ਮਿਨਾਤੀ ਮਾਰਡੀ ਦਾ ਆਲ਼ਾ-ਦੁਆਲ਼ਾ ਬਹੁਤ ਹੀ ਮਨਮੋਹਕ ਹੈ ਜਿੱਥੇ ਉਹ ਰਹਿੰਦੀ ਹੈ। ਅਜੋਏ ਨਦੀ ਉਸਦੇ ਘਰ ਦੇ ਬਿਲਕੁਲ ਨੇੜੇ ਵਗਦੀ ਹੈ ਅਤੇ ਘਰ ਦੇ ਇੱਕ ਪਾਸੇ ਛੱਪੜ ਹਨ ਜਿੱਥੇ ਕਮਲ ਦੇ ਫੁੱਲ ਖਿੜੇ ਹਨ ਤੇ ਇਹੀ ਛੱਪੜ ਉਹਦੇ ਘਰ ਤੇ ਰੇਲਵੇ ਟ੍ਰੈਕ ਨੂੰ ਅੱਡ ਕਰਦੇ ਹਨ, ਜਿੱਥੇ ਸੀਟੀ ਮਾਰਦੀ ਰੇਲ ਲੰਘਦੀ ਰਹਿੰਦੀ ਹੈ।
ਪਰ ਰੀੜ੍ਹ ਦੀ ਹੱਡੀ ਅਤੇ ਲੱਤਾਂ ਦੇ ਤਪਦਿਕ ਨਾਲ਼ ਪੈਦਾ ਹੋਈ ਇਹ ਬੱਚੀ ਜਦੋਂ ਪੰਜ ਸਾਲ ਦੀ ਹੋਈ ਤਾਂ ਤੁਰ ਨਹੀਂ ਸੀ ਪਾਉਂਦੀ ਤੇ ਬੱਸ ਦੂਰੋਂ ਹੀ ਹਰ ਸ਼ੈਅ ਨੂੰ ਮਾਣਿਆ ਕਰਦੀ। ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਦੇ ਮਹੁਲਾ ਪਿੰਡ ਦੀਆਂ ਗਲ਼ੀਆਂ ਵਿੱਚ ਤੁਰ ਕੇ ਸੁੰਦਰਤਾ ਮਾਣਨਾ ਉਹਦੇ ਲਈ ਇੱਕ ਸੁਪਨਾ ਹੀ ਸੀ।
"ਉਸ ਦੀ ਰੀੜ੍ਹ ਦੀ ਹੱਡੀ ਬੁਰੀ ਤਰ੍ਹਾਂ ਵਿਗਾੜ ਗਈ ਸੀ," ਉਸਦੀ ਦਾਦੀ, ਜਾਬਾ ਮਾਰਡੀ ਯਾਦ ਕਰਦੀ ਹੈ। "ਉਹ ਇੰਨੀ ਔਖੀ ਰਿਹਾ ਕਰਦੀ ਕਿ ਸਾਨੂੰ ਉਹਦੇ ਬਚਣ ਦੀ ਕੋਈ ਉਮੀਦ ਨਹੀਂ ਸੀ।''
ਸੰਥਾਲ ਲੋਕ ਰਾਜ ਦੀ ਆਦਿਵਾਸੀ ਆਬਾਦੀ ਦਾ ਲਗਭਗ ਅੱਧਾ ਹਿੱਸਾ ਹਨ ਅਤੇ ਉਹ ਜ਼ਿਆਦਾਤਰ ਪੇਂਡੂ ਖੇਤਰਾਂ ਵਿੱਚ ਰਹਿੰਦੇ ਹਨ। ਉਹ ਆਪਣੀਆਂ ਸਿਹਤ ਸਬੰਧੀ ਸਮੱਸਿਆਵਾਂ ਲਈ ਸਥਾਨਕ ਡਾਕਟਰਾਂ 'ਤੇ ਨਿਰਭਰ ਕਰਦੇ ਹਨ। ਜੇ ਗੱਲ ਕਰੀਏ ਸਿਹਤ ਸਹੂਲਤਾਂ ਦੀ ਤਾਂ ਸੂਬੇ (ਪੇਂਡੂ ਸਿਹਤ ਅੰਕੜੇ 2021-22) ਵਿੱਚ ਪ੍ਰਾਇਮਰੀ ਹੈਲਥ ਸੈਂਟਰਾਂ (ਪੀਐੱਚਸੀ) ਵਿੱਚ ਸਟਾਫ਼ ਦੀ ਘਾਟ ਬਹੁਤ ਜ਼ਿਆਦਾ ਹੈ।
ਜਦੋਂ ਮਿਨਾਤੀ ਨੂੰ ਸਾਹ ਦੀ ਗੰਭੀਰ ਦਿੱਕਤ ਹੋਣ ਲੱਗੀ ਉਹਦੇ ਮਾਪੇ ਉਹਨੂੰ ਲੋਕਲ ਡਾਕਟਰ ਕੋਲ਼ ਲੈ ਗਏ। ਉਹਨਾਂ ਨੂੰ ਇੰਨਾ ਵੀ ਨਹੀਂ ਸੀ ਪਤਾ ਡਾਕਟਰ ਪ੍ਰਮਾਣਿਕ ਵੀ ਸੀ ਜਾਂ ਨਹੀਂ। ਬੀਰਭੂਮ ਜ਼ਿਲ੍ਹੇ ਹੇਠ ਪੈਂਦੇ ਬੀਹੜ ਸਿਊੜੀ-1 ਬਲਾਕ ਵਿੱਚ ਰਹਿੰਦਿਆਂ ਇਹ ਜਾਣ ਸਕਣਾ ਵੀ ਇੱਕ ਅਸੰਭਵ ਕੰਮ ਹੈ। ਜਾਬਾ ਕਹਿੰਦੇ ਹਨ ਸਾਨੂੰ ਤਾਂ ਇਹ ਆਇਡਿਯਾ ਵੀ ਨਹੀਂ ਇੱਕ ਪੇਸ਼ੇਵਰ ਡਾਕਟਰ ਨੂੰ ਲੱਭਣਾ ਵੀ ਕਿੱਥੇ ਹੈ।


