ਅਰਜੀਨਾ ਬੀਬੀ ਦੇ ਜ਼ਹਿਨ ਵਿੱਚ ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ ਵਿੱਚ ਆਪਣੇ ਬਾਪੇਰ ਬਾਰੀ (ਪਿਤਾ ਦਾ ਘਰ) ਦੀਆਂ ਸਭ ਤੋਂ ਮਿੱਠੀਆਂ ਯਾਦਾਂ ਆਪਣੀ ਮਾਂ ਅਤੇ ਦਾਦੀ ਦੀਆਂ ਹਨ। “ਮੈਨੂੰ ਆਪਣੀ ਕਾਂਥਾ ਕਲਾ ਵਿੱਚ ਆਪਣੀ ਦਾਦੀ ਦੀ ਸ਼ੈਲੀ ਨਜ਼ਰ ਆਉਂਦੀ ਹੈ- ਜਿਵੇਂ ਉਹ ਟਾਂਕੇ ਸੰਜੋਂਦੇ ਅਤੇ ਫੁੱਲ ਕੱਢਦੇ ਸਨ,” ਉਹ ਵਿਰਾਸਤ ਵਿੱਚ ਮਿਲ਼ੀ ਇਸ ਕਸੀਦਾਕਾਰੀ ਬਾਰੇ ਦੱਸਦੇ ਹਨ। “ਮੈਂ ਜਿਹੜੇ ਟਾਂਕੇ ਪਾਉਂਦੀ ਹਾਂ, ਸਭ ਉਹਨਾਂ ਨੂੰ ਦੇਖ ਦੇਖ ਸਿੱਖਿਆ ਹੈ। ਅੱਜ ਵੀ ਮੈਂ ਉਸੇ ਤਰੀਕੇ ਹੀ ਕਢਾਈ ਕੱਢਦੀ ਹਾਂ ਜਿਵੇਂ ਉਹ ਕੱਢਿਆ ਕਰਦੇ,” ਅਰਜੀਨਾ ਅੱਗੇ ਕਹਿੰਦੇ ਹਨ।
ਤਿੰਨ ਦਹਾਕਿਆਂ ਤੋਂ ਕਾਂਥਾ (ਕੰਥਾ) ਦਾ ਕੰਮ ਕਰਦੇ ਅਰਜੀਨਾ ਦਾ ਕਹਿਣਾ ਹੈ ਕੀ ਇਸ ਕਲਾ ਨੇ ਉਹਨਾਂ ਦੇ ਪਰਿਵਾਰ ਨੂੰ ਵਿੱਤੀ ਸਹਾਰਾ ਲਾਉਣ ਵਿੱਚ ਕਾਫ਼ੀ ਮਦਦ ਕੀਤੀ ਹੈ। ਪੰਜਾਹ ਸਾਲ ਦੀ ਉਮਰ ਨੂੰ ਢੁੱਕ ਚੁੱਕੀ ਅਰਜੀਨਾ ਕਾਂਥਾ ਦਾ ਕੰਮ ਕਰਨ ਵਾਲ਼ੀਆਂ ਛੇ ਔਰਤਾਂ ਦੀ ਮੰਡਲੀ ਦੀ ਮੁਖੀਆ ਹੈ ਜੋ ਕਿ ਸਥਾਨਕ ਵਾਪਰੀਆਂ ਤੋਂ ਕਮਿਸ਼ਨ ‘ਤੇ ਕੰਮ ਲੈਂਦੀਆਂ ਹਨ।
ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਬਾਰਾਸਤ ਸ਼ਹਿਰ ਦੇ ਬਾਹਰਵਾਰ ਇੱਕ ਜੁਲਾਈ ਦੀ ਗਰਮੀ ਭਰੀ ਦੁਪਹਿਰ ਨੂੰ ਅਸੀਂ ਅਰਜੀਨਾ ਜੀ ਨੂੰ ਉਹਨਾਂ ਦੇ ਕੰਮ ਕਰਨ ਵਾਲ਼ੀ ਥਾਂ ‘ਤੇ ਮਿਲ਼ੇ ਸੀ। ਉਹਨਾਂ ਦੀ ਗੁਆਂਢਣ ਅਤੇ ਨਾਲ਼ ਹੀ ਕੰਮ ਕਰਦੀ ਨੂਰਾਂਹਾਰ ਬੀਬੀ ਦੇ ਘਰ ਦੇ ਇੱਕ ਕਮਰੇ ਵਿੱਚ ਬਣੇ ਆਰਜੀ ਕਾਰਖ਼ਾਨੇ ਵਿੱਚ ਧਾਗਿਆਂ ਦੇ ਬਕਸੇ, ਕੈਂਚੀਆਂ ਅਤੇ ਛਾਪੇ ਵਾਲ਼ੇ ਕਾਗਜ਼ ਇੱਧਰ ਉਧਰ ਖਿੱਲਰੇ ਹੋਏ ਸਨ। ਇਹ ਔਰਤਾਂ ਕੱਪੜੇ ‘ਤੇ ਸਿੱਧੇ ਟਾਂਕੇ ਦੀ ਕਢਾਈ ਕਰਦੀਆਂ ਹਨ ਜੋ ਕਾਂਥਾ ਕਲਾ ਦੀ ਵਿਸ਼ੇਸ਼ਤਾ ਹੈ।
“ਮੇਰੇ ਪਤੀ ਕਾਂਥਾ ਚੀਜ਼ਾਂ ਦੇ ਵਿਤਰਕ ਹਨ,” 35 ਸਾਲਾ ਨੂਰਾਂਹਾਰ ਦਾ ਕਹਿਣਾ ਹੈ। “ਮੈਂ ਕਢਾਈ ਦਾ ਥੋੜ੍ਹਾ ਬਹੁਤ ਕੰਮ ਕਰ ਕੇ ਉਹਨਾਂ ਦੀ ਸਹਾਇਤਾ ਕਰਦੀ ਹਾਂ।” ਉਹਨਾਂ ਦੇ 43 ਸਾਲਾ ਪਤੀ ਮੁਹੰਮਦ ਜਲਾਲੁੱਦੀਨ ਅਤੇ ਉਹਨਾਂ ਦਾ ਪਰਿਵਾਰ ਤਿੰਨ ਪੀੜ੍ਹੀਆਂ ਤੋਂ ਕਾਂਥਾ ਵਪਾਰ ਦਾ ਹਿੱਸਾ ਰਿਹਾ ਹੈ। “ਉਹ ਆਪ ਬੜੇ ਹੀ ਕੁਸ਼ਲ ਕਾਂਥਾ ਕਾਰੀਗਰ ਹਨ ਅਤੇ ਬੜੀ ਸੋਹਣੀ ਕਢਾਈ ਕਰ ਲੈਂਦੇ ਹਨ,” ਨੂਰਾਂਹਾਰ ਮੁਸਕੁਰਾਉਂਦਿਆਂ ਕਹਿੰਦੇ ਹਨ।
ਨੇੜੇ ਹੀ ਖੜੇ ਜਲਾਲੁੱਦੀਨ ਨੂੰ ਛੇੜਦਿਆਂ ਅਰਜੀਨਾ ਜੀ ਕਹਿੰਦੇ ਹਨ, “ਮਏਰਾ ਬੇਸ਼ੀ ਭਾਲੋ ਬਨਾਏ, ਕਾਇਨੋ ਕੀ ਆਮਰਾ ਮੋਨ ਦੀਏ ਸ਼ਿਖੇਚੀ, ਅਰ ਮੋਨ ਦੀਏ ਕਾਂਥਾ ਬਨਾਈ। ਚੇਲੇਰਾ ਤੋ ਏਈ ਸ਼ੋਬ ਕੇ ਕਾਜ ਮੇਨੇ ਚੋਲੇ [ਔਰਤਾਂ ਕਾਂਥਾ ਦਾ ਕੰਮ ਜ਼ਿਆਦਾ ਵਧੀਆ ਕਰਦੀਆਂ ਹਨ ਕਿਉਂਕਿ ਅਸੀਂ ਇਸ ਕਲਾ ਨਾਲ਼ ਭਾਵਨਾਤਮਕ ਤੌਰ ‘ਤੇ ਜੁੜੀਆਂ ਹਾਂ। ਮਰਦ ਇਸ ਨੂੰ ਸਿਰਫ਼ ਕੰਮ ਵਜੋਂ ਦੇਖਦੇ ਹਨ]।”
















