ਚੰਦ੍ਰਮਾ, ਕਾਠਗੋਲਾਪ (ਫ੍ਰੈਂਜਿਪੇਨੀ ਜਾਂ ਪਲੂਮੇਰੀਆ ਰੁਬਰਾਂ) ਭਾਵ ਚੰਪਾ ਦੇ ਮਹਿਕਾਂ ਛੱਡਦੇ, ਕ੍ਰੀਮੀ-ਸਫ਼ੇਦ ਅਤੇ ਪੀਲੇ ਫੁੱਲਾਂ ਨੂੰ ਇੱਕ ਲੰਮੀ ਸਾਰੀ ਮਾਲ਼ਾ ਵਿੱਚ ਗੁੰਦ ਰਹੇ ਹਨ। ਸੋਨੇ ਦੀਆਂ ਉਨ੍ਹਾਂ ਦੀਆਂ ਤਿੰਨ ਬਹੁਤ ਹੀ ਸੋਹਣੀਆਂ ਨੱਥਾਂ, ਜੋ ਉਨ੍ਹਾਂ ਨੇ ਪਾਈਆਂ ਹੋਈਆਂ ਹਨ, ਅਪ੍ਰੈਲ ਦੀ ਦੁਪਹਿਰ ਦੀ ਲਿਸ਼ਕਵੀਂ ਧੁੱਪ ਨਾਲ਼ੋਂ ਅਤੇ ਉਨ੍ਹਾਂ ਦੇ ਹੱਥਾਂ ਵਿੱਚ ਫੜ੍ਹੇ ਫ੍ਰੈਂਗੀਪੈਨੀ ਫੁੱਲਾਂ ਦੇ ਅੰਦਰਲੇ ਗੂੜ੍ਹੇ ਪੀਲ਼ੇ ਰੰਗ ਨਾਲ਼ੋਂ ਵੀ ਵੱਧ ਦਮਕ ਰਹੀਆਂ ਹਨ। ਉਹ ਅਤੇ ਉਨ੍ਹਾਂ ਦੇ ਗਦਬਾ ਆਦਿਵਾਸੀ ਸਮੂਹ ਦੀਆਂ ਵੀਹ ਹੋਰ ਔਰਤਾਂ, ਓਡੀਸ਼ਾ ਦੇ ਕੋਰਾਪੁੱਟ ਜ਼ਿਲ੍ਹੇ ਦੇ ਪੁਤਪੰਡੀ ਪਿੰਡ ਦੇ ਬਾਹਰ ਖੁੱਲ੍ਹੀ ਥਾਂਵੇਂ ਮਾਲ਼ਾਵਾਂ ਪਰੋਣ ਵਿੱਚ ਵਿਅਸਤ ਹਨ। ਉਨ੍ਹਾਂ ਸਾਰੀਆਂ ਨੇ ਦੋ ਜਾਂ ਤਿੰਨ ਨੱਥਾਂ ਪਾਈਆਂ ਹੋਈਆਂ ਹਨ।
“ਇਹ ਜਿਹੜੀ ਸੱਜੇ ਪਾਸੇ ਵਾਲ਼ੀ ਨੱਥ ਹੈ, ਇਸਨੂੰ ਅਸੀਂ ਬੇਸਰੀ ਕਹਿੰਦੇ ਹਾਂ, ਵਿਚਕਾਰ ਵਾਲ਼ੀ ਨੂੰ ਡੋਂਡੀ ਅਤੇ ਖੱਬੀ ਵਾਲ਼ੀ ਨੂੰ ਨੱਤੋ। ਜਦੋਂ ਤੋਂ ਮੈਂ ਹੋਸ਼ ਸੰਭਾਲ਼ੀ ਮੈਂ ਇਹ ਪਾਈ ਹੋਈ ਸੀ। ਜਿਵੇਂ ਮੈਂ ਆਪਣੇ ਜਨਮ ਵੇਲ਼ੇ ਵੀ ਪਾਈ ਹੋਵੇ,” 70 ਸਾਲਾ ਚੰਦ੍ਰਮਾ ਗਦਬਾ ਇੰਨਾ ਕਹਿ ਕੇ ਹੱਸਣ ਲੱਗਦੇ ਹਨ। ਉਨ੍ਹਾਂ ਦੀ ਡੋਂਡੀ ਰਤਾ ਕੁ ਉਤਾਂਹ ਹੋਈ ਤਾਂ ਉਨ੍ਹਾਂ ਦੇ ਹੇਠਲੇ ਬੁੱਲ੍ਹ ਦੀ ਝਲਕ ਮਿਲ਼ਦੀ ਹੈ, ਜੋ ਆਮ ਤੌਰ 'ਤੇ ਡੋਂਡੀ ਤੋਂ ਲਮਕਦੀ ਸੋਨੇ ਦੀ ਝੁਬਕੀ ਨਾਲ਼ ਢੱਕਿਆ ਰਹਿੰਦਾ ਹੋਣਾ।
"ਪਹਿਲਾਂ ਸਾਡੇ ਗਦਬਾ ਕਬੀਲੇ ਵਿੱਚ, ਕੁੜੀਆਂ ਨੂੰ ਬਹੁਤ ਛੋਟੀ ਉਮਰੇ ਤਿੰਨੋਂ ਨੱਥਾਂ ਪਵਾ ਦਿੱਤੀਆਂ ਜਾਂਦੀਆਂ ਸਨ। ਪਰ ਹੁਣ ਉਹ ਨੱਕ ਹੀ ਦੇਰ ਨਾਲ਼ ਛਿਦਵਾਉਂਦੀਆਂ ਹਨ- ਆਮ ਤੌਰ 'ਤੇ ਪੰਜ ਜਾਂ ਦਸ ਸਾਲ ਦੀ ਉਮਰ ਤੋਂ ਬਾਅਦ। ਕਈ ਵਾਰੀ ਤਾਂ ਨੌਜਵਾਨ ਕੁੜੀਆਂ ਨੱਕ ਛਿਦਵਾਉਣਾ ਪਸੰਦ ਵੀ ਨਹੀਂ ਕਰਦੀਆਂ," ਉਹ ਦੱਸਦੇ ਹਨ। ਗੱਲਾਂ ਹੋਈਆਂ ਜਾਂਦੀਆਂ ਹਨ ਤੇ ਉਨ੍ਹਾਂ ਦੇ ਹੱਥ ਵੀ ਚੱਲਦੇ ਹੀ ਰਹਿੰਦੇ ਹਨ। ਇਹ ਮਾਲ਼ਾਵਾਂ ਸ਼ਾਮ ਨੂੰ ਉਦੋਂ ਕੰਮ ਆਉਣਗੀਆਂ ਜਦ ਪੁਰਸ਼ ਸ਼ਿਕਾਰ ਤੋਂ ਵਾਪਸ ਆਉਣਗੇ। ਇਹ ਚੈਤ ਪਰਬ (ਜਾਂ ਚੇਤ ਪਰਵ) ਦਾ ਸਮਾਂ ਹੈ।
ਚੈਤ (ਚੇਤ) ਪਰਵ ਕਿਸਾਨੀ ਤਿਓਹਾਰ ਹੈ ਜੋ 14 ਦਿਨਾਂ ਤੱਕ ਚੱਲਦਾ ਹੈ, ਜਿਸਨੂੰ ਓਡੀਸ਼ਾ ਅਤੇ ਝਾਰਖੰਡ ਦੀਆਂ ਕਈ ਆਦਿਵਾਸੀ ਜਾਤੀਆਂ ਮਨਾਉਂਦੀਆਂ ਹਨ। ਇਹ ਚੇਤ ਮਹੀਨੇ ਦੀ ਸ਼ੁਰੂਆਤ ਦਾ ਸੰਕੇਤ ਹੈ, ਜੋ ਹਿੰਦੂ ਪੰਚਾਂਗ ਦਾ ਪਹਿਲਾ ਮਹੀਨਾ ਹੈ। ਤਿਉਹਾਰ ਦਾ ਸਮਾਂ, ਯਾਨੀ ਕਿ ਅੱਧ ਅਪ੍ਰੈਲ, ਪਰੰਪਰਾਗਤ ਰੂਪ ਵਿੱਚ ਖੇਤਾਂ ਦੇ ਕੰਮ ਤੋਂ ਰਤਾ ਕੁ ਵਿਹਲ ਤੇ ਅਰਾਮ ਦਾ ਸਮਾਂ ਹੁੰਦਾ ਹੈ, ਜਦੋਂ ਹਵਾ ਵਿੱਚ ਗਰਮੀਆਂ ਦੇ ਗੀਤ ਅਤੇ ਮੌਸਮੀ ਫਲ-ਫੁੱਲਾਂ ਦੀ ਖੁਸ਼ਬੂ ਤੈਰ ਰਹੀ ਹੁੰਦੀ ਹੈ। ਗਦਬਾ ਭਾਈਚਾਰੇ ਦੀਆਂ ਨੌਜਵਾਨ ਅਤੇ ਬਜ਼ੁਰਗ ਔਰਤਾਂ ਗੀਤ ਗਾਉਂਦੀਆਂ, ਨੱਚਦੀਆਂ, ਸ਼ਰਾਬ ਪੀਂਦੀਆਂ, ਪਿੰਡ ਦੇ ਦੇਵਤਿਆਂ ਨੂੰ ਕੱਚੇ ਅੰਬ ਚੜ੍ਹਾਉਂਦੀਆਂ ਅਤੇ ਸ਼ਿਕਾਰ 'ਤੇ ਗਏ ਪੁਰਸ਼ਾਂ ਦੇ ਸੁਆਗਤ ਲਈ ਮਾਲ਼ਾਵਾਂ ਪਰੋਂਦੀਆਂ ਹਨ।








