ਕਾਲ਼ੂ ਦਾਸ ਨੇ ਆਪਣੇ ਬੋਰੇ ਵਿੱਚੋਂ ਬਚੇ ਕਾਗ਼ਜ਼ਾਂ ਨੂੰ ਬਾਹਰ ਕੱਢਦਿਆਂ ਕਿਹਾ,''ਮੈਂ ਅੱਜ ਇਕੱਠਾ ਕੀਤਾ ਸਾਰਾ ਕੁਝ ਛਾਂਟ ਲਿਆ ਹੈ। ਉਹ (ਕਬਾੜ ਵਾਲ਼ੇ) ਇਹ ਚੀਜ਼ਾਂ ਖ਼ਰੀਦ ਲੈਣਗੇ, ਉਨ੍ਹਾਂ ਨੂੰ ਤੋਲਣਗੇ ਤੇ ਮੈਨੂੰ ਪੈਸੇ ਦੇ ਦੇਣਗੇ। ਉਹਦੇ ਬਾਅਦ, ਜੇ ਮੈਨੂੰ ਸਮੇਂ-ਸਿਰ ਸਵਾਰੀ ਗੱਡੀ ਮਿਲ਼ ਗਈ ਤਾਂ ਮੈਂ ਚਾਨਣੇ-ਚਾਨਣੇ ਤੱਕ ਘਰ ਪਹੁੰਚ ਜਾਊਂਗਾ।''
ਮਹੀਨਿਆਂ ਬਾਅਦ ਸਤੰਬਰ ਦੀ ਸ਼ੁਰੂਆਤ ਵਿੱਚ, ਦੂਜੇ ਹਫ਼ਤੇ ਦੇ ਅਖ਼ੀਰ ਵਿੱਚ, 60 ਸਾਲਾ ਦਾਸ ਨੇ ਮੋਢੇ 'ਤੇ ਖਾਲੀ ਚਿੱਟਾ ਬੋਰਾ ਲਮਕਾਈ, ਸਾਂਝਾ ਟੋਟੋ (ਆਟੋ) ਅਤੇ ਬੱਸ ਰਾਹੀਂ ਦੱਖਣ 24 ਪਰਗਨਾ ਜ਼ਿਲ੍ਹੇ ਵਿਖੇ ਆਪਣੇ ਪਿੰਡ ਹਸਨਪੁਰ ਤੋਂ ਕਰੀਬ 28 ਕਿਲੋਮੀਟਰ ਦੂਰ, ਕੋਲ਼ਕਾਤਾ ਦੀ ਯਾਤਰਾ ਕੀਤੀ ਸੀ।
ਦਾਸ, ਦੱਖਣ-ਪੂਰਬੀ ਕੋਲ਼ਕਾਤਾ ਦੇ ਅੱਡ-ਅੱਡ ਇਲਾਕਿਆਂ ਤੋਂ, 25 ਸਾਲ ਤੋਂ ਕਬਾੜ ਇਕੱਠਾ ਕਰਨ ਦਾ ਕੰਮ ਕਰ ਰਹੇ ਹਨ। ਕਬਾੜੀਆ ਬਣਨ ਤੋਂ ਪਹਿਲਾਂ, ਉਹ ਸ਼ਹਿਰ ਦੀ ਇੱਕ ਫ਼ਿਲਮ ਵਿਤਰਣ ਕੰਪਨੀ ਵਾਸਤੇ ਕੰਮ ਕਰਦੇ ਸਨ। ਉਹ ਕਹਿੰਦੇ ਹਨ,''ਮੈਂ ਨੈਪਚਯੂਨ ਪਿਕਚਰਸ ਪ੍ਰਾਈਵੇਟ ਲਿਮਿਟਡ ਲਈ ਫ਼ਿਲਮ ਦੀ ਰੀਲ ਪਹੁੰਚਾਇਆ ਕਰਦਾ ਸਾਂ। ਆਰਡਰ (35 ਮਿਮੀ ਦੇ ਰੀਲ ਵਾਸਤੇ) ਬੰਬੇ, ਦਿੱਲੀ, ਮਦਰਾਸ ਤੋਂ ਆਉਂਦੇ ਸਨ। ਵੱਡੇ-ਵੱਡੇ ਬਕਸਿਆਂ ਵਿੱਚ ਆਈਆਂ ਰੀਲਾਂ ਨੂੰ ਮੈਂ ਹਾਵੜਾ ਲੈ ਜਾਂਦਾ, ਉਨ੍ਹਾਂ ਦਾ ਭਾਰ ਤੋਲਦਾ ਤੇ ਫਿਰ ਵਿਤਰਣ ਲਈ ਅੱਗੇ ਤੋਰ ਦਿੰਦਾ ਸੀ।''
ਕੰਪਨੀ ਬੰਦ ਹੋਣ ਤੋਂ ਬਾਅਦ, ਦਾਸ ਬੇਰੁਜ਼ਗਾਰ ਹੋ ਗਿਆ। ਉਸ ਸਮੇਂ ਉਹ ਦੱਖਣੀ ਕੋਲ਼ਕਾਤਾ ਦੇ ਬੋਸਪੁਕੁਰ ਇਲਾਕੇ 'ਚ ਕਿਰਾਏ ਦੇ ਮਕਾਨ 'ਚ ਰਹਿੰਦੇ ਸਨ। ਉਨ੍ਹਾਂ ਦੇ ਗੁਆਂਢੀ ਨੇ ਉਨ੍ਹਾਂ ਨੂੰ ਰੀਸਾਈਕਲਿੰਗ ਦੇ ਕਾਰੋਬਾਰ ਤੋਂ ਜਾਣੂ ਕਰਵਾਇਆ। "ਜਦੋਂ ਮੈਂ ਆਪਣੀ ਨੌਕਰੀ ਗੁਆ ਦਿੱਤੀ, ਤਾਂ ਉਸਨੇ ਮੈਨੂੰ ਆਪਣੇ ਕੰਮ ਵਿੱਚ ਸ਼ਾਮਲ ਹੋਣ ਲਈ ਕਿਹਾ। ਉਹਨੇ ਕਿਹਾ,'ਮੈਂ ਤੁਹਾਨੂੰ ਦਿਹਾੜੀ ਦੇ 25 ਰੁਪਏ ਦੇਵਾਂਗਾ। ਤੂੰ ਸਵੇਰੇ 8 ਵਜੇ ਘਰੋਂ ਜਾਵੇਂਗਾ ਤੇ ਦੁਪਹਿਰ ਤੱਕ ਘਰ ਮੁੜ ਆਇਆ ਕਰੇਂਗਾ। ਤੈਨੂੰ ਮੇਰੇ ਨਾਲ਼ ਸਮਾਨ ਲੈ ਕੇ ਜਾਣਾ ਪਿਆ ਕਰੇਗਾ। ਅਸੀਂ ਇਕੱਠੇ ਚਾਹ ਪੀਆ ਕਰਾਂਗੇ। ਮੈਂ ਰਾਜ਼ੀ ਹੋ ਗਿਆ। ਮੈਂ ਉਸ ਤੋਂ ਇਹ ਕੰਮ ਸਿੱਖਿਆ। ਜਿਵੇਂ ਕੋਈ ਮਾਸਟਰ ਆਪਣੇ ਵਿਦਿਆਰਥੀਆਂ ਨੂੰ ਸਿਖਾਉਂਦਾ ਹੈ। ਉਹ ਮੇਰੇ ਗੁਰੂ ਸਨ'।''








