“ਦਿਲ ਲਾ ਕੇ ਪੜ੍ਹ। ਤੂੰ ਆਪਣੇ ਭਾਈਚਾਰੇ ਦੇ ਹੋਰ ਬੱਚਿਆਂ ਲਈ ਪ੍ਰੇਰਣਾਸਰੋਤ ਬਣ ਸਕਦਾ ਏਂ।”
ਮੈਂ 9ਵੀਂ ਜਮਾਤ ’ਚ ਹੋਵਾਂਗਾ ਜਦ ਸਾਰੀ ਕਲਾਸ ਦੇ ਸਾਹਮਣੇ ਜੀਤੇਂਦਰ ਸ਼ਰਮਾ ਸਰ ਨੇ ਮੈਨੂੰ ਇਹ ਸ਼ਬਦ ਕਹੇ। ਮੈਂ ਐਨਾ ਹੈਰਾਨ ਹੋਇਆ ਕਿ ਉਸ ਵੇਲੇ ਕੁਝ ਵੀ ਬੋਲ ਨਾ ਸਕਿਆ। ਪਹਿਲੀ ਵਾਰ ਸੀ ਕਿ ਮੇਰੇ ’ਤੇ, ਮੁਸਾਹਰ ਲੜਕੇ 'ਤੇ, ਕਿਸੇ ਨੇ ਐਨਾ ਭਰੋਸਾ ਜਤਾਇਆ ਸੀ। ਘਰ ਜਾਣ ਵੇਲੇ ਵੀ ਉਹਨਾਂ ਦੇ ਸ਼ਬਦ ਮੇਰੇ ਦਿਮਾਗ ਵਿੱਚ ਗੂੰਜਦੇ ਰਹੇ। “ਤੂੰ ਪ੍ਰੇਰਣਾਸਰੋਤ ਬਣ ਸਕਦਾ ਏਂ…” ਮੈਂ ਆਪਣੇ ਬਾਰੇ ਕਦੇ ਐਵੇਂ ਨਹੀਂ ਸੀ ਸੋਚਿਆ।
ਉਸ ਦਿਨ ਮੈਂ ਪਹਿਲੀ ਵਾਰ ਇਹ ਸਮਝਿਆ ਕਿ ਮੇਰੀ ਪੜ੍ਹਾਈ ਸਿਰਫ਼਼ ਮੇਰੇ ਬਾਰੇ ਨਹੀਂ ਸੀ। ਇਸ ਨਾਲ਼ ਮੇਰੇ ਵਰਗੇ ਹੋਰਾਂ ਨੂੰ ਵੀ ਪੜ੍ਹਨ ਲਈ ਹੌਂਸਲਾ ਮਿਲ਼ ਸਕਦਾ ਹੈ। ਮੈਂ ਹੋਰ ਮਿਹਨਤ ਕਰਨ ਲੱਗ ਪਿਆ। ਜਦ ਵੀ ਹਾਲਾਤ ਖਰਾਬ ਹੁੰਦੇ, ਮੈਂ ਸ਼ਰਮਾ ਸਰ ਦੀ ਗੱਲ ਯਾਦ ਕਰਕੇ ਦ੍ਰਿੜ੍ਹ ਹੋ ਜਾਂਦਾ। ਇੱਕ ਅਧਿਆਪਕ ਦੇ ਕਹੇ ਸ਼ਬਦ ਕਿੰਨੀ ਦੂਰ ਤੱਕ ਜਾ ਸਕਦੇ ਨੇ! ਇਹਦੇ ਨਾਲ਼ ਕਿੰਨਾ ਫ਼ਰਕ ਪੈਂਦਾ ਹੈ! ਮੈਂ ਸਮਝ ਪਾ ਰਿਹਾਂ ਕਿ ਸ਼ਰਮਾ ਸਰ ਸਿਰਫ਼਼ ਗਣਿਤ ਪੜ੍ਹਾਉਣਾ ਨਹੀਂ ਸਨ ਜਾਣਦੇ, ਸਗੋਂ ਆਪਣੇ ਵਿਦਿਆਰਥੀਆਂ ਦੇ ਅੰਦਰ ਲੁਕੀ ਸਮੱਰਥਾ ਨੂੰ ਸਮਝਣਾ ਵੀ ਜਾਣਦੇ ਸੀ।
ਅਧਿਆਪਕ ਤੁਹਾਨੂੰ ਸਿਰਫ਼਼ ਕਿਤਾਬਾਂ ਪੜ੍ਹਨਾ ਨਹੀਂ ਸਿਖਾਉਂਦਾ, ਸਗੋਂ ਇੱਕ ਚੰਗਾ ਅਧਿਆਪਕ ਤੁਹਾਨੂੰ ਤੁਹਾਡੇ ਸੁਪਨੇ ਪੜ੍ਹਨਾ ਸਿਖਾਉਂਦਾ ਹੈ।
ਮੈਂ ਆਸ਼ੀਸ਼ ਨੰਦ, 25 ਸਾਲ ਉਮਰ, ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਜ਼ਿਲ੍ਹੇ ਦੇ ਮਝਵਾ ਪਿੰਡ ਦਾ ਰਹਿਣ ਵਾਲ਼ਾ ਹਾਂ। ਅਸੀਂ ਮੁਸਾਹਰ ਹਾਂ। ਲੋਕ ਸਾਡੇ ਭਾਈਚਾਰੇ ਬਾਰੇ ਬਹੁਤ ਗੱਲਾਂ ਸੁਣਦੇ ਨੇ, ਪਰ ਸਾਨੂੰ ਘੱਟ-ਵੱਧ ਹੀ ਸਮਝਦੇ ਨੇ। ਮੁਸਾਹਰ ਸ਼ਬਦ ਉਹਨਾਂ ਦੇ ਮਨਾਂ ਵਿੱਚ ਗ਼ਰੀਬੀ, ਸਰੀਰਕ ਮਿਹਨਤ, ਅਤੇ ਵਾਂਝੇਪਣ ਦੀ ਤਸਵੀਰ ਉਭਾਰਦਾ ਹੈ। ਮੈਨੂੰ ਯਕੀਨ ਹੈ ਕਿ ਇਸ ਵਿੱਚ ਕੁਝ ਸੱਚਾਈ ਹੈ। ਪੀੜ੍ਹੀਆਂ ਤੱਕ ਅਸੀਂ ਸਮਾਜ ਦੇ ਸਭ ਤੋਂ ਦੱਬੇ-ਕੁਚਲੇ ਲੋਕਾਂ ਵਿੱਚ ਰਹੇ ਹਾਂ। ਉੱਤਰ ਪ੍ਰਦੇਸ਼ ਵਿੱਚ ਸਾਨੂੰ ਪਛੜੀਆਂ ਜਾਤੀਆਂ ਦੀ ਸੂਚੀ ਵਿੱਚ ਰੱਖਿਆ ਜਾਂਦਾ ਹੈ। ਸਾਡੇ ਪੁਰਖਿਆਂ ਕੋਲ਼ ਨਾ ਜ਼ਮੀਨ ਸੀ, ਨਾ ਪੱਕੇ ਰੁਜ਼ਗਾਰ ਤੇ ਨਾ ਹੀ ਆਮਦਨੀ। ਅਸੀਂ ਦਲਿਤ ਹਾਂ। ਸਿੱਖਿਆ ਕਦੇ ਸਾਡਾ ਵਿਸ਼ੇਸ਼ ਅਧਿਕਾਰ ਨਹੀਂ ਰਹੀ। ਪਿੰਡ ਦੇ ਕੁਝ ਗ਼ਰੀਬ ਬਾਹਮਣਾਂ ਤੋਂ ਉਲਟ, ਇਹ ਕਦੇ ਵੀ ਸਾਡੀ ਜ਼ਿੰਦਗੀ ਦਾ ਹਿੱਸਾ ਨਹੀਂ ਰਹੀ।










