ਦੁਲੇਸ਼ਵਰੀ ਸਾਰੇਨ ਦੇ ਰਾਸ਼ਨ ਕਾਰਡ 'ਤੇ ਉਨ੍ਹਾਂ ਦਾ ਜਨਮ ਵਰ੍ਹਾ ਭਾਵੇਂ 1963 ਬੋਲਦਾ ਹੋਵੇ ਪਰ ਇਸ ਸੰਤਾਲ ਬਜ਼ੁਰਗ ਔਰਤ ਦੀ ਕਮਜ਼ੋਰ ਦੇਹ ਤੇ ਝੁਰੜਾਇਆ ਚਿਹਰਾ ਦੱਸਦਾ ਹੈ ਕਿ ਉਹ ਇਸ ਵਰ੍ਹੇ ਤੋਂ ਵੀ ਕਈ ਦਹਾਕੇ ਪਹਿਲਾਂ ਹੀ ਪੈਦਾ ਹੋ ਚੁੱਕੀ ਸੀ। ''ਉਹ ਪੱਕਾ 100 ਸਾਲ ਦੀ ਹੋਵੇਗੀ,'' ਉਸਦੀ 16 ਕੁ ਸਾਲਾ ਪੜਪੋਤੀ, ਪ੍ਰਮਿਲਾ ਕਿਸਕੂ ਕਹਿੰਦੀ ਹੈ।
ਅਸੀਂ ਪੱਛਮੀ ਬੰਗਾਲ ਦੇ ਸ਼ਾਂਤੀਨਿਕੇਤਨ ਗੁਆਂਢ ਪੈਂਦਾ ਬਘਨਪਾਰਾ ਮੁਹੱਲੇ ਦੇ ਉਸ ਮਕਾਨ ਦੇ ਬਾਹਰ ਬੈਠੇ ਹਨ ਜਿੱਥੇ ਇਹ ਬਜ਼ੁਰਗ ਔਰਤ ਰਹਿੰਦੀ ਹੈ। ਇੱਥੋਂ ਦੀਆਂ ਵਲ਼ੇਵੇਂ ਖਾਂਦੀਆਂ ਗਲ਼ੀਆਂ ਵਿੱਚ ਅਵਾਰਾ ਕੁੱਤੇ ਤੇ ਪਾਲਤੂ ਮੁਰਗੀਆਂ ਇਕੱਠੇ ਦੇਖੇ ਜਾ ਸਕੇ ਹਨ, ਕੁੱਤੇ ਤਾਂ ਸੁਸਤੀ ਖਲ੍ਹਾਰ ਰਹੇ ਹਨ ਜਦੋਂ ਕਿ ਚੋਗਾ ਚੁਗਣ ਵਿੱਚ ਮਸ਼ਰੂਫ਼ ਮੁਰਗੇ-ਮੁਰਗੀਆਂ ਚੁੰਝਾਂ ਨਾਲ਼ ਜ਼ਮੀਨ ਪੁੱਟੀ ਜਾ ਰਹੇ ਹਨ।
''ਸ਼ਾਂਤੀਨਿਕੇਤਨ... ਅਮਰ ਨਾਤਨੀਰ ਨਾਮ (ਸ਼ਾਂਤੀਨਿਕੇਤਨ... ਮੇਰੀ ਦੋਹਤੀ ਦਾ ਨਾਮ ਹੈ),'' ਇੰਨਾ ਕਹਿੰਦਿਆਂ ਦੁਲੇਸ਼ਵਰੀ ਦੀ ਅਵਾਜ਼ ਮੱਠੀ ਪੈ ਜਾਂਦੀ ਹੈ। ਫਿਰ ਉਹ ਆਪਣੇ ਛੋਟੇ ਕੱਟੇ ਵਾਲ਼ਾਂ ਵਿੱਚ ਉਂਗਲਾਂ ਫੇਰਦੀ ਹੋਈ ਮੁਸਕਾਉਣ ਲੱਗਦੀ ਹੈ।
''ਉਕੁਨ ਹੋਏ ਛਿਲੋ (ਮੇਰੇ ਜੂੰਆਂ ਪੈ ਗਈਆਂ ਸਨ),'' ਉਹ ਸਾਨੂੰ ਦੱਸਦੀ ਹੈ,''ਕਿਹਦੇ ਕੋਲ਼ ਇੰਨੀ ਵਿਹਲ ਸੀ ਕਿ ਬਹਿ ਕੇ ਮੇਰੀਆਂ ਜੂੰਆਂ ਕੱਢਦਾ? ਇਸੇ ਲਈ ਉਹਨੇ ਮੇਰੇ ਵਾਲ਼ ਹੀ ਕੱਟ ਦਿੱਤੇ,'' ਆਪਣੇ ਕੋਲ਼ ਪੈਠੀ ਪ੍ਰਮਿਲਾ ਵੱਲ ਇਸ਼ਾਰਾ ਕਰਦਿਆਂ ਦੁਲੇਸ਼ਵਰੀ ਕਹਿੰਦੀ ਹੈ। ''ਇਹ (ਪ੍ਰਮਿਲਾ) ਰੋਜ਼ ਮੇਰੇ ਲਈ ਚਾਹ ਬਣਾਉਂਦੀ ਹੈ।''








