ਤੁਕਾਰਾਮ ਮਾਸਲ ਆਪਣੇ ਮੋਟਰਸਾਈਕਲ ਨਾਲ਼ ਪਲਾਸਟਿਕ ਦੇ ਦੋ ਵੱਡੇ ਡੱਬੇ ਬੰਨ੍ਹੀ ਡੀਜ਼ਲ ਖ਼ਰੀਦਣ ਲਈ ਸ਼ਹਿਰ ਵੱਲ ਨਿਕਲ਼ ਪੈਂਦੇ ਹਨ। ਸੋ ਉਹ ਆਪਣਾ ਟ੍ਰੈਕਟਰ ਸਿੱਧਾ ਹੀ ਪੈਟਰੋਲ ਪੰਪ 'ਤੇ ਕਿਉਂ ਨਹੀਂ ਲੈ ਜਾਂਦੇ?
“ਉਸ ਨਾਲ਼ ਈਂਧਣ ਅਤੇ ਪੈਸੇ ਦੋਵੇਂ ਬਰਬਾਦ ਹੋਣਗੇ,” ਮਾਸਲ ਕਹਿੰਦੇ ਹਨ। ਉਨ੍ਹਾਂ ਦੇ ਅਨੁਸਾਰ, ਇੱਕ ਟ੍ਰੈਕਟਰ ਵੱਧ ਤੋਂ ਵੱਧ ਪੰਜ ਕਿਲੋਮੀਟਰ ਪ੍ਰਤੀ ਲੀਟਰ ਡੀਜ਼ਲ ਦੀ ਔਸਤ ਦਿੰਦਾ ਹੈ ਅਤੇ “ਹੁਣ ਡੀਜ਼ਲ ਦੀ ਕੀਮਤ ਲੱਗਭਗ 100 ਰੁਪਏ ਪ੍ਰਤੀ ਲੀਟਰ ਹੋ ਗਈ ਹੈ।” ਇਸ ਤੋਂ ਇਲਾਵਾ ਉਨ੍ਹਾਂ ਨੂੰ ਕਈ ਪੈਟਰੋਲ ਪੰਪਾਂ ਦੇ ਚੱਕਰ ਲਾਉਣੇ ਪੈਂਦੇ ਹਨ।
ਡੀਜ਼ਲ ਰਾਸ਼ਨਿੰਗ(ਕੋਟਾ) ਸ਼ੁਰੂ ਹੋ ਗਈ ਹੈ।
ਮਹਾਰਾਸ਼ਟਰ ਦੇ ਸੋਕਾ ਪ੍ਰਭਾਵਿਤ ਧਾਰਾਸਿਵ ਜ਼ਿਲ੍ਹੇ ਦੇ ਭੂਮ ਕਸਬੇ ਤੋਂ ਲਗਭਗ 25 ਕਿਲੋਮੀਟਰ ਦੂਰ ਵਾਕਵਡ ਪਿੰਡ ਦੇ 53 ਸਾਲਾ ਕਿਸਾਨ ਮਾਸਲ ਕਹਿੰਦੇ ਹਨ,“ਉਹ ਹਰ ਵਾਰੀ ਸਿਰਫ਼ ਕੁਝ ਕੁ ਲੀਟਰ ਡੀਜ਼ਲ ਹੀ ਦਿੰਦੇ ਹਨ।”
“ਮੈਂ ਅੱਡੋ-ਅੱਡ ਪੰਜ ਪੈਟਰੋਲ ਪੰਪਾਂ 'ਤੇ ਜਾ ਕੇ ਡੀਜ਼ਲ ਖਰੀਦਦਾ ਹਾਂ ਤਾਂ ਜੋ ਘਟੋ-ਘੱਟ 20–25 ਲੀਟਰ ਤੇਲ ਇਕੱਠਾ ਕਰ ਸਕਾਂ, ਜੋ ਇੱਕ ਦਿਨ ਲਈ ਪੂਰਾ ਪੈ ਸਕੇ,” ਉਹ ਦੱਸਦੇ ਹਨ। ਭੂਮ ਤੇ ਉਸਦੇ ਆਸ-ਪਾਸ ਪੈਟਰੋਲ ਪੰਪ ਬਹੁਤ ਘੱਟ ਹਨ।
ਕੁਝ ਦਿਨਾਂ ਵਿੱਚ ਮਾਸਲ ਡੀਜ਼ਲ ਦੀ ਭਾਲ਼ ਵਿੱਚ ਇੱਕ ਪੰਪ ਤੋਂ ਦੂਜੇ ਪੰਪ ਤੱਕ ਜਾਂਦੇ ਹੋਏ 70–80 ਕਿ.ਮੀ. ਦੀ ਯਾਤਰਾ ਕਰਦੇ ਹਨ। ਉਹ ਕਹਿੰਦੇ ਹਨ,“ਅਤੇ ਫਿਰ ਵੀ ਮੈਂ ਆਪਣੇ ਆਪ ਨੂੰ ਵਢਭਾਗਾ ਮੰਨਦਾ ਹਾਂ, ਬੇਸ਼ਰਤੇ ਕਿ ਹਰ ਦੋ-ਤਿੰਨ ਦਿਨਾਂ ਵਿੱਚ ਕੁਝ ਕੁ ਡੀਜ਼ਲ ਮਿਲ਼ਦਾ ਜਾਵੇ।” ਕਈ ਵਾਰੀ ਪੈਟਰੋਲ ਪੰਪ ਕਰਮਚਾਰੀ ਪਲਾਸਟਿਕ ਦੇ ਡੱਬਿਆਂ ਵਿੱਚ ਡੀਜ਼ਲ ਭਰਨ ਤੋਂ ਵੀ ਇਨਕਾਰ ਕਰ ਦਿੰਦੇ ਹਨ ਅਤੇ ਟ੍ਰੈਕਟਰ ਲਿਆਉਣ ਦੀ ਸ਼ਰਤ ਰੱਖਦੇ ਹਨ।











