“ਜੇ ਸਾਡੇ ਭਾਈਚਾਰੇ ਵਿੱਚ ਕੋਈ ਬਾਂਸ ਤੋਂ ਪਰਾ (ਚੀਜ਼ਾਂ ਸੁਕਾਉਣ ਵਾਲ਼ੀ ਚਪਟੀ ਥਾਲ਼ੀ) ਜਾਂ ਸੂਪਾ (ਛੱਜ) ਬਣਾਉਂਦਾ ਹੈ, ਤਾਂ ਉਨ੍ਹਾਂ ਨੂੰ ਦੂਜੇ ਸਮੂਹ ਨੂੰ ਅਨਾਜ ਅਤੇ ਪੈਸਿਆਂ ਦੇ ਰੂਪ ਵਿੱਚ ਜੁਰਮਾਨਾ ਦੇਣਾ ਪਵੇਗਾ।” ਮੰਗਲੀ ਬਾਈ ਬੈਗਾ ਆਦਿਵਾਸੀ ਭਾਈਚਾਰੇ ਦੇ ਉਪ-ਸਮੂਹ ਜਿਵੇਂ ਕਿ ਬਿੰਝਵਾਰ, ਨਾਹਰ, ਨਰੋਟੀਆ, ਭਰੋਟੀਆ, ਰਾਇ ਮੈਨਾ ਅਤੇ ਕਾਠ ਮੈਨਾ ਦੇ ਰੋਜ਼ੀ-ਰੋਟੀ ਦੇ ਉਨ੍ਹਾਂ ਨਿਯਮਾਂ ਬਾਰੇ ਦੱਸ ਰਹੀ ਹੈ, ਜਿਨ੍ਹਾਂ ਦਾ ਉਹ ਪਾਲਣ ਕਰਦੇ ਹਨ। ਮੱਧ ਪ੍ਰਦੇਸ਼ ਵਿੱਚ ਬੈਗਾ ਲੋਕ ਖ਼ਾਸ ਤੌਰ 'ਤੇ ਕਮਜ਼ੋਰ ਆਦਿਵਾਸੀ ਸਮੂਹਾਂ ਵਿੱਚ ਸ਼ਾਮਲ ਹਨ। ਉਹ ਕਹਿੰਦੀ ਹੈ,“ਹਰ ਭਾਈਚਾਰਾ ਬਾਂਸ ਤੋਂ ਵੱਖੋ-ਵੱਖ ਚੀਜ਼ਾਂ ਬਣਾਉਂਦਾ ਹੈ।”
ਉਹ ਖ਼ੁਦ ਬਿੰਝਵਾਰ ਬੈਗਾ ਆਦਿਵਾਸੀ ਹਨ, ਜੋ ਬਾਲਾਘਾਟ ਜ਼ਿਲ੍ਹੇ ਦੇ ਨਾਟਾ ਪਿੰਡ ਵਿੱਚ 10-12 ਆਦਿਵਾਸੀ ਪਰਿਵਾਰਾਂ ਦੀ ਬਸਤੀ ਪੰਡਾ ਟੋਲਾ ਵਿੱਚ ਰਹਿੰਦੇ ਹਨ। ਸ਼ੁੱਕਰਵਾਰ ਦੀ ਸਵੇਰ ਹੈ ਅਤੇ ਮੰਗਲੀ ਬਾਈ ਭਾਈਚਾਰੇ ਦੇ ਹੋਰ ਲੋਕਾਂ ਦੇ ਨਾਲ਼ ਬਾਂਸ ਲਿਆਉਣ ਲਈ ਮਲਧਰ ਪਿੰਡ ਦੇ ਨੇੜੇ ਪੈਂਦੇ ਜੰਗਲ ਵੱਲ ਜਾ ਰਹੀ ਹੈ। ਸਵੇਰ ਦੇ 4 ਵਜੇ ਤੋਂ ਥੋੜ੍ਹਾ ਬਾਅਦ ਦਾ ਸਮਾਂ ਹੈ। ਸੂਰਜ ਅਜੇ ਨਹੀਂ ਉੱਗਿਆ। ਉਹ ਮੇਰੇ ਨਾਲ਼ ਆਉਣ ਦਾ ਇੰਤਜ਼ਾਰ ਕਰ ਰਹੇ ਸਨ।
ਰਸਤੇ ਵਿੱਚ ਉਹ ਆਪਣੇ ਖਾਣੇ ਦੇ ਡੱਬੇ ਇੱਕ ਸੁੱਕੀ ਨਦੀ ਦੇ ਕੰਢੇ ਲੁਕਾ ਦਿੰਦੇ ਹਨ ਅਤੇ ਸਿਰਫ਼ ਪਾਣੀ ਦੀ ਬੋਤਲ ਅਤੇ ਇੱਕ ਕੁਹਾੜੀ ਲੈ ਕੇ ਨਿਕਲ਼ ਪੈਂਦੇ ਹਨ। ਮੰਗਲੀ ਬਾਈ ਦੇ ਮੁਤਾਬਕ,“ਇਹ ਬੋਝ ਘਟਾਉਣ ਦਾ ਸਾਡਾ ਤਰੀਕਾ ਹੈ।” ਦੁਪਹਿਰ ਦੇ ਬਾਅਦ ਉਹ ਪੰਡਾ ਟੋਲੇ ਵੱਲ ਨੂੰ ਵਾਪਸੀ ਕਰਦਿਆਂ ਅੱਠ ਤੋਂ ਦਸ ਕਿਲੋਮੀਟਰ ਫਿਰ ਪੈਦਲ ਚੱਲਣਗੇ ਅਤੇ ਉਨ੍ਹਾਂ ਦੇ ਸਿਰਾਂ 'ਤੇ ਲਗਭਗ 25 ਕਿਲੋ ਭਾਰੇ ਬਾਂਸ ਦੇ ਚੁੱਕੇ ਹੋਣਗੇ।






































