ਔਰਤਾਂ ਅਤੇ ਪੁਰਸ਼ਾਂ ਦੇ ਟੈਟੂ ਹਮੇਸ਼ਾ ਇੱਕ ਦੂਜੇ ਤੋਂ ਵੱਖਰੇ ਹੁੰਦੇ। ਔਰਤਾਂ ਆਪਣੇ ਜੀਵਨ ਦੇ ਵੱਖ-ਵੱਖ ਪੜਾਵਾਂ 'ਤੇ ਟੈਟੂ ਬਣਵਾਉਂਦੀਆਂ ਸਨ, ਜਿਵੇਂ ਕਿ ਨੌਜਵਾਨੀ ਵਿੱਚ ਕਦਮ ਰੱਖਣ 'ਤੇ ਜਾਂ ਵਿਆਹ ਦੇ ਸਮੇਂ। ਕੁਝ ਟੈਟੂ ਪਰਿਵਾਰ ਦੇ ਪੁਰਸ਼ ਮੈਂਬਰਾਂ ਦੀਆਂ ਉਪਲਬਧੀਆਂ ਦੀ ਯਾਦ ਵਿੱਚ ਵੀ ਬਣਾਏ ਜਾਂਦੇ ਸਨ।
ਅਮੋ ਕੋਨਯਾਕ ਕਹਿੰਦੇ ਹਨ,"ਇੱਕ ਕੋਨਯਾਕ ਔਰਤ ਦਾ ਜੀਵਨ ਕਈ ਬਦਲਾਵਾਂ ਵਿੱਚੋਂ ਹੋ ਕੇ ਲੰਘਦਾ ਹੈ। ਉਹ ਆਪਣੇ ਪਿਤਾ ਦੇ ਕਬੀਲੇ ਵਿੱਚ ਜਨਮ ਲੈਂਦੀ ਹੈ ਅਤੇ ਵਿਆਹ ਤੋਂ ਬਾਅਦ ਦੂਜੇ ਕਬੀਲੇ ਦਾ ਹਿੱਸਾ ਬਣ ਜਾਂਦੀ ਹੈ। ਪਰ ਵਿਆਹ ਤੋਂ ਪਹਿਲਾਂ ਮਿਲ਼ਿਆ ਟੈਟੂ ਹੀ ਇੱਕੱਲੀ ਚੀਜ਼ ਹੁੰਦੀ ਹੈ ਜੋ ਉਹ ਆਪਣੇ ਨਾਲ਼ ਜੀਵਨ ਭਰ ਰੱਖਦੀ ਹੈ, ਮੌਤ ਤੋਂ ਬਾਅਦ ਵੀ। ਇਹ ਹੀ ਉਹ ਨਿਸ਼ਾਨ ਹੈ ਜੋ ਕਦੇ ਨਹੀਂ ਬਦਲਦਾ ਅਤੇ ਜੋ ਉਸਨੂੰ ਦੱਸਦਾ ਰਹਿੰਦਾ ਹੈ ਕਿ ਉਹ ਕੌਣ ਹੈ ਅਤੇ ਕਿੱਥੋਂ ਆਈ ਹੈ।"
ਮੋਨ ਇਲਾਕੇ ਵਿੱਚ ਰਹਿਣ ਵਾਲ਼ੇ ਅਮੋ ਨੂੰ ਯਾਦ ਹੈ ਕਿ ਉਨ੍ਹਾਂ ਨੇ ਆਪਣੇ ਦਾਦਾ-ਦਾਦੀ ਦੇ ਸਰੀਰ 'ਤੇ ਟੈਟੂ ਵੇਖੇ ਸਨ। 32 ਸਾਲ ਦੀ ਖੋਜਕਰਤਾ ਬਹੁਤ ਉਤਸ਼ਾਹ ਨਾਲ਼ ਆਪਣੇ ਬਚਪਨ ਨਾਲ਼ ਜੁੜੀਆਂ ਕਹਾਣੀਆਂ ਬਾਰੇ ਦੱਸਦੀ ਹੈ, "ਬਚਪਨ ਵਿੱਚ ਮੈਂ ਅਕਸਰ ਟੈਟੂਆਂ ਨਾਲ਼ ਜੁੜੀਆਂ ਕਹਾਣੀਆਂ ਸੁਣਦੀ ਸੀ। ਇਹ ਕਿਵੇਂ ਬਣਾਏ ਜਾਂਦੇ ਸਨ, ਇਨ੍ਹਾਂ ਵਿੱਚ ਕਿੰਨਾ ਦਰਦ ਹੁੰਦਾ ਸੀ ਅਤੇ ਬਾਅਦ ਵਿੱਚ ਲੋਕ ਇਨ੍ਹਾਂ ਨੂੰ ਲੈ ਕੇ ਕਿੰਨਾ ਮਾਣ ਮਹਿਸੂਸ ਕਰਦੇ ਸਨ। ਇਹ ਕਹਾਣੀਆਂ ਲੋਕਕਥਾਵਾਂ ਵਾਂਗ ਪੀੜ੍ਹੀ ਦਰ ਪੀੜ੍ਹੀ ਘੁੰਮਦੀਆਂ ਰਹੀਆਂ ਹਨ ਅਤੇ ਹਮੇਸ਼ਾਂ ਆਦਰ ਅਤੇ ਸਨਮਾਨ ਨਾਲ਼ ਸੁਣਾਈਆਂ ਜਾਂਦੀਆਂ ਸਨ। ਮੇਰੇ ਲਈ ਉਹ ਟੈਟੂ ਯਾਦਾਂ ਦੇ ਨਕਸ਼ਿਆਂ ਵਾਂਗ ਸਨ, ਜੋ ਸਿਰਫ਼ ਚਮੜੀ 'ਤੇ ਹੀ ਨਹੀਂ ਸਗੋਂ ਉਨ੍ਹਾਂ ਦੇ ਵਿਅਕਤੀਤਵ ਦੀ ਗਹਿਰਾਈ ਵਿੱਚ ਵੀ ਉਕੇਰੇ ਹੋਏ ਸਨ।"
ਕੋਨਯਾਕ ਭਾਈਚਾਰਾ ਰਵਾਇਤੀ ਤੌਰ 'ਤੇ ਸਿਰ ਕੱਟ ਕੇ ਯੁੱਧ ਵਿੱਚ ਜਿੱਤ ਦਾ ਨਿਸ਼ਾਨ ਬਣਾਉਣ ਵਾਲ਼ੇ ਯੋਧਿਆਂ ਵਜੋਂ ਜਾਣਿਆ ਜਾਂਦਾ ਸੀ। ਸਫ਼ਲ ਲੜਾਈ ਦੇ ਬਾਅਦ ਜਿੱਤ ਨੂੰ ਦਰਜ ਕਰਨ ਲਈ ਪੁਰਸ਼ਾਂ ਦੀ ਚਮੜੀ 'ਤੇ ਖ਼ਾਸ ਟੈਟੂ ਬਣਾਏ ਜਾਂਦੇ ਸਨ। ਅਮੋ ਕੋਨਯਾਕ ਕਹਿੰਦੇ ਹਨ ਕਿ ਇਸ ਪੱਖ 'ਤੇ ਵੱਧ ਧਿਆਨ ਦੇਣ ਕਾਰਨ ਟੈਟੂ ਨਾਲ਼ ਸਬੰਧਤ ਖੋਜ ਅਤੇ ਕਹਾਣੀਆਂ ਵਿੱਚ ਅਕਸਰ ਔਰਤਾਂ ਦੀ ਭੂਮਿਕਾ ਨਜ਼ਰਅੰਦਾਜ਼ ਹੋ ਗਈ। ਉਨ੍ਹਾਂ ਨੂੰ ਆਪਣੀ ਦਾਦੀ ਵੱਲੋਂ ਸੁਣਾਈਆਂ ਟੈਟੂ ਦੀਆਂ ਕਹਾਣੀਆਂ ਅੱਜ ਵੀ ਯਾਦ ਹਨ। ''ਉਹ ਮੈਨੂੰ ਦੱਸਦੀ ਸੀ ਕਿ ਇਹ ਪ੍ਰਕਿਰਿਆ ਕਿੰਨੀ ਦਰਦ ਭਰੀ ਹੁੰਦੀ ਸੀ, ਚਮੜੀ ਤੋਂ ਖੂਨ ਨਿਕਲ਼ਦਾ ਸੀ ਅਤੇ ਉਹ ਸੁੱਜ ਜਾਂਦੀ ਸੀ। ਫਿਰ ਵੀ ਟੈਟੂ ਦੇ ਬਾਅਦ ਉਹ ਆਪਣੇ ਆਪ 'ਤੇ ਬੜਾ ਮਾਣ ਮਹਿਸੂਸ ਕਰਦੀ ਤੇ ਸੁੰਦਰ ਵੀ ਮਹਿਸੂਸ ਕਰਦੀ ਸੀ।''
ਇਸੇ ਪਿੰਡ ਵਿੱਚ ਕੁਝ ਹੀ ਦੂਰੀ 'ਤੇ ਨਗੋਂਫੇ ਰਹਿੰਦੇ ਹਨ, ਜੋ ਹੁਣ ਸੱਤਰ ਸਾਲ ਦੀ ਹੋ ਚੁੱਕੀ ਹੈ। ਉਨ੍ਹਾਂ ਨੇ ਵੀ ਟੈਟੂ ਬਣਾਉਣ ਦੀ ਕਲਾ ਆਪਣੀ ਵੱਡੀ ਭੈਣ ਅਤੇ ਰਿਸ਼ਤੇਦਾਰਾਂ ਤੋਂ ਸਿੱਖੀ ਸੀ, ਅਤੇ ਇਹ ਹੁਨਰ ਉਨ੍ਹਾਂ ਨੂੰ ਉਨ੍ਹਾਂ ਦੀਆਂ ਮਾਵਾਂ ਤੋਂ ਮਿਲ਼ਿਆ ਸੀ। ਪਰ ਨਗੋਂਫੇ ਨੂੰ ਖੁਦ ਟੈਟੂ ਬਣਾਉਣ ਦਾ ਮੌਕਾ ਕਦੇ ਨਹੀਂ ਮਿਲ਼ਿਆ, ਕਿਉਂਕਿ ਇਹ ਹੱਕ ਸਿਰਫ਼ ਰਾਣੀ, ਯਾਨੀ ਪਹਿਲੀ ਪਤਨੀ ਨੂੰ ਹੀ ਮਿਲ਼ਦਾ ਸੀ। ਉਹ ਰਾਣੀ ਦੀ ਮਦਦ ਜ਼ਰੂਰ ਕਰ ਦਿਆ ਕਰਦੇ। ਟੈਟੂ ਲਈ ਕੰਢੇ ਇਕੱਠੇ ਕਰਨਾ, ਕਲਾਕਾਰ ਲਈ ਖਾਣਾ ਬਣਾਉਣਾ ਅਤੇ ਦਰਦ 'ਚ ਤੜਫਦੇ ਵਿਅਕਤੀ ਨੂੰ ਫੜ੍ਹ ਕੇ ਸਥਿਰ ਰੱਖਣਾ ਉਨ੍ਹਾਂ ਦੀਆਂ ਜ਼ਿੰਮੇਦਾਰੀਆਂ ਵਿੱਚ ਸ਼ਾਮਲ ਸੀ, ਤਾਂ ਜੋ ਉਹ ਜ਼ਿਆਦਾ ਹਿਲ ਨਾ ਸਕੇ। ਬੋਲਦੇ ਸਮੇਂ ਨਗੋਂਫੇ ਚਿਹਰੇ 'ਤੇ ਦਰਦ ਦਾ ਭਾਵ ਲਿਆ ਕੇ ਉਸਦੀ ਨਕਲ ਕਰਦੇ ਹਨ, ਅਤੇ ਫਿਰ ਅਚਾਨਕ ਉਸ ਪੁਰਾਣੀ ਯਾਦ 'ਤੇ ਹੱਸ ਵੀ ਪੈਂਦੇ ਹਨ।
ਜਦੋਂ ਪਾਰੀ ਉਨ੍ਹਾਂ ਨੂੰ ਮਿਲ਼ਣ ਪਹੁੰਚੀ, ਤਦ ਉਹ ਬਾਂਸ ਦੀ ਇੱਕ ਝੌਂਪੜੀ ਵਿੱਚ ਬੈਠੇ ਹੋਏ ਸਨ। ਮੁਖੀਆ ਦੇ ਪਰਿਸਰ ਵਿੱਚ ਅਜਿਹੀਆਂ ਕਈ ਝੌਂਪੜੀਆਂ ਦਿਖਾਈ ਦਿੰਦੀਆਂ ਹਨ। ਉਹ ਬਹੁਤ ਮੱਠੀ ਤੇ ਸ਼ਾਂਤ ਆਵਾਜ਼ ਵਿੱਚ ਗੱਲ ਕਰਦੇ ਹਨ, ਪਰ ਤਿਉਹਾਰ ਦੇ ਮੈਦਾਨ ਤੋਂ ਆਉਂਦੀਆਂ ਖੁਸ਼ੀ ਦੀਆਂ ਜ਼ੋਰਦਾਰ ਆਵਾਜ਼ਾਂ ਵਿੱਚ ਉਨ੍ਹਾਂ ਦੀ ਆਵਾਜ਼ ਕਈ ਵਾਰ ਦੱਬ ਜਾਂਦੀ ਹੈ। ਜਦੋਂ ਅਸੀਂ ਉਨ੍ਹਾਂ ਦੀ ਤਸਵੀਰ ਲੈਣ ਦੀ ਆਗਿਆ ਮੰਗੀ, ਤਦ ਉਹ ਖੁਸ਼ੀ-ਖੁਸ਼ੀ ਉੱਠੇ ਅਤੇ ਰਵਾਇਤੀ ਪੋਸ਼ਾਕ ਅਤੇ ਗਹਿਣੇ ਪਹਿਨਣ ਲਈ ਚਲੇ ਗਏ।