“ਇੱਥੇ ਖੇਤਾਂ ਵਿੱਚ ਝੋਨਾ ਨਹੀਂ ਮਿਲ਼ਣਾ, ਸਿਰਫ਼ ਪੈਡ ਮਿਲ਼ਣਗੇ। ਤੁਸੀਂ ਅੰਡਮਾਨ ਦੀ ਧਰਤ ਪੁੱਟ ਸੁੱਟੋ ਤੁਹਾਨੂੰ ਸਿਰਫ਼ ਪੈਡ ਹੀ ਪੈਡ ਮਿਲ਼ਣਗੇ!” ਸੀਮਾ ਦੇ ਮਖੌਲ਼ ਨੂੰ ਸੁਣ ਬਾਕੀ ਚਾਰੇ ਔਰਤਾਂ ਵੀ ਹੱਸ ਪਈਆਂ।
ਵੰਦੂਰ ਪਿੰਡ ਦੇ ਹਰੇਕ ਘਰ ਦਾ ਖੂੰਝਾ ਕਿਸੇ ਖ਼ਾਸ ਥਾਂ ਵੱਲ ਇਸ਼ਾਰਾ ਕਰਦਾ ਹੈ। ਘਰ ਦੀ ਹਰੇਕ ਔਰਤ ਤੋਂ ਇਹ ਥਾਂ ਲੁਕੀ ਨਹੀਂ ਹੁੰਦੀ। ਇਸੇ ਥਾਂ 'ਤੇ ਔਰਤਾਂ ਹਰ ਮਹੀਨੇ ਆਪਣੇ ਵਰਤੇ ਗਏ ਪੈਡਾਂ ਨੂੰ ਦੱਬਦੀਆਂ ਹਨ। ਮੰਡਲ ਕੁੜੀਆਂ ਸ਼ਰਮਾਕਲ ਹੁੰਦੀਆਂ ਹਨ ਬਾਵਜੂਦ ਇਹਦੇ, ਮੈਨੂੰ ਉਹ ਥਾਂ ਦਿਖਾਉਣ ਤੋਂ ਨਹੀਂ ਝੱਕਦੀਆਂ ਜਿੱਥੇ ਉਹ ਆਪਣੇ ਪੈਡ ਦੱਬਦੀਆਂ ਹਨ।
“ਅਸੀਂ ਪੂਰਾ ਮਹੀਨਾ ਪੈਡ ਇਕੱਠੇ ਕਰਦੀਆਂ ਰਹਿੰਦੀਆਂ ਹਾਂ। ਫਿਰ ਘਰ ਦੇ ਕੋਨੇ ਵਿੱਚ ਛੋਟਾ ਜਿਹਾ ਟੋਆ ਪੁੱਟਦੀਆਂ ਤੇ ਇਨ੍ਹਾਂ ਨੂੰ ਦੱਬ ਦਿੰਦੀਆਂ ਹਾਂ। ਹਰ ਕੋਈ ਆਪਣੇ ਘਰ ਦੇ ਆਸਪਾਸ ਹੀ ਕੋਈ ਥਾਂ ਚੁਣਦਾ ਹੈ, ਪਰ ਅਸੀਂ ਆਪਣੇ ਘਰ ਨੇੜਲੀ ਜਿਹੜੀ ਥਾਂ ਚੁਣੀ ਸੀ ਹੁਣ ਉਹ ਬਹੁਤ ਗੰਦਗੀ ਨਾਲ਼ ਭਰੀ ਰਹਿੰਦੀ ਹੈ। ਇਸਲਈ ਇਨ੍ਹਾਂ ਪੈਡਾਂ ਨੂੰ ਘਰ ਦੇ ਇੱਕ ਕੋਨੇ ਵਿੱਚ ਇਕੱਠਾ ਕਰਦੇ ਰਹਿੰਦੇ ਹਾਂ ਅਤੇ ਫਿਰ ਦੱਬ ਦਿੰਦੇ ਹਾਂ। ਕਦੇ-ਕਦਾਈਂ ਉਸ ਪੁਰਾਣੇ ਟੋਏ ਵਿੱਚ ਹੀ ਦੱਬ ਦਿੰਦੇ ਹਾਂ ਤੇ ਕਦੇ-ਕਦੇ ਨਵਾਂ ਟੋਆ ਪੁੱਟ ਲੈਂਦੇ ਹਾਂ,'' ਸੀਮਾ ਕਹਿੰਦੇ ਹਨ।
ਉਸ ਦਿਨ ਦੱਖਣੀ ਅੰਡਮਾਨ ਜ਼ਿਲ੍ਹੇ ਦੇ ਪੱਛਮੀ ਹਿੱਸੇ ਦੇ ਇਸ ਪਿੰਡ ਦੇ ਇੱਕ ਪੱਕੇ ਮਕਾਨ ਦੇ ਬਾਹਰ ਬੈਠੀਆਂ ਪੰਜ ਔਰਤਾਂ ਮਾਹਵਾਰੀ ਤੇ ਵਰਤੇ ਪੈਡਾਂ ਦੇ ਨਿਪਟਾਰੇ ਨੂੰ ਲੈ ਕੇ ਗੱਲਾਂ ਕਰ ਰਹੀਆਂ ਸਨ। "ਇਸ ਮਾਮਲੇ ਬਾਰੇ ਗੱਲ ਹੀ ਕਿਉਂ ਕਰਨੀ? ਅਸੀਂ ਕਦੋ ਇਹੋ-ਜਿਹੀਆਂ ਗੱਲਾਂ 'ਤੇ ਚਰਚਾ ਨਹੀਂ ਸਾਂ ਕਰਦੇ," 72 ਸਾਲਾ ਬਜ਼ੁਰਗ ਔਰਤ ਉਰਮੇਲਾ ਨੇ ਸਾਡੀ ਗੱਲਬਾਤ ਨੂੰ ਵਿਚਾਲਿਓਂ ਟੋਕਦੇ ਕਿਹਾ। ਕਦੇ ਬੰਗਾਲ ਦਾ ਵਾਸੀ ਰਿਹਾ ਉਨ੍ਹਾਂ ਦਾ ਪਰਿਵਾਰ ਤੇ ਹੋਰ ਕਈ ਭਾਈਚਾਰੇ ਪੀੜ੍ਹੀਆਂ ਤੋਂ ਇਸੇ ਕੇਂਦਰ ਸ਼ਾਸਤ ਪ੍ਰਦੇਸ਼ ਰਹਿੰਦੇ ਆਏ ਹਨ।
"ਸਾਨੂੰ ਤਾਂ ਇਸ ਬਾਰੇ ਦੱਸਣ ਵਾਲ਼ਾ ਕੋਈ ਨਹੀਂ ਸੀ," ਉਹ ਕਹਿੰਦੇ ਹਨ,"ਉਹ ਬੰਗਾਲੀ ਭਾਸ਼ਾ ਵਿੱਚ ਇਸ ਨੂੰ ਮਾਸਿਕ ਕਿਹਾ ਕਰਦੇ। ਮਾਹਵਾਰੀ ਕਦੋਂ ਆਉਂਦੀ, ਸਾਨੂੰ ਪਤਾ ਲੱਗ ਗਿਆ ਸੀ। ਮੈਨੂੰ ਆਪਣੀ ਭੈਣ ਤੋਂ ਪਤਾ ਲੱਗਾ। ਉਸ ਵੇਲ਼ੇ ਨਾ ਅਸੀਂ ਸਕੂਲ ਜਾਂਦੇ ਨਾ ਮੰਦਰ ਜਾਂਦੇ ਤੇ ਨਾ ਘਰੋਂ ਬਾਹਰ ਹੀ ਨਿਕਲ਼ਦੇ ਤੇ ਨਾ ਹੀ ਘਰ ਦੀ ਰਸੋਈ ਵਿੱਚ ਪੈਰ ਹੀ ਧਰਦੇ। ਇਹ ਨਿਯਮ ਸਨ। ਮੈਂ ਕਿਸੇ ਵੀ ਨਿਯਮ ਨੂੰ ਨਹੀਂ ਤੋੜਿਆ ਹੋਣਾ। ਇਸਲਈ ਮੈਨੂੰ ਇਹ ਵੀ ਨਹੀਂ ਪਤਾ ਕਿ ਨਿਯਮ ਤੋੜਨ ਵਾਲ਼ੇ ਨਾਲ਼ ਕੀ ਹੁੰਦਾ ਸੀ," ਉਹ ਕਹਿੰਦੇ ਹਨ।
ਮੰਡਲ ਪਰਿਵਾਰ ਦੇ ਘਰ ਦੇ ਬਾਹਰ ਤਿੰਨ ਪੀੜ੍ਹੀਆਂ ਦੀਆਂ ਔਰਤਾਂ ਇਕੱਠੀਆਂ ਹੋਈਆਂ। ਇਨ੍ਹਾਂ ਵਿੱਚ ਸੱਤਰ ਸਾਲਾ ਉਰਮੀਲਾ, ਉਨ੍ਹਾਂ ਦੀ ਨੂੰਹ, 41 ਸਾਲਾ ਸੀਮਾ ਮੰਡਲ ਤੇ ਨਾਲ਼ ਸਨ ਸੀਮਾ ਦੀਆਂ ਧੀਆਂ 17 ਸਾਲਾ ਬਾਨੀ, ਅਤੇ 21 ਸਾਲਾ ਸ਼ਿਖਾ, ਉਹਨਾਂ ਦੀ ਰਿਸ਼ਤੇਦਾਰ 33 ਸਾਲਾ ਸ਼ਿਵਾਣੀ ਮੰਡਲ ਵੀ ਮੌਜੂਦ ਹਨ। ਇਨ੍ਹਾਂ ਵਿੱਚੋਂ ਹਰ ਕੋਈ ਆਪੋ-ਆਪਣੇ ਤਰੀਕੇ ਨਾਲ਼ ਸਮਾਜ ਵੱਲੋਂ ਥੋਪੀਆਂ ਇਨ੍ਹਾਂ ਪਰੰਪਰਾਵਾਂ ਨੂੰ ਨਿਭਾਉਂਦਾ ਆਇਆ ਹੈ।













