ਮੇਰਾ ਘਰ ਇੰਦਰਾ ਕਾਲੋਨੀ ਨਾਮਕ ਇੱਕ ਆਦਿਵਾਸੀ ਪਿੰਡ ਵਿੱਚ ਹੈ। ਇੱਥੇ ਅੱਡੋ-ਅੱਡ ਭਾਈਚਾਰਿਆਂ ਦੇ ਕੁੱਲ 25 ਪਰਿਵਾਰ ਰਹਿੰਦੇ ਹਨ। ਸਾਡੇ ਪਿੰਡ ਵਿੱਚ ਪਾਣੀ ਦੀ ਇੱਕ ਟੈਂਕੀ ਅਤੇ ਇੱਕ ਪਖ਼ਾਨਾ (ਸਾਂਝਾ ਗ਼ੁਸਲ) ਬਣਿਆ ਹੋਇਆ ਹੈ ਤੇ ਪੀਣ ਦੇ ਪਾਣੀ ਵਾਸਤੇ ਖ਼ੂਹ ਹੈ।
ਪਿੰਡ ਦੇ ਕੁਝ ਲੋਕਾਂ ਕੋਲ਼ ਖੇਤੀਯੋਗ ਜ਼ਮੀਨ ਹੈ। ਇਸ 'ਤੇ ਉਹ ਝੋਨਾ, ਬੈਂਗਣ, ਮੱਕੀ, ਜੁਲਨਾ, ਭਿੰਡੀ, ਕਰੇਲਾ, ਕੱਦੂ ਤੋਂ ਇਲਾਵਾ ਕੋਲਥਾ (ਹਾਰਸ ਗ੍ਰਾਮ), ਕੰਡੁਲਾ (ਅਰਹਰ ਦਾਲ), ਮੂੰਗੀ ਜਿਹੀਆਂ ਦਾਲ਼ਾਂ ਉਗਾਉਂਦੇ ਹਨ। ਜ਼ਿਆਦਾਤਰ ਲੋਕ ਆਪਣੀ ਲੋੜ ਪੂਰੀ ਕਰਨ ਲਈ ਝੋਨਾ ਬੀਜਦੇ ਹਨ। ਝੋਨਾ ਦੀ ਕਾਸ਼ਤ ਮਾਨਸੂਨ ਦੇ ਮੌਸਮ ਵਿੱਚ ਹੁੰਦੀ ਹੈ।
ਵਾਢੀ ਦੌਰਾਨ ਅਸੀਂ ਆਪਣੀ ਖਪਤ ਜੋਗਾ ਝੋਨਾ ਰੱਖ ਕੇ, ਬਾਕੀ ਝੋਨੇ ਨੂੰ ਬਜ਼ਾਰ ਵੇਚ ਦਿੰਦੇ ਹਾਂ। ਉਪਜ ਵੇਚ ਕੇ ਸਾਨੂੰ ਜੋ ਵੀ ਪੈਸਾ ਮਿਲ਼ਦਾ ਹੈ ਉਸ ਵਿੱਚੋਂ ਖਾਦ ਦਾ ਖ਼ਰਚਾ ਤੇ ਹੋਰ ਲਾਗਤਾਂ ਕੱਢਣ ਤੋਂ ਬਾਅਦ ਜੋ ਕੁਝ ਬੱਚਦਾ ਹੈ ਉਹੀ ਸਾਡੀ ਕਮਾਈ ਹੁੰਦੀ ਹੈ।
ਸਾਡੇ ਪਿੰਡ ਦੇ ਕੁਝ ਘਰ ਫੂਸ ਦੇ ਬਣੇ ਹਨ। ਫੂਸ ਧੁੱਪ, ਮੀਂਹ ਤੇ ਸਰਦੀ ਤੋਂ ਸਾਡਾ ਬਚਾਅ ਕਰਦੀ ਹੈ। ਹਰ ਸਾਲ ਜਾਂ ਦੋ ਸਾਲ ਵਿੱਚ ਇੱਕ ਵਾਰੀਂ ਫੂਸ ਨੂੰ ਬਦਲਣਾ ਪੈਂਦਾ ਹੈ। ਘਰ ਦੀ ਮੁਰੰਮਤ ਵਿੱਚ ਅਸੀਂ ਅਗੁਲੀ ਘਾਹ, ਸਾਲੁਆ, ਬਾਂਸ, ਲਾਹੀ ਤੇ ਜੰਗਲੀ ਲੱਕੜ ਦਾ ਇਸਤੇਮਾਲ ਕਰਦੇ ਹਾਂ।








