ਇੱਕ ਬਾਂਦਰ ਨੇ ਚੰਪਾ ਵੱਟੀ ਦੇ ਬੱਚੇ ਨੂੰ ਲਗਭਗ ਖੋਹ ਹੀ ਲਿਆ ਸੀ। ਉਹ ਆਪਣੇ ਪਿੰਡ ਰਾਜਪੁਰ ਦੇ ਨੇੜੇ ਜੰਗਲ ਵਿੱਚ ਗਈ ਸੀ, ਤਦ ਇਹ ਘਟਨਾ ਵਾਪਰੀ। ਇਸ ਮਾਂ ਨੇ ਆਪਣੇ ਬੱਚੇ ਨੂੰ ਆਪਣੀ ਪਿੱਠ 'ਤੇ ਬੰਨ੍ਹਿਆ ਹੋਇਆ ਸੀ ਅਤੇ ਹਫ਼ਤਾਵਰੀ ਹਾਟ ਵਿੱਚ ਵੇਚਣ ਲਈ ਜੰਗਲ ਤੋਂ ਮਹੂਆ ਅਤੇ ਸਾਲ ਦੇ ਬੀਜ ਚੁਗ ਰਹੀ ਸੀ।
ਉਹ ਚੇਤੇ ਕਰਦੀ ਹੈ,''ਕੰਮ ਕਰਦੇ ਵੇਲ਼ੇ ਮੈਂ ਉਸਨੂੰ ਕੁਝ ਸਮੇਂ ਲਈ ਭੁੰਜੇ ਲਿਟਾ ਦਿੱਤਾ ਸੀ ਅਤੇ ਵੇਖਿਆ ਇੱਕ ਬਾਂਦਰ ਮੇਰੇ ਬੱਚੇ ਨੂੰ ਖੋਹਣ ਦੀ ਕੋਸ਼ਿਸ਼ ਕਰ ਰਿਹਾ ਹੈ।'' ਇਸ ਤੋਂ ਬਾਅਦ ਉਹ ਜੰਗਲ ਜਾਣ 'ਤੇ ਬੱਚੇ ਦੀ ਸੁਰੱਖਿਆ ਨੂੰ ਲੈ ਫ਼ਿਕਰਮੰਦ ਰਹਿਣ ਲੱਗੀ।
ਪਰ ਹੁਣ ਉਨ੍ਹਾਂ ਨੂੰ ਆਪਣੇ ਬੱਚੇ ਨੂੰ ਜੰਗਲ ਨਾਲ਼ ਲਿਜਾਣ ਦੀ ਲੋੜ ਨਹੀਂ ਹੈ। ਛੱਤੀਸਗੜ੍ਹ ਦੇ ਪਿੰਡਾਂ ਦੇ ਬਾਲਾਂ ਅਤੇ ਛੋਟੇ ਬੱਚਿਆਂ ਦੀਆਂ ਚੰਪਾ ਵਰਗੀਆਂ ਮਾਵਾਂ ਆਪਣੇ ਬੱਚਿਆਂ ਨੂੰ ਨੇੜਲੇ ਕਿਸੇ ਬਾਲ-ਘਰ ਜਾਂ ਲਇਕਾ-ਘਰ ਵਿੱਚ ਛੱਡ ਸਕਦੀਆਂ ਹਨ ਅਤੇ ਦਿਨ ਵਿੱਚ ਜੀਵਿਕਾ ਕਮਾ ਸਕਦੀਆਂ ਹਨ। ਇਨ੍ਹਾਂ ਵਿੱਚ ਸੱਤ ਮਹੀਨੇ ਤੋਂ ਤਿੰਨ ਸਾਲ ਤੱਕ ਦੇ ਬੱਚਿਆਂ ਦੀ ਦੇਖਭਾਲ਼ ਕੀਤੀ ਜਾਂਦੀ ਹੈ।


















