ਗੰਗੂਬਾਈ ਪੀਣ ਵਾਲ਼ੇ ਪਾਣੀ ਦੇ ਇੱਕ ਕਤਰੇ ਲਈ ਹਾੜੇ ਕੱਢਦੀ ਰਹੀ। "ਸਰਕਾਰ! ਚੌਕੀਦਾਰ ਸਾਹਬ, ਰਤਾ ਕੁ ਪੀਣ ਲਈ ਪਾਣੀ ਹੀ ਦੇ ਦਿਓ। ਮੈਂ ਇੱਥੋਂ ਦੀ ਹੀ ਰਹਿਣ ਵਾਲ਼ੀ ਆਂ।"
ਪਰ ਹਾੜੇ ਕੱਢਣੇ, ਬੇਨਤੀਆਂ ਕਰਨੀਆਂ ਕਾਫ਼ੀ ਨਾ ਰਹੀਆਂ। ਗੰਗੂਬਾਈ ਨੂੰ ਉਨ੍ਹਾਂ ਨੂੰ ਯਕੀਨ ਦਿਵਾਉਣਾ ਪਿਆ, "ਪਾਣੀ ਪੀਣ ਲੱਗਿਆਂ ਮੈਂ ਤੁਹਾਡੇ ਕਿਸੇ ਵੀ ਭਾਂਡੇ ਨੂੰ ਹੱਥ ਤੱਕ ਨਹੀਂ ਲਾਊਂਗੀ।''
ਗੰਗੂਬਾਈ (ਬਦਲਿਆ ਨਾਮ) ਪਾਣੀ ਵਾਸਤੇ ਸਰਕਾਰੀ ਟੂਟੀਆਂ, ਚਾਹ ਦੇ ਖੋਖਿਆਂ ਤੇ ਵਿਆਹ ਹਾਲਾਂ 'ਤੇ ਨਿਰਭਰ ਰਹਿੰਦੀ ਹਨ। ਉਨ੍ਹਾਂ ਦਾ 'ਘਰ' ਫੁੱਟਪਾਥ 'ਤੇ ਹੈ ਇਸਲਈ ਉਨ੍ਹਾਂ ਨੂੰ ਜਦੋਂ ਵੀ ਪਾਣੀ ਦੀ ਲੋੜ ਹੋਵੇ, ਸਾਹਮਣੇ ਬਣੇ ਹੋਟਲ ਦੇ ਚੌਂਕੀਦਾਰ ਕੋਲ਼ ਤਰਲੇ ਮਾਰਨੇ ਪੈਂਦੇ ਹਨ। ਦਿਹਾੜੀ ਵਿੱਚ ਜਦੋਂ ਵੀ ਪਾਣੀ ਦੀ ਲੋੜ ਹੋਵੇ ਉਨ੍ਹਾਂ ਨੂੰ ਬਾਰ-ਬਾਰ ਹਰ ਵਾਰ ਤਰਲਿਆਂ, ਹਾੜਿਆਂ ਦਾ ਸਹਾਰਾ ਲੈਣਾ ਪੈਂਦਾ ਹੈ।
ਪਾਣੀ ਲੱਭਣਾ ਰੋਜ਼ ਦਾ ਇੱਕ ਕੰਮ ਹੈ ਤੇ ਜੇ ਪਾਣੀ ਲੱਭ ਵੀ ਜਾਵੇ ਤਾਂ ਜਾਤ ਦਾ ਕਲੰਕ ਉਨ੍ਹਾਂ ਨੂੰ ਪਾਣੀ ਦੇ ਭਾਂਡੇ ਕੋਲ਼ ਜਾਣ ਨਹੀਂ ਦਿੰਦਾ। ਉਹ ਫਾਂਸੇ ਪਾਰਧੀ ਕਬੀਲੇ ਨਾਲ਼ ਤਾਅਲੁੱਕ ਰੱਖਦੀ ਹਨ ਜੋ 'ਅਪਰਾਧਕ ਕਬੀਲੇ' ਵਜੋਂ ਸੂਚੀਬੱਧ ਹੈ। ਇਹ ਦਾਗ਼ ਜੋ ਬਸਤੀਵਾਦ ਦੇ ਦੌਰ ਦੌਰਾਨ ਲਾਇਆ ਗਿਆ ਸੀ ਅਤੇ 1952 ਆਉਂਦੇ-ਆਉਂਦੇ ਭਾਰਤੀ ਸਰਕਾਰ ਵੱਲੋਂ ਰੱਦ ਕੀਤਾ ਗਿਆ। ਅੱਜ 70 ਸਾਲ ਬੀਤ ਜਾਣ ਦੇ ਬਾਵਜੂਦ ਵੀ ਗੰਗੂਬਾਈ ਜਿਹੇ ਲੋਕਾਂ ਨੂੰ ਆਪਣੇ ਬੁਨਿਆਦੀ ਹਕੂਕਾਂ ਖ਼ਾਤਰ ਲੜਨਾ ਪੈਂਦਾ ਹੈ, ਦੂਸਰਿਆਂ ਨੂੰ ਯਕੀਨ ਦਵਾਉਣਾ ਪੈਂਦਾ ਹੈ ਕਿ ਉਹ ਚੋਰ ਨਹੀਂ ਹਨ, ਤਦ ਕਿਤੇ ਜਾ ਕੇ ਉਨ੍ਹਾਂ ਨੂੰ ਪਾਣੀ ਦੀ ਬਾਲਟੀ ਮਿਲ਼ਦੀ ਹੈ।
''ਪਾਣੀ ਵੀ ਸਿਰਫ਼ ਓਦੋਂ ਹੀ ਮਿਲ਼ਦਾ ਹੈ ਜਦੋਂ ਅਸੀਂ ਕਹੀਏ,'ਅਸੀਂ ਤੁਹਾਡੀ ਕਿਸੇ ਵੀ ਸ਼ੈਅ ਨੂੰ ਛੂਹਾਂਗੇ ਤੱਕ ਨਹੀਂ,' ਰੱਬ ਦਾ ਵਾਸਤਾ ਏ ਪਾਣੀ ਦੇ ਦਿਓ,'' ਗੰਗੂਬਾਈ ਆਪਣਾ ਦੁੱਖ ਦੱਸਦੀ ਹਨ। ਇੱਕ ਵਾਰ ਹਾਂ ਹੋਣ 'ਤੇ ਉਹ ਜਿੰਨਾ ਸੰਭਵ ਹੋ ਸਕੇ, ਛੋਟੇ ਤੋਂ ਛੋਟੇ ਭਾਂਡੇ, ਪਲਾਸਟਿਕ ਦੇ ਡਰੰਮ ਤੇ ਪਾਣੀ ਦੀਆਂ ਬੋਤਲਾਂ ਤੱਕ ਭਰ ਲੈਂਦੀ ਹਨ। ਜੇ ਕਿਸੇ ਹੋਟਲ ਤੋਂ ਮਨ੍ਹਾ ਹੋ ਜਾਵੇ ਤਾਂ ਉਹ ਅਗਲੇ ਹੋਟਲ ਜਾਂਦੀ ਹਨ, ਸਖ਼ਤ ਦਿਲ ਹੋਟਲ ਮਾਲਕਾਂ ਨੂੰ ਹਾੜੇ ਕੱਢਦੀ ਹੋਈ ਅੱਗੇ ਵੱਧਦੀ ਜਾਂਦੀ ਹਨ। ਹਰ ਰੋਜ਼ ਉਹ ਚਾਰ-ਪੰਜ ਥਾਓਂ ਪੁੱਛਦੀ ਹਨ ਫਿਰ ਕਿਤੇ ਜਾ ਕੇ ਕੋਈ ਇੱਕ ਹਾਂ ਕਹਿੰਦਾ ਹੈ ਤੇ ਉਨ੍ਹਾਂ ਦੇ ਘਰ ਚਲਾਉਣ, ਖਾਣਾ ਪਕਾਉਣ ਜੋਗਾ ਪਾਣੀ ਮਿਲ਼ਦਾ ਹੈ।
















