ਨਾਗਾਲੈਂਡ ਦੇ ਖੋਨੋਮਾ ਪਿੰਡ ਦੇ 39 ਸਾਲਾ ਬੁਣਕਰ ਪੇਲੇਸਾਲੀਏ ਕੁਓਤਸੁ ਕਹਿੰਦੇ ਹਨ,“ਹਰ ਅੰਗਾਮੀ ਪੁਰਸ਼ ਨੂੰ ਖੌਫੀ ਬਣਾਉਣਾ ਆਣਾ ਚਾਹੀਦਾ ਹੈ।” ਜੂਸਾ (ਬਾਂਸ) ਅਤੇ ਥੁੰਨ੍ਹੇ (ਬੈਂਤ) ਨਾਲ਼ ਬਣੀ ਖੌਫੀ ਅੰਗਾਮੀ ਲੋਕਾਂ ਦੀ ਰਵਾਇਤੀ ਟੋਕਰੀ ਨੂੰ ਕਹਿੰਦੇ ਹਨ, ਜਿਸ ਵਿੱਚ ਬਾਲਣ ਦੀ ਲੱਕੜ, ਚੌਲ਼, ਫ਼ਸਲ ਅਤੇ ਪੂਜਾ ਨਾਲ਼ ਸਬੰਧਿਤ ਚੀਜ਼ਾਂ ਰੱਖੀਆਂ ਜਾਂਦੀਆਂ ਹਨ। ਉਹ ਕਹਿੰਦੇ ਹਨ,“ਇਹ ਸਾਡੀਆਂ ਪਰੰਪਰਾਵਾਂ ਦਾ ਇੱਕ ਮੁੱਖ ਹਿੱਸਾ ਰਹੀ ਹੈ। ਇਸਨੂੰ ਸਾਨੂੰ ਸਦਾ ਸੰਭਾਲ਼ ਕੇ ਰੱਖਣਾ ਚਾਹੀਦਾ ਹੈ।”
ਇਹ ਕਲਾ ਪਹਿਲਾਂ ਭਾਈਚਾਰਕ ਜੀਵਨ ਅਤੇ ਰੁਜ਼ਗਾਰ ਦਾ ਮਹੱਤਵਪੂਰਨ ਹਿੱਸਾ ਸੀ, ਪਰ ਅੱਜ ਖੋਨੋਮਾ ਵਿੱਚ 15 ਤੋਂ ਘੱਟ ਘਰਾਂ ਵਿੱਚ ਹੀ ਖੌਫ਼ੀ ਬਣਨ ਦੀ ਪਰੰਪਰਾ ਬਚੀ ਹੈ। ਇਹਨੂੰ ਜ਼ਿਆਦਾਤਰ ਬਜ਼ੁਰਗ ਲੋਕ ਹੀ ਅੱਗੇ ਵਧਾ ਰਹੇ ਹਨ; ਪੇਲੇਸਾਲੀਏ ਇਸ ਮਾਮਲੇ ਵਿੱਚ ਵੱਖਰੇ ਹਨ।
ਪੰਜਾਹ ਸਾਲਾ ਕੇਪੇ ਥੋਤੋ ਜਦੋਂ ਬਾਂਸ ਦੀਆਂ ਪਤਲੀਆਂ ਪੱਟੀਆਂ ਨੂੰ ਬੜਾ ਸੰਭਾਲ਼ ਕੇ ਕੱਟਦੇ ਹਨ ਤਾਂ ਉਨ੍ਹਾਂ ਦੇ ਹੱਥਾਂ ਵਿੱਚ ਸਾਲਾਂ ਦਾ ਤਜ਼ਰਬਾ ਝਲ਼ਕਦਾ ਹੈ। ਉਹ ਇੱਕ ਮੱਠੀ ਰੌਸ਼ਨੀ ਵਾਲ਼ੇ ਤੇਰਹੁ ਵਿੱਚ ਬੈਠੇ ਹਨ, ਜੋ ਬਾਂਸ, ਲੱਕੜ ਅਤੇ ਬੈਂਤ ਤੋਂ ਬਣਿਆ ਢਾਂਚਾ ਹੈ, ਜਿਸ ਵਿੱਚ ਸੁੱਕੀਆਂ ਪੱਤੀਆਂ ਵੀ ਲਾਈਆਂ ਹੋਈਆਂ ਹਨ। ਇਹ ਢਾਂਚਾ ਮੁੱਖ ਰੂਪ ਵਿੱਚ ਧੁੱਪ ਤੋਂ ਬਚਾਉਂਦਾ ਹੈ ਪਰ ਇਸਦੀ ਛਾਂ ਦੁਪਹਿਰ ਦੀ ਤਪਸ਼ ਨੂੰ ਘਟਾ ਦਿੰਦੀ ਹੈ।
ਕੇਪੇ ਬਾਂਸ ਦੀਆਂ ਪੱਟੀਆਂ 'ਤੇ ਕੰਮ ਕਰਦਿਆਂ ਕਹਿੰਦੇ ਹਨ, “ਮੈਂ ਬੁਣਕਰਾਂ ਦੇ ਪਰਿਵਾਰ ਤੋਂ ਆਇਆ ਹਾਂ। ਮੇਰੇ ਚਚੇਰੇ ਭਰਾਵਾਂ ਨੂੰ ਅਤੇ ਮੈਨੂੰ ਖੌਫੀ ਬੁਣਨ ਦੀ ਕਲਾ ਸਿਖਾਈ ਗਈ ਸੀ।”
ਅੰਗਾਮੀ ਨਾਗਾਲੈਂਡ ਦੇ 17 ਮਾਨਤਾ ਪ੍ਰਾਪਤ ਕਬੀਲਿਆਂ ਵਿੱਚੋਂ ਇੱਕ ਹਨ। ਖੋਨੋਮਾ 1800 ਵਿੱਚ ਬ੍ਰਿਟਿਸ਼ ਸ਼ਾਸਨ ਖ਼ਿਲਾਫ਼ ਨਾਗਾ ਲੋਕਾਂ ਦੇ ਪ੍ਰਤੀਰੋਧ ਦਾ ਇਤਿਹਾਸਕ ਸਥਾਨ ਰਹਿ ਚੁੱਕਾ ਹੈ। ਇਹ ਪਿੰਡ ਰਾਜ ਦੀ ਰਾਜਧਾਨੀ ਕੋਹਿਮਾ ਤੋਂ ਲਗਭਗ 20 ਕਿਲੋਮੀਟਰ ਪੱਛਮ ਵਿੱਚ ਸਥਿਤ ਹੈ ਅਤੇ ਆਪਣੇ ਸਮੂਹਿਕ ਸੁਰੱਖਿਆ ਯਤਨਾਂ ਲਈ ਜਾਣਿਆ ਜਾਂਦਾ ਹੈ, ਜਿਸ ਵਿੱਚ ਆਲ਼ੇ-ਦੁਆਲ਼ੇ ਦੇ ਜੰਗਲਾਂ ਵਿੱਚ ਸ਼ਿਕਾਰ ਕਰਨ ਅਤੇ ਦਰੱਖਤਾਂ ਨੂੰ ਕੱਟਣ 'ਤੇ ਰੋਕ ਹੈ ਅਤੇ ਇੱਥੇ ਜੈਵਿਕ ਖੇਤੀ ਵੀ ਹੁੰਦੀ ਹੈ।
ਲਗਭਗ 20 ਵਰਗ ਕਿਲੋਮੀਟਰ ਦੇ ਪਹਾੜੀ ਖੇਤਰ ਵਿੱਚ ਫੈਲਿਆ ਇਹ ਪਿੰਡ ਪੱਥਰਾਂ ਨਾਲ਼ ਬਣੀਆਂ ਸੜਕਾਂ, ਪੌੜੀਨੁਮਾ ਝੋਨੇ ਦੇ ਖੇਤਾਂ ਅਤੇ ਰਵਾਇਤੀ ਘਰਾਂ ਦੇ ਬਾਹਰ ਸਜਾ ਕੇ ਰੱਖੇ ਲੱਕੜਾਂ ਦੇ ਢੇਰ ਲਈ ਜਾਣਿਆ ਜਾਂਦਾ ਹੈ।
ਲਗਭਗ 400 ਤੋਂ ਵੱਧ ਅੰਗਾਮੀ ਪਰਿਵਾਰਾਂ ਵਾਲ਼ਾ ਇਹ ਪਿੰਡ (ਅਬਾਦੀ 1,943, ਮਰਦਮਸ਼ੁਮਾਰੀ 2011) ਮੁੱਖ ਤੌਰ 'ਤੇ ਪੌੜੀਨੁਮਾ ਖੇਤਾਂ ਵਿੱਚ ਝੋਨੇ ਦੀ ਖੇਤੀ, ਝੂਮ ਖੇਤੀ ਅਤੇ ਜੰਗਲਾਂ ਤੋਂ ਪ੍ਰਾਪਤ ਸਰੋਤਾਂ 'ਤੇ ਨਿਰਭਰ ਹੈ। ਆਸਪਾਸ ਦੇ ਜੰਗਲਾਂ ਦੀ ਰੱਖਿਆ ਭਾਈਚਾਰੇ ਦੁਆਰਾ, ਖ਼ਾਸ ਕਰਕੇ ਖੋਨੋਮਾ ਨੇਚਰ ਕੰਜ਼ਰਵੇਸ਼ਨ ਅਤੇ ਟਰੈਗੋਪਨ ਸੈਂਚੁਰੀ ਰਾਹੀਂ ਕੀਤੀ ਜਾਂਦੀ ਹੈ।


















