ਲਤਾਬਾਈ ਨੂੰ ਹਫ਼ਤੇ ਵਿੱਚ ਇੱਕ ਦਿਨ ਦੀ ਵੀ ਛੁੱਟੀ ਨਹੀਂ ਮਿਲ਼ਦੀ। ਉਹ ਰੋਜ਼ਾਨਾ ਕੰਮ ਕਰਦੇ ਹਨ। ਜੇ ਕਿਤੇ ਬਿਮਾਰੀ ਦੀ ਹਾਲਤ ਵਿੱਚ ਛੁੱਟੀ ਲੈ ਵੀ ਲੈਣ ਤਾਂ ਜਿਸ ਕੰਪਨੀ ਲਈ ਉਹ ਕੰਮ ਕਰਦੇ ਹਨ, ਰੋਜ਼ਾਨਾ 500 ਰੁਪਏ ਦਾ ਜੁਰਮਾਨਾ ਲਗਾਉਂਦੀ ਹੈ।
ਅਤੇ ਲਤਾਬਾਈ ਲਾਤੂਰ ਸ਼ਹਿਰ ਦੀ ਪੁਰਸਕਾਰ ਵਿਜੇਤਾ ਕੂੜਾ ਇਕੱਠਾ ਕਰਨ ਵਾਲ਼ੀ ਹੈ।
“ਮੈਂ ਲਾਤੂਰ ਸ਼ਹਿਰ ਦੀ ਇਕਲੌਤੀ ਔਰਤ ਡਰਾਈਵਰ ਹਾਂ। ਸਾਲ 2011 ਵਿੱਚ ਮੈਨੂੰ ਅਲਾਟ ਹੋਏ ਰਿਹਾਇਸ਼ੀ ਇਲਾਕਿਆਂ ਨੂੰ ਸਾਫ਼ ਰੱਖਣ ਲਈ ਸਾਡੇ ਐਮ. ਐਲ. ਏ. ਅਮਿਤ ਦੇਸ਼ਮੁਖ ਜੀ ਪਾਸੋਂ ਲਾਤੂਰ ਭੂਸ਼ਨ ਸਨਮਾਨ ਪ੍ਰਾਪਤ ਹੋਇਆ,” ਉਹਨਾਂ ਨੇ ਪਾਰੀ ਨੂੰ ਦੱਸਿਆ।
“ਨਗਰ ਨਿਗਮ ਦੇ ਅਫ਼ਸਰਾਂ ਨੇ ਮੇਰੇ ਇਲਾਕੇ ਦਾ ਦੌਰਾ ਕੀਤਾ ਅਤੇ ਉਹਨਾਂ ਨੂੰ ਕੋਈ ਸੁੱਕਾ ਜਾਂ ਗਿੱਲਾ ਕਚਰਾ ਦਿਖਾਈ ਨਹੀਂ ਦਿੱਤਾ। ਇੰਨੇ ਵੱਡੇ ਇਕੱਠ ਅਤੇ ਮੰਤਰੀਆਂ ਅਤੇ ਮੰਨੀਆਂ-ਪ੍ਰਮੰਨੀਆਂ ਸ਼ਖਸ਼ੀਅਤਾਂ ਦੇ ਸਾਹਮਣੇ ਸਨਮਾਨ ਪ੍ਰਾਪਤ ਕਰਦਿਆਂ ਮੈਂ ਬਹੁਤ ਭਾਵੁਕ ਹੋ ਗਈ ਸੀ। ਮੈਨੂੰ ਲੱਗਿਆ ਸੀ ਕਿ ਮੇਰੇ ਸੰਘਰਸ਼ ਨੂੰ ਹੁਣ ਪਹਿਚਾਣ ਮਿਲ਼ੇਗੀ- ਪਰ ਮੈਨੂੰ ਕੀ ਪਤਾ ਸੀ ਕਿ ਇਹ ਸਭ ਕੁਝ ਸਿਰਫ਼ ਇੱਕ ਦਿਨ ਲਈ ਹੀ ਸੀ,” ਉਹ ਅੱਗੇ ਕਹਿੰਦੇ ਹਨ।
ਮਹਾਰਾਸ਼ਟਰ ਦੇ ਲਾਤੂਰ ਦੀ ਰਹਿਣ ਵਾਲ਼ੀ 40 ਸਾਲਾ ਲਤਾਬਾਈ ਰਸਾਲ ਦਾ ਕਹਿਣਾ ਹੈ, “ਮੈਂ ਲਾਤੂਰ ਵਿੱਚ 2002 ਤੋਂ ਕੂੜਾ ਇਕੱਠਾ ਕਰਨ ਦਾ ਕੰਮ ਕਰ ਰਹੀ ਹਾਂ।” ਉਸ ਸਾਲ ਉਹਨਾਂ ਦੇ ਪਤੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਸਨ। ਉਹਨਾਂ ਦਾ ਵਿਆਹ ਸੱਤ ਸਾਲ ਪਹਿਲਾਂ ਮਹਿਜ 15 ਸਾਲ ਦੀ ਉਮਰ ਵਿੱਚ ਹੋ ਗਿਆ ਸੀ। ਆਪਣੇ ਅਤੇ ਆਪਣੇ ਪੰਜ ਬੱਚਿਆਂ ਦੇ ਗੁਜ਼ਾਰੇ ਦਾ ਕੋਈ ਵਸੀਲਾ ਤਲਾਸ਼ਦਿਆਂ ਉਹਨਾਂ ਨੇ ਕੂੜਾ ਇਕੱਠਾ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ।
















