50 ਸਾਲਾ ਸੁਭਾਸ਼ ਬਿੱਕੜ ਲਗਭਗ ਦੋ ਦਹਾਕਿਆਂ ਤੱਕ ਛਤਰਪਤੀ ਸੰਭਾਜੀਨਗਰ ਦੀ ਇੱਕ ਟ੍ਰਾਂਸਪੋਰਟ ਕੰਪਨੀ ਵਿੱਚ ਟਰੱਕ ਚਾਲਕ ਰਹੇ। ਦਸੰਬਰ 2019 ਵਿੱਚ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਦਿਸ਼ਾ ਬਦਲਣ ਦਾ ਫ਼ੈਸਲਾ ਕੀਤਾ।
ਸੁਭਾਸ਼ ਦੱਸਦੇ ਹਨ,“ਮੈਂ ਆਪਣੇ ਦੋ ਦੋਸਤਾਂ ਦੇ ਨਾਲ਼ ਮਿਲ਼ ਕੇ ਆਪਣੀ ਟ੍ਰਾਂਸਪੋਰਟ ਕੰਪਨੀ ਸ਼ੁਰੂ ਕੀਤੀ। ਅਸੀਂ ਤਿੰਨ ਟਰੱਕ ਅਤੇ ਕਨਟੇਨਰ ਖਰੀਦੇ। ਅਸੀ ਤਿੰਨੋਂ ਇੱਕੋ ਪਿੰਡ ਦੇ ਸਾਂ ਅਤੇ ਅਸੀਂ ਪੂਰੇ ਦੇਸ਼ ਵਿੱਚ ਟਰੱਕ ਚਲਾਏ ਸਨ। ਪੁਣੇ ਦੇ ਇੱਕ ਦੋਸਤ ਨੇ ਗਾਰੰਟਰ ਬਣ ਕੇ ਸਾਡੀ ਮਦਦ ਕੀਤੀ।”
ਬੱਸ ਇੱਥੋਂ ਹੀ ਉਨ੍ਹਾਂ ਦਾ ਟਰੱਕ ਚਾਲਕ ਤੋਂ ਮਾਲਿਕ ਬਣਨ ਦਾ ਸਫ਼ਰ ਸ਼ੁਰੂ ਹੋਇਆ। ਸਿਰਫ਼ ਬਿੱਕੜ ਅਤੇ ਉਨ੍ਹਾਂ ਦੇ ਭਾਈਵਾਲ਼ ਸਾਥੀਆਂ ਲਈ ਹੀ ਨਹੀਂ, ਬਲਕਿ ਉਨ੍ਹਾਂ ਦੇ ਪਿੰਡ ਸਾਰਣੀ ਸਾਂਗਵੀ ਦੇ ਲਗਭਗ 80 ਨੌਜਵਾਨਾਂ ਲਈ ਵੀ। 1460 ਦੀ ਆਬਾਦੀ ਵਾਲ਼ੇ ਇਸ ਪਿੰਡ ਵਿੱਚ ਹਰ ਚੌਥਾ ਪਰਿਵਾਰ ਟਰੱਕ ਟਰਾਂਸਪੋਰਟ ਬਿਜ਼ਨਸ ਨਾਲ਼ ਜੁੜ ਗਿਆ। ਸਾਰਣੀ ਸਾਂਗਵੀ ਸੋਕੇ ਨਾਲ਼ ਜੂਝ ਰਹੇ ਬੀੜ ਜ਼ਿਲ੍ਹੇ ਦੀ ਕੈਜ ਤਹਿਸੀਲ ਦਾ ਜੁੜਵਾਂ ਪਿੰਡ ਹੈ।
ਸਾਲ 2025 ਤੱਕ ਸਾਰਣੀ ਸਾਂਗਵੀ ਟਰੱਕਾਂ ਅਤੇ ਟਰੱਕ ਕਨਟੇਨਰਾਂ (ਸ਼ਿਪਿੰਗ ਜਾਂ ਕਾਰਗੋ ਕਨਟੇਨਰ) ਦਾ ਪਿੰਡ ਬਣ ਚੁੱਕਾ ਸੀ। ਇੱਥੋਂ ਦੇ 80 ਲੋਕਾਂ ਕੋਲ਼ ਕੁੱਲ ਮਿਲ਼ਾ ਕੇ 400 ਟਰੱਕ ਅਤੇ ਲੋਡਿੰਗ ਕਨਟੇਨਰ ਸਨ। ਇਨ੍ਹਾਂ ਦਾ ਕਾਰੋਬਾਰ ਤੇਜ਼ੀ ਨਾਲ਼ ਵਧਿਆ ਅਤੇ ਦੇਸ਼ ਦੀਆਂ ਕਈ ਵੱਡੀਆਂ ਟਰਾਂਸਪੋਰਟ ਕੰਪਨੀਆਂ ਨੇ ਇਨ੍ਹਾਂ ਨੂੰ ਕੰਮ ਦੇਣਾ ਸ਼ੁਰੂ ਕਰ ਦਿੱਤਾ। ਕਈ ਲੋਕ ਇੱਕ ਦੂਜੇ ਦੇ ਗਾਰੰਟਰ ਬਣ ਕੇ ਇਸ ਕਾਮਯਾਬੀ ਦਾ ਰਾਹ ਸੌਖਾ ਬਣਾਇਆ। ਪਿੰਡ ਦੇ ਸਰਪੰਚ ਸੁਨੀਲ ਕੇਦਾਰ ਨੇ ਪਾਰੀ ਨੂੰ ਦੱਸਿਆ,“ਦੀਵਾਲ਼ੀ ਅਸੀਂ ਖੇਤਾਂ ਵਿੱਚ ਖੜ੍ਹੇ ਸਾਰੇ ਟਰੱਕਾਂ ਦੀ ਪੂਜਾ ਕਰਕੇ ਮਨਾਈ ਸੀ।”
ਹੁਣ ਟਰੱਕ ਤੇ ਕਨਟੇਨਰ ਹੀ ਪਿੰਡ ਦੇ ਨਵੇਂ ਦੇਵਤੇ ਸਨ।
ਪਰ ਅੱਜ ਇਨ੍ਹਾਂ ਵਿੱਚੋਂ ਵੱਡੀ ਗਿਣਤੀ ਵਿੱਚ ਟਰੱਕ ਅਤੇ ਕਨਟੇਨਰ ਜਾਂ ਤਾਂ ਉਨ੍ਹਾਂ ਥਾਂਵਾਂ 'ਤੇ ਫਸੇ ਹੋਏ ਹਨ ਜਿੱਥੇ ਉਨ੍ਹਾਂ ਨੂੰ ਭੇਜਿਆ ਗਿਆ ਸੀ ਜਾਂ ਰਸਤੇ ਵਿੱਚ ਖੜ੍ਹੇ ਹਨ। ਪਿੰਡ ਵਿੱਚ ਸਾਨੂੰ ਅਜਿਹੇ ਵਾਹਨ ਬਹੁਤ ਘੱਟ ਹੀ ਵੇਖਣ ਨੂੰ ਮਿਲ਼ੇ। ਅਮਰੀਕਾ ਅਤੇ ਇਜ਼ਰਾਈਲ ਦੇ ਇਰਾਨ 'ਤੇ ਹਮਲੇ ਨੇ ਸਾਰਣੀ ਸਾਂਗਵੀ ਦੀ ਦੌਲਤ ਨੂੰ ਡੂੰਘਾ ਝਟਕਾ ਦਿੱਤਾ ਹੈ। ਵੱਡੇ ਰੋਡ ਟੈਕਸ ਅਤੇ ਹੋਰ ਕਾਰਨਾਂ ਕਰਕੇ ਇਹ ਖ਼ੁਸ਼ਹਾਲੀ ਪਹਿਲਾਂ ਹੀ ਕੁਝ-ਕੁਝ ਫਿੱਕੀ ਪੈਣ ਲੱਗੀ ਸੀ।







