ਬੀ. ਕਿਸਤਾ ਲੰਮੇ ਸਮੇਂ ਤੋਂ ਫਲਾਂ ਦੀ ਖੇਤੀ ਵਿੱਚ ਆਪਣੀ ਕਿਸਮਤ ਅਜਮਾਉਣਾ ਚਾਹੁੰਦੇ ਸਨ। “ਖੇਤ-ਮਜ਼ਦੂਰੀ ਕਰਕੇ ਮੈਂ ਕਿਸੇ ਵੀ ਹੀਲੇ ਆਪਣਾ ਕਰਜ਼ਾ ਨਹੀਂ ਸਾਂ ਲਾਹ ਸਕਦਾ,” ਉਹ ਕਹਿੰਦੇ ਹਨ। ਪਿਛਲੇ ਸਾਲ, ਉਨ੍ਹਾਂ ਨੇ ਇੱਕ ਪੁਲਾਂਘ ਭਰੀ ਅਤੇ ਚਾਰ ਏਕੜ ਜ਼ਮੀਨ ਪਟੇ 'ਤੇ ਲੈ ਲਈ। “ਮੈਂ 20,000 ਰੁਪਏ ਪ੍ਰਤੀ ਏਕੜ [ਸਲਾਨਾ] ਦੇ ਹਿਸਾਬ ਨਾਲ਼ ਚਾਰ ਏਕੜ ਦੇ ਪੈਸੇ ਚੁਕਾਏ,” ਬੋਦਿਗਨਿਦੋਡੀ ਪਿੰਡ ਦੇ ਵਾਸੀ ਕਿਸਤਾ ਕਹਿੰਦੇ ਹਨ। “ਮੈਂ ਆਪਣੀ ਧੀ ਅਤੇ ਪੁੱਤ ਦੇ ਵਿਆਹ ਲਈ ਤਿੰਨ ਸਾਲਾਂ ਵਿੱਚ ਚੁੱਕੇ ਕਰਜੇ ਨੂੰ ਲਾਹੁਣ ਦੀ ਉਮੀਦ ਨਾਲ਼ ਖੇਤੀ ਸ਼ੁਰੂ ਕੀਤੀ।”
ਪਰ ਮਾਰਚ ਦੇ ਅੰਤ 'ਚ ਤਾਲਾਬੰਦੀ ਸ਼ੁਰੂ ਹੋਣ ਤੋਂ ਕੁਝ ਹਫ਼ਤੇ ਪਹਿਲਾਂ, ਅਨੰਤਪੁਰ ਜ਼ਿਲ੍ਹੇ ਦੇ ਬੁੱਕਰਾਯਾਸਮੁਦ੍ਰਮ ਮੰਡਲ ਦੇ ਆਪਣੇ ਪਿੰਡ ਅਤੇ ਹੋਰ ਪਿੰਡਾਂ ਵਿੱਚ ਚੱਲੀਆਂ ਤੇਜ਼ ਹਵਾਵਾਂ ਅਤੇ ਖ਼ਰਾਬ ਮੌਸਮ ਕਾਰਨ ਉਨ੍ਹਾਂ ਨੇ ਕੇਲੇ (ਅਤੇ ਤਰਬੂਜ਼) ਦੇ 50 ਟਨ ਦੀ ਫ਼ਸਲ ਦਾ ਲਗਭਗ ਅੱਧਾ ਹਿੱਸਾ ਗੁਆ ਲਿਆ। ਫਲ ਵੇਚ ਕੇ ਉਨ੍ਹਾਂ ਨੇ ਮੁਸ਼ਕਲ ਨਾਲ਼ 1 ਲੱਖ ਰੁਪਏ ਕਮਾਏ ਤੇ ਨੁਕਸਾਨ ਲਗਭਗ 4 ਲੱਖ ਰੁਪਏ ਦਾ ਹੋਇਆ। ਉਨ੍ਹਾਂ ਆਪਣੇ ਪਿਛਲੇ ਕਰਜੇ ਤਾਂ ਕੀ ਚੁਕਾਉਣੇ ਸਨ, ਉੱਤੋਂ ਸ਼ਾਹੂਕਾਰਾਂ ਦੀ 3.5 ਲੱਖ ਰੁਪਏ ਦੀ ਜੋ ਬਕਾਇਆ ਰਕਮ ਸੀ, ਉਹ ਵੱਧ ਕੇ 7.5 ਲੱਖ ਰੁਪਏ ਹੋ ਗਈ।
ਅਨੰਤਪੁਰ ਦੇ ਕਿਸਾਨਾਂ ਨੂੰ 2019 ਵਿੱਚ ਚੰਗੇ ਮਾਨਸੂਨ ਨਾਲ਼ ਲਾਭ ਹੋਇਆ ਸੀ। ਕਿਸਤਾ ਵਾਂਗ ਉਹ ਸਾਰੇ ਵੀ ਇਸ ਸਾਲ ਰਬੀ ਦੀ ਵਧੀਆ ਫ਼ਸਲ ਹੋਣ ਕਾਰਨ ਚੰਗੀ ਕਮਾਈ ਦੀ ਉਮੀਦ ਲਾਈ ਬੈਠੇ ਸਨ। ਕੇਲੇ ਦੇ ਕਿਸਾਨਾਂ ਨੂੰ ਇਸ ਦੀ 8,000 ਰੁਪਏ ਪ੍ਰਤੀ ਟਨ ਕੀਮਤ ਮਿਲ਼ਣ ਦਾ ਅਨੁਮਾਨ ਸੀ।
ਫਿਰ 25 ਮਾਰਚ ਨੂੰ ਤਾਲਾਬੰਦੀ ਲੱਗ ਗਈ, ਇਹ ਸਮਾਂ ਰਬੀ ਮੌਸਮ ਦੇ ਅੰਤ ਦਾ ਸੀ। ਮੰਡੀ ਦੀ ਅਨਿਸ਼ਚਿਤਤਾ ਕਾਰਨ ਵਪਾਰੀ ਉਪਜ ਖਰੀਦਣ ਤੋਂ ਝਿਜਕਣ ਲੱਗੇ। ਖੇਤੀ ਕਰਨ ਵਾਲ਼ਿਆਂ 'ਤੇ ਬੁਰਾ ਪ੍ਰਭਾਵ ਪੈਣ ਲੱਗਿਆ, ਰਬੀ ਮੌਸਮ ਦੌਰਾਨ ਅਪ੍ਰੈਲ ਤੱਕ ਹਰ ਦੋ ਹਫ਼ਤਿਆਂ ਵਿੱਚ ਕੇਲੇ ਦੀ ਕਟਾਈ ਹੁੰਦੀ ਹੈ ਅਤੇ ਹਰ ਗੇੜ੍ਹ ਪ੍ਰਭਾਵਿਤ ਹੁੰਦਾ ਚਲਾ ਗਿਆ।
ਜਿਨ੍ਹਾ ਲੋਕਾਂ ਨੂੰ ਨੁਕਸਾਨ ਹੋਇਆ ਹੈ, ਉਨ੍ਹਾਂ ਵਿੱਚ ਬੁੱਕਰਾਯਾਸਮੁਦ੍ਰਮ ਪਿੰਡ ਦੇ ਜੀ ਸੁਬਰਮਣੀਅਮ ਵੀ ਹਨ। ਉਨ੍ਹਾਂ ਨੇ 3.5 ਏਕੜ ਵਿੱਚ ਕੇਲੇ ਲਗਾਏ ਸਨ, ਜਿਸ 'ਤੇ ਉਨ੍ਹਾਂ ਨੂੰ ਲਗਭਗ 3.5 ਲੱਖ ਰੁਪਏ ਖਰਚ ਕਰਨੇ ਪਏ। ਅਪ੍ਰੈਲ ਵਿੱਚ, ਉਨ੍ਹਾਂ ਨੇ 70 ਟਨ ਦੀ ਕੱਟੀ ਫ਼ਸਲ ਸਿਰਫ਼ 1,500 ਰੁਪਏ ਪ੍ਰਤੀ ਟਨ ਦੇ ਮੁੱਲ 'ਤੇ ਥੋਕ ਵਪਾਰੀਆਂ ਨੂੰ ਵੇਚ ਦਿੱਤੀ ਜੋ ਪਿੰਡ ਵਿੱਚ ਆਏ ਸਨ। ਉਸ ਮਹੀਨੇ, 8-9 ਟਨ ਕੇਲੇ ਸਿਰਫ਼ 5,000 ਰੁਪਏ ਵਿੱਚ ਖਰੀਦ ਕੇ ਟਰੱਕ 'ਤੇ ਲੱਦੇ ਜਾ ਰਹੇ ਸਨ ਜੋ ਕਿ ਕਿਸਾਨਾਂ ਦੁਆਰਾ ਪ੍ਰਤੀ ਟਨ ਦੀ ਕਿਆਸੀ ਕੀਮਤ ਤੋਂ 3,000 ਰੁਪਏ ਘੱਟ ਸੀ।






