ਚਮਨੀ ਮੀਣਾ ਨੂੰ ਆਪਣੀ ਉਮਰ ਤਾਂ ਯਾਦ ਨਹੀਂ ਪਰ ਇਹ ਜ਼ਰੂਰ ਯਾਦ ਹੈ ਕਿ ਜਦ ਉਹ ਛੋਟੇ ਹੁੰਦੇ ਸਨ ਤਾਂ ਖਾਣਾ ਜ਼ਿਆਦਾ ਸੁਆਦਲਾ ਹੁੰਦਾ ਸੀ: “ਹੁਣ ਸਵਾਦ ਵੱਖਰਾ ਹੈ। ਹੁਣ ਪਹਿਲਾਂ ਵਾਲ਼ੀ ਗੱਲ ਨਹੀਂ ਰਹੀ। ਕੋਈ ਦੇਸੀ [ਰਿਵਾਇਤੀ] ਬੀਜ ਬਚੇ ਹੀ ਨਹੀਂ। ਇਹ ਕਿਸਮਾਂ ਮਿਲਣੀਆਂ ਹੁਣ ਬਹੁਤ ਮੁਸ਼ਕਿਲ ਹਨ।”
ਰਾਜਸਥਾਨ ਦੇ ਉਦੈਪੁਰ ਦੇ ਬਾਹਰਵਾਰ ਘਾਟੀ ਪਿੰਡ ਵਿੱਚ ਰਹਿੰਦਿਆਂ ਚਮਨੀਬਾਈ, ਜੋ ਕਹਿੰਦੇ ਹਨ ਕਿ ਉਹਨਾਂ ਦੀ ਉਮਰ ਸ਼ਾਇਦ 80ਵਿਆਂ ਵਿੱਚ ਹੈ, ਬੀਜਾਂ ਨੂੰ ਉਦੋਂ ਤੋਂ ਸਹੇਜ ਰਹੇ ਹਨ ਜਦ ਉਹ ਹਾਲੇ ਛੋਟੀ ਜਿਹੀ ਬੱਚੀ ਸੀ। ਚਮਨੀਬਾਈ ਨੂੰ ਯਾਦ ਹੈ ਕਿ ਕਿਵੇਂ ਉਹਨਾਂ ਨੇ ਅਤੇ ਉਹਨਾਂ ਦੇ ਪਤੀ ਨੇ ਆਪਣਾ ਘਰ ਅਤੇ ਫ਼ਾਰਮ ਬਣਾਇਆ ਸੀ ਅਤੇ ਸਿਰਫ਼ ਜਿਉਂਦੇ ਰਹਿਣ ਲਈ ਕਿੰਨਾ ਸੰਘਰਸ਼ ਕਰਨਾ ਪਿਆ ਸੀ। ਪਰ ਫ਼ਿਰ ਵੀ, ਉਹਨਾਂ ਅਨੁਸਾਰ, ਉਹਨਾਂ ਦੀ ਜਵਾਨੀ ਵੇਲ਼ੇ ਜ਼ਿੰਦਗੀ ਅਤੇ ਖਾਣਾ ਬਿਹਤਰ ਸੀ।
ਸਾਲਾਂ ਤੱਕ, ਚਮਨੀਬਾਈ ਅਤੇ ਉਹਨਾਂ ਦੇ ਪਰਿਵਾਰ ਨੇ ਦਰਜਨਾਂ ਸਥਾਨਕ ਕਿਸਮਾਂ ਦੇ ਬੀਜਾਂ ਨੂੰ ਸਹੇਜ ਕੇ ਰੱਖਿਆ ਹੈ। ਹੁਣ ਉਹਨਾਂ ਨੇ ਆਪਣਾ ਗਿਆਨ ਆਪਣੀਆਂ ਨੂੰਹਾਂ ਨੂੰ ਸੌਂਪ ਦਿੱਤਾ ਹੈ। “ਔਰਤਾਂ ਬੀਜਾਂ ਦੀ ਬਿਹਤਰ ਰਖਵਾਲੀ ਕਰਦੀਆਂ ਹਨ,” ਉਹ ਕਹਿੰਦੇ ਹਨ। “ਉਹ ਇਹਨਾਂ ਦੀ ਸਾਂਭ-ਸੰਭਾਲ਼ ਕਰਦੀਆਂ ਹਨ, ਅਤੇ ਇਹਨਾਂ ਨੂੰ ਨਵਿਆਉਂਦੀਆਂ ਰਹਿੰਦੀਆਂ ਹਨ। ਸਾਰੀ ਪ੍ਰਕਿਰਿਆ ਬਾਰੀਕੀਆਂ ਵਿੱਚ ਹੈ।”
“ਮੈਨੂੰ ਯਾਦ ਹੈ ਜਦੋਂ ਸਾਡੇ ਪਿੰਡ ਹੜ੍ਹ ਆਇਆ ਸੀ,” ਚਮਨੀਬਾਈ ਯਾਦ ਕਰਦੇ ਹਨ। “ਸਾਲ 1973 ਸੀ ਅਤੇ ਪਿੰਡ ਦੇ ਸਾਰੇ ਘਰ ਤਬਾਹ ਹੋ ਗਏ ਸਨ। ਸਾਡੀਆਂ ਸਭ ਚੀਜ਼ਾਂ ਤਬਾਹ ਹੋ ਗਈਆਂ ਸਨ, ਪਰ ਮੈਨੂੰ ਸਭ ਤੋਂ ਵੱਧ ਫ਼ਿਕਰ ਆਪਣੇ ਬੀਜਾਂ ਦਾ ਸੀ। ਮੇਰੀ ਪਹਿਲ ਉਹੀ ਸਨ, ਅਤੇ ਉਹੀ ਬੀਜ ਅੱਜ ਮੇਰੇ ਕੋਲ਼ ਹਨ। ਬੀਜ ਹੀ ਤਾਂ ਕਿਸਾਨ ਦੀ ਜ਼ਿੰਦਗੀ ਦਾ ਸਭ ਤੋਂ ਜ਼ਰੂਰੀ ਹਿੱਸਾ ਹੁੰਦੇ ਹਨ।”













