ਚਾਰ ਛੋਟੇ ਸਕੂਲੀ ਬੱਚੇ ਉਸ ਥਾਵੇਂ ਉਤਸੁਕਤਾ ਨਾਲ਼ ਭਰੇ ਬੈਠੇ ਹਨ, ਜਿੱਥੇ ਹੈੱਡਮਾਸਟਰ ਨੇ ਉਨ੍ਹਾਂ ਨੂੰ ਜਾਣ ਨੂੰ ਕਿਹਾ ਸੀ। ਉਨ੍ਹਾਂ ਦਾ ਵਜੀਫ਼ਾ ਦਾਅ 'ਤੇ ਲੱਗਿਆ ਹੈ- ਜਿਸਦਾ ਕਾਰਨ ਕਲਾਸ ਵਿੱਚ ਉਨ੍ਹਾਂ ਦਾ ਪ੍ਰਦਰਸ਼ਨ ਜਾਂ ਉਸ ਵਿੱਚ ਕੋਈ ਕਮੀ ਨਹੀਂ। ਹੈੱਡਮਾਸਟਰ ਨੇ ਇਨ੍ਹਾਂ ਬੱਚਿਆਂ ਨੂੰ ਉੱਥੇ ਉਨ੍ਹਾਂ ਦੀ ਮਦਦ ਕਰਨ ਲਈ ਭੇਜਿਆ ਸੀ, ਨਾ ਕਿ ਕੋਈ ਸਜ਼ਾ ਦੇਣ ਲਈ ਅਤੇ ਇਹ ਜਗ੍ਹਾ ਉਨ੍ਹਾਂ ਦੇ ਸਕੂਲ ਦੀ ਕਲਾਸ ਨਹੀਂ ਹੈ। ਅਮਦਾਗੁਰ, ਜੋ ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਜ਼ਿਲ੍ਹੇ ਦੇ ਸਭ ਤੋਂ ਗ਼ਰੀਬ ਮੰਡਲਾਂ ਵਿੱਚੋਂ ਇੱਕ ਹੈ, ਵਿੱਚ ਇਸ ਨਾਟਕ ਦੇ ਦੂਜੇ ਭਾਗ ਵਿੱਚ ਇੱਕ ਨਵਾਂ ਨਜ਼ਾਰਾ ਸ਼ਾਮਲ ਹੋਣ ਵਾਲ਼ਾ ਸੀ।
ਪਾਰੀ ਨੇ 16 ਜਨਵਰੀ ਨੂੰ, ਅਮਦਾਗੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪੜ੍ਹਨ ਵਾਲ਼ੇ ਪੰਜਵੀਂ ਜਮਾਤ ਦੇ ਚਾਰ ਵਿਦਿਆਰਥੀਆਂ ਅਤੇ 10 ਸਾਲਾ ਦਲਿਤ ਕੁੜੀ, ਜੇ. ਇੰਦੂ ਬਾਰੇ ਇੱਕ ਕਹਾਣੀ ਪ੍ਰਕਾਸ਼ਤ ਕੀਤੀ ਸੀ। ਇਹ ਪੰਜੋਂ ਬੱਚੇ ਇਸ ਸਾਲ ਆਪਣੇ ਵਜੀਫ਼ੇ ਤੋਂ ਵਾਂਝੇ ਰਹਿਣ ਵਾਲ਼ੇ ਸਨ, ਕਿਉਂਕਿ ਉਨ੍ਹਾਂ ਦੇ ਆਧਾਰ ਕਾਰਡਾਂ 'ਤੇ ਉਨ੍ਹਾਂ ਦੇ ਨਾਵਾਂ ਦੇ ਸਪੈਲਿੰਗ ਸਹੀ ਨਹੀਂ ਸਨ ਲਿਖੇ ਗਏ। ਇੰਦੂ ਦਾ ਨਾਮ ਉਸ ਦੇ ਕਾਰਡ ਤੇ 'ਹਿੰਦੂ' ਲਿਖਿਆ ਗਿਆ। ਬਾਅਦ ਵਿੱਚ ਜਦੋਂ ਉਸ ਦੇ ਘਰਵਾਲ਼ਿਆਂ ਨੇ ਨਾਮ ਠੀਕ ਕਰਨ ਲਈ ਬਿਨੈ ਕੀਤਾ, ਤਦ ਵੀ ਠੀਕ ਨਾ ਹੋਇਆ ਅਤੇ ਨਵੇਂ ਜਾਰੀ ਕੀਤੇ ਗਏ ਆਧਾਰ ਕਾਰਡ 'ਤੇ ਵੀ ਨਾਮ 'ਹਿੰਦੂ' ਹੀ ਲਿਖਿਆ ਰਿਹਾ।







