਰ ਦਾ ਅਧਿਐਨ ਕਰ ਰਹੇ ਹਨ। ਇਸ ਪ੍ਰੋਜੈਕਟ ਦਾ ਨਾਮ ਹੈ: “ਇਕੋਲੌਜੀ ਆਫ਼ ਦਿ ਇੰਡੀਅਨ ਵੁਲਫ ਐਂਡ ਇਟਸ ਕੰਜਰਵੇਸ਼ਨ ਇਨ ਨੌਰਾਦੇਹੀ ਵਾਈਲਡਲਾਈਫ਼ ਡਿਵੀਜ਼ਨ।”













