“ਅਸੀਂ ਇਹ ਪਕਵਾਨ ਗੈਸ ’ਤੇ ਤਿਆਰ ਕਰਨੇ ਸੀ,” ਬੁਝਦੇ ਜਾਂਦੇ ਕੋਲਿਆਂ ਵੱਲ ਨੀਝ ਨਾਲ ਤੱਕਦਿਆਂ ਰਿਆਜ਼ ਅਹਿਮਦ ਨੇ ਕਿਹਾ। “ਪਰ ਗੈਸ ਦੀ ਕਮੀ ਕਰਕੇ ਲੱਕੜਾਂ ਵਰਤਣੀਆਂ ਪਈਆਂ। ਦੁੱਗਣਾ ਖਰਚਾ ਹੋ ਰਿਹੈ।”
50 ਸਾਲਾ ਰਿਆਜ਼ ਅਹਿਮਦ ਆਂਚਾਰੀ ਰਵਾਇਤੀ ਕਸ਼ਮੀਰੀ ਖਾਨਸਾਮਾ ਯਾਨੀ ਕਿ ਵਾਜ਼ਾ ਹੈ। ਸਗੋਂ ਉਹ ਦੋਸਤ ਦੀ ਭੈਣ ਦੇ ਵਿਆਹ ਵਿੱਚ ਮੁੱਖ ਵਾਜ਼ਾ ਹੈ। ਤੇ ਉਹ ਇਸ ਵੇਲੇ ਅਜਿਹੀ ਸਮੱਸਿਆ ਨਾਲ ਜੂਝ ਰਿਹਾ ਹੈ ਜਿਸਦਾ ਇਸ ਤੋਂ ਪਹਿਲਾਂ ਅੰਦਾਜ਼ਾ ਨਹੀਂ ਸੀ।
3,000 ਕਿਲੋਮੀਟਰ ਦੂਰ ਇਰਾਨ ਵਿੱਚ ਹੋ ਰਹੀ ਜੰਗ ਦਾ ਬੁਰਾ ਅਸਰ ਕਸ਼ਮੀਰ ਦੇ ਵਿਆਹਾਂ ’ਤੇ ਪੈ ਰਿਹਾ ਹੈ।
ਪਹਿਲਾਂ ਪੂਰੇ ਘਰ ਵਿੱਚ ਰੌਣਕ ਸੀ। ਕੁਝ ਲੋਕ ਰਵਾਇਤੀ ਗੀਤ ਗਾ ਰਹੇ ਸਨ, ਕੁਝ ਨੱਚ ਰਹੇ ਸਨ ਤੇ ਬਾਕੀ ਮਹਿਮਾਨਾਂ ਦੀ ਸੇਵਾ ਵਿੱਚ ਲੱਗੇ ਸਨ। ਘਰ ਉੱਤੇ ਲਾਈਆਂ ਲੜੀਆਂ ਨਾਲ ਰਾਤ ਦਾ ਜਲੌਅ ਵੱਖਰਾ ਹੀ ਸੀ।
ਮੈਨੂੰ ਵਾਜ਼ੇ, ਉਹਨਾਂ ਦੀਆਂ ਕਹਾਣੀਆਂ, ਪੀੜ੍ਹੀ-ਦਰ-ਪੀੜ੍ਹੀ ਚਲਦੇ ਆ ਰਹੇ ਉਹਨਾਂ ਦੇ ਪਕਵਾਨ ਹਮੇਸ਼ਾ ਹੀ ਆਕਰਸ਼ਤ ਕਰਦੇ ਰਹੇ ਨੇ। ਇਸੇ ਕਰਕੇ ਮੈਂ ਲਗਭਗ 11 ਕੁ ਵਜੇ ਇਹਨਾਂ ਖਾਨਸਾਮਿਆਂ ਕੋਲ ਆ ਕੇ ਬਹਿ ਗਿਆ, ਜਦ ਉਹ ਵਿਆਹ ਲਈ ਪਕਵਾਨ ਤਿਆਰ ਕਰ ਚੁੱਕੇ ਸਨ।
ਹਰ ਵਾਜ਼ਾ ਬੇਹੱਦ ਹੁਨਰਮੰਦ ਹੁੰਦਾ ਹੈ। ਇੱਕ ਮੀਟ ਨੂੰ ਬੇਹੱਦ ਬਰੀਕੀ ਨਾਲ ਕੱਟਣ ਵਿੱਚ ਮਾਹਰ ਹੈ। ਦੂਜੇ ਨੂੰ ਮੱਠੀ ਅੱਗ ’ਤੇ ਖਾਣਾ ਪਕਾਉਣ ਦਾ ਗਿਆਨ ਹੈ। ਜਦ ਕਿ ਇੱਕ ਹੋਰ ਕੋਲ ਮਸਾਲਿਆਂ ਦਾ ਲਗਭਗ ਸੁਭਾਵਿਕ ਗਿਆਨ ਹੈ, ਸਿਰਫ਼ ਇੱਕ ਨਜ਼ਰ ਵਿੱਚ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਪਕਵਾਨ ਵਿੱਚ ਕਿਸ ਮਸਾਲੇ ਦੀ ਘਾਟ ਹੈ।











