ਬਲ਼ਦੀ ਅੱਗ ਦਾ ਧੂੰਆਂ ਤੇ ਭੁੱਜਦੇ ਜਵਾਰ ਦੀ ਮਹਿਕ ਹਵਾ ਵਿੱਚ ਤੈਰਨ ਲੱਗਦੀ ਹੈ। ਹੁਰਦਾ ਦਾ ਜਸ਼ਨ ਸਿਰ 'ਤੇ ਆ ਗਿਆ! ਤਾਜ਼ਾ ਵੱਢੀ ਜਵਾਰ, ਜਿਹਨੂੰ ਹੁਰਦਾ ਕਹਿੰਦੇ ਹਨ, ਲੋਕਾਂ ਵਿੱਚ ਹਰਮਨਪਿਆਰਾ ਵਿਅੰਜਨ ਹੈ। ਕਿਸਾਨ ਆਪਣੀ ਫ਼ਸਲ ਨੂੰ ਪਿੰਡਾਂ ਤੋਂ ਸ਼ਹਿਰਾਂ ਵੱਲ ਲਿਆ ਰਹੇ ਹਨ ਤੇ ਮਰਾਠਵਾੜਾ ਵਿਖੇ ਥਾਂ-ਥਾਂ ਸਟਾਲ ਵੀ ਲਗਾ ਰਹੇ ਹਨ।
''ਲੋਕੀਂ ਬੇਸਬਰੀ ਨਾਲ਼ ਇਹਦੀ ਉਡੀਕ ਕਰਦੇ ਨੇ,'' ਲੋਂਧਯਾਚੀਵਾੜੀ ਦੇ ਜਵਾਰ ਉਗਾਉਣ ਵਾਲ਼ੇ ਕਿਸਾਨ ਸੂਰਯਾਕਾਂਤ ਮੈਂਡ ਕਹਿੰਦੇ ਹਨ। ਉਹ ਜਾਲਨਾ ਜ਼ਿਲ੍ਹੇ ਵਿਖੇ ਪੰਜ ਏਕੜ ਦੇ ਆਪਣੇ ਖੇਤ ਵਿੱਚ ਜਵਾਰ ਦੀਆਂ ਬੇਦਰੀ ਤੇ ਮਾਲਡੰਡੀ ਕਿਸਮਾਂ ਬੀਜਦੇ ਹਨ। ਪਰਿਵਾਰ ਅੱਧੀ ਕੁ ਫ਼ਸਲ ਦਸੰਬਰ ਮਹੀਨੇ ਵੱਢਦਾ ਹੈ ਜਦੋਂ ਉਹ ਅਜੇ ਨਰਮ ਹੁੰਦੀ ਹੈ ਤੇ ਬਾਕੀ ਦੀ ਰਹਿੰਦੀ ਫਰਵਰੀ ਜਾਂ ਮਾਰਚ ਵਿੱਚ ਜਦੋਂ ਫ਼ਸਲ ਪੂਰੀ ਤਰ੍ਹਾਂ ਪੱਕ ਜਾਂਦੀ ਹੈ।
ਨਰਮ ਭਾਵ ਕੱਚੀ ਜਵਾਰ (ਹੁਰਦਾ) ਨੂੰ ਬੜੇ ਹੀ ਧਿਆਨ ਨਾਲ਼ ਚੁੱਕੀ, ਮੈਂਡ ਜਾਲਨਾ ਸ਼ਹਿਰ ਦਾ ਰਾਹ ਫੜ੍ਹਦੇ ਹਨ। 55 ਸਾਲਾ ਇਸ ਕਿਸਾਨ ਦਾ ਕਹਿਣਾ ਹੈ ਕਿ ਉਹ ਹਰ ਸੀਜ਼ਨ ਵਿੱਚ 40 ਕਿੱਲੋ ਦੇ ਕਰੀਬ ਕੱਚੀ ਜਵਾਰ 150 ਰੁਪਏ/ਕਿੱਲੋ ਦੇ ਹਿਸਾਬ ਨਾਲ਼ ਵੇਚਦੇ ਹਨ।
ਸਟਾਲ ਲੱਗਿਆਂ 'ਤੇ ਹੁਰਦਾ ਭੁੰਨ੍ਹਣਾ ਤੇ ਤਿਆਰ ਕਰਨਾ ਮੱਠੀ ਪ੍ਰਕਿਰਿਆ ਹੈ ਅਤੇ ਇਸ ਵਿੱਚ ਔਰਤਾਂ ਦੀ ਸ਼ਮੂਲੀਅਤ ਵੱਧ ਹੁੰਦੀ ਹੈ। ਕੱਚੇ ਜਵਾਰ ਨੂੰ ਬੱਲੀਆਂ ਸਣੇ ਟੋਏ ਵਿੱਚ ਭੁੰਨ੍ਹਿਆ ਜਾਂਦਾ ਹੈ ਤੇ ਕੋਲ਼ੇ ਦੇ ਨਾਲ਼ ਬਾਲਣ ਦਾ ਕੰਮ ਕਰਦੀਆਂ ਹਨ ਪੁਰਾਣੀ ਫ਼ਸਲ ਦੀਆਂ ਨਾੜਾਂ। ਬੱਲੀਆਂ ਇਕਸਾਰ ਭੁੱਜ ਸਕਣ ਇਹਦੇ ਲਈ ਲੱਕੜ ਦੀ ਲੰਬੀ ਸਾਰੀ ਸੋਟੀ ਨਾਲ਼ ਇਨ੍ਹਾਂ ਨੂੰ ਹਿਲਾਇਆ ਜਾਂਦਾ ਹੈ। ਸਮੇਂ ਸਿਰ ਹਿਲਾਉਣਾ ਸਭ ਤੋਂ ਵੱਡਾ ਕੰਮ ਹੈ। ''ਛੇਤੀ ਕੱਢ ਲਈਏ ਇਹ ਕੱਚਾ ਰਹਿ ਜਾਂਦਾ ਹੈ; ਬਹੁਤਾ ਸਮਾਂ ਛੱਡਣ ਨਾਲ਼ ਇਹ ਸੁੱਕ ਜਾਂਦਾ ਹੈ,'' 45 ਸਾਲਾ ਭੀਮਾ ਨਾਨਾ ਦਾਖਣੇ ਸਮਝਾਉਣ ਦੇ ਲਹਿਜੇ ਵਿੱਚ ਕਹਿੰਦੇ ਹਨ। ਉਹ ਛਤਰਪਤੀ ਸਾਂਭਾਜੀਨਗਰ (ਪੁਰਾਣਾ ਨਾਮ ਔਰੰਗਾਬਾਦ) ਜ਼ਿਲ੍ਹੇ ਦੇ ਕਿਸਾਨ ਹਨ।
ਬੱਲੀਆਂ ਭੁੱਜਣ ਤੋਂ ਬਾਅਦ ਛਿਲ਼ਕੇ ਲਾਹੁਣ ਲਈ ਔਰਤਾਂ ਆਪਣੀਆਂ ਤਲ਼ੀਆਂ ਵਿੱਚ ਦਾਣਿਆਂ ਨੂੰ ਮਸਲ਼ਦੀਆਂ ਹਨ। ਫਿਰ ਰਿੰਨ੍ਹਣ ਦੀ ਤਿਆਰੀ ਸ਼ੁਰੂ ਹੁੰਦੀ ਹੈ। ''ਸਵੇਰ ਤੋਂ ਲੈ ਕੇ ਦੇਰ ਸ਼ਾਮ ਤੱਕ ਮੈਂ ਹੋਰ ਔਰਤਾਂ ਨਾਲ਼ ਰਸੋਈ ਵਿੱਚ ਕੰਮ ਕਰਦੀ ਹਾਂ। ਅਜਿਹਾ ਪਕਵਾਨ ਬਣਾਉਣ ਤੇ ਖਵਾਉਣ ਵਿੱਚ ਸਾਨੂੰ ਬੜਾ ਮਾਣ ਹੁੰਦਾ ਹੈ ਜੋ ਅਨਾਜ ਸਾਡੇ ਖੇਤਾਂ ਤੋਂ ਆਉਂਦਾ ਹੈ,'' ਸਵਿਤਾ ਦਾਖਣੇ ਕਹਿੰਦੇ ਹਨ।














