ਟੇਂਪੂ ਮਾਂਝੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਉਸ ਅਪਰਾਧ ਦੀ ਸਜ਼ਾ ਕੱਟ ਰਹੇ ਹਨ ਜੋ ਉਨ੍ਹਾਂ ਕੀਤਾ ਹੀ ਨਹੀਂ।
ਪਰਿਵਾਰ ਦਾ ਕਹਿਣਾ ਹੈ ਕਿ ਜਹਾਨਾਬਾਦ ਕੋਰਟ ਵਿਖੇ ਮਾਮਲੇ ਦੀ ਸੁਣਵਾਈ ਦੌਰਾਨ ਪੁਲਿਸ ਨੇ ਕਥਿਤ ਤੌਰ 'ਤੇ ਉਨ੍ਹਾਂ ਦੇ ਘਰੋਂ ਜ਼ਬਤ ਸਮਾਨ ਨੂੰ ਬਤੌਰ ਸਬੂਤ ਪੇਸ਼ ਕੀਤਾ, ਪਰ ਇਸ ਗੱਲ ਦਾ ਕੋਈ ਸਬੂਤ ਨਹੀਂ ਦਿੱਤਾ ਗਿਆ ਕਿ ਪੇਸ਼ ਕੀਤਾ ਸਮਾਨ ਉਨ੍ਹਾਂ ਦੇ ਘਰੋਂ ਹੀ ਬਰਾਬਦ ਹੋਇਆ ਸੀ।
''ਉਹਨੂੰ ਝੂਠੇ ਕੇਸ ਵਿੱਚ ਫਸਾ ਦਿੱਤਾ ਗਿਐ,'' ਉਨ੍ਹਾਂ ਦੀ ਪਤਨੀ, 35 ਸਾਲਾ ਗੁਨਾ ਦੇਵੀ ਕਹਿੰਦੀ ਹਨ।
ਉਨ੍ਹਾਂ ਦੇ ਦਾਅਵੇ ਨੂੰ ਇਸ ਤੱਥ ਤੋਂ ਹਿੰਮਤ ਮਿਲ਼ਦੀ ਹੈ ਕਿ ਮਾਮਲੇ ਵਿੱਚ ਜਿਨ੍ਹਾਂ ਪੰਜ ਚਸ਼ਮਦੀਦ ਗਵਾਹਾਂ ਦੀ ਗਵਾਹੀ ਦੇਣ ਕਾਰਨ ਟੇਂਪੂ ਮਾਂਝੀ ਨੂੰ ਸਜ਼ਾ ਹੋਈ ਉਹ ਸਾਰੇ ਦੇ ਸਾਰੇ ਪੁਲਿਸ ਵਾਲ਼ੇ ਸਨ। ਟੇਂਪੂ ਖ਼ਿਲਾਫ਼ ਬਿਹਾਰ ਸ਼ਰਾਬੰਦੀ ਅਤੇ ਆਬਕਾਰੀ (ਸੋਧ) ਐਕਟ, 2016 ਤਹਿਤ ਦਰਜ ਕੀਤੇ ਗਏ ਇਸ ਮਾਮਲੇ ਵਿੱਚ, ਸੁਣਵਾਈ ਦੌਰਾਨ ਇੱਕ ਵੀ ਸੁਤੰਤਰ ਗਵਾਹ ਪੇਸ਼ ਨਹੀਂ ਕੀਤਾ ਗਿਆ।
ਗੁਨਾ ਦੇਵੀ ਕਹਿੰਦੀ ਹਨ,''ਦਾਰੂ ਤਾਂ ਘਰ ਦੇ ਮਗਰਲੇ ਖੇਤ ਵਿੱਚ ਮਿਲ਼ੀ ਸੀ। ਖੇਤ ਕਿਹਦਾ ਹੈ ਸਾਨੂੰ ਨਹੀਂ ਪਤਾ। ਅਸੀਂ ਪੁਲਿਸ ਵਾਲ਼ਿਆਂ ਨੂੰ ਕਿਹਾ ਸੀ ਕਿ ਫੜ੍ਹੀ ਗਈ ਸ਼ਰਾਬ ਨਾਲ਼ ਸਾਡਾ ਕੋਈ ਵਾਹ-ਵਾਸਤਾ ਨਹੀਂ।'' ਪਰ, ਉਨ੍ਹਾਂ ਦੇ ਬੋਲਾਂ ਦਾ ਪੁਲਿਸ 'ਤੇ ਕੋਈ ਅਸਰ ਨਾ ਹੋਇਆ। ਪੁਲਿਸ ਵਾਲ਼ਿਆਂ ਨੇ ਉਦੋਂ ਉਨ੍ਹਾਂ ਨੂੰ ਕਿਹਾ ਸੀ,''ਤੋਰਾ ਘਰ ਕੇ ਪੀਛੇ (ਦਾਰੂ) ਹੈ, ਤਾ ਤੋਰੇ ਨਾ ਹੋਤਉ (ਤੇਰੇ ਘਰ ਦੇ ਮਗਰ ਦਾਰੂ ਮਿਲ਼ੀ ਤੇ ਤੇਰੀ ਕਿਵੇਂ ਨਾ ਹੋਈ)।''
ਟੇਂਪੂ ਮਾਂਝੀ ਨੂੰ 2019 ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇਹਦੇ ਤਿੰਨ ਸਾਲ ਬਾਅਦ, 25 ਮਾਰਚ 2022 ਨੂੰ ਉਨ੍ਹਾਂ ਨੂੰ ਘਰੇ ਸ਼ਰਾਬ ਕੱਢਣ ਤੇ ਵੇਚਣ ਲਈ ਦੋਸ਼ੀ ਕਰਾਰ ਦਿੰਦਿਆਂ 5 ਸਾਲ ਦੀ ਸਜ਼ਾ ਸੁਣਾਈ ਗਈ ਸੀ ਤੇ ਇੱਕ ਲੱਖ ਰੁਪਏ ਦਾ ਜੁਰਮਾਨਾ ਵੀ ਠੋਕਿਆ ਗਿਆ ਸੀ।
ਟੇਂਪੂ ਮਾਂਝੀ ਅਤੇ ਗੁਨਾ ਦੇਵੀ ਆਪਣੇ ਚਾਰ ਬੱਚਿਆਂ ਨਾਲ਼ ਜਹਾਨਾਬਦ ਜ਼ਿਲ੍ਹੇ ਦੇ ਕੇਨਾਰੀ ਪਿੰਡ ਵਿਖੇ ਇੱਕ ਕਮਰੇ ਦੇ ਮਕਾਨ ਵਿੱਚ ਰਹਿੰਦੇ ਹਨ। ਇਹ ਪਰਿਵਾਰ ਮੁਸਾਹਰ ਭਾਈਚਾਰੇ ਨਾਲ਼ ਤਾਅਲੁੱਕ ਰੱਖਦਾ ਹੈ ਅਤੇ ਪਿੰਡ ਦੀ ਮੁਸਾਹਰ ਟੋਲੀ ਵਿੱਚ ਹੀ ਰਹਿੰਦਾ ਹੈ। ਸਾਲ 2019 ਵਿੱਚ 20 ਮਾਰਚ ਦੀ ਸਵੇਰ ਜਦੋਂ ਟੇਂਪੂ ਮਾਂਝੀ ਦੀ ਘਰੇ ਛਾਪੇਮਾਰੀ ਕੀਤੀ ਗਈ, ਉਦੋਂ ਉਹ ਘਰੇ ਨਹੀਂ ਸਨ। ਉਹ ਇੱਕ ਗੱਡੀ 'ਤੇ ਫ਼ਸਲ ਦੀ ਢੋਆ-ਢੁਆਈ ਕਰਿਆ ਕਰਦੇ ਸਨ ਤੇ ਸਵੇਰੇ ਸਾਜਰੇ ਹੀ ਕੰਮ ਲਈ ਨਿਕਲ਼ ਜਾਂਦੇ।












