“ਬਿਜਲੀ ਨਾਲ਼ ਚੱਲਣ ਵਾਲ਼ੀਆਂ ਮਧਾਣੀਆਂ ਸਾਡੇ ਰਵਾਇਤੀ ਢੰਗ-ਤਰੀਕੇ ਖ਼ਤਮ ਕਰ ਦੇਣਗੀਆਂ,” ਰਾਇਲੀ ਬਾਈ ਦੀ ਅਵਾਜ਼ ਚਾਟੀ ਵਿੱਚ ਪਈ ਮਧਾਣੀ ਦੇ ਰਿੜਕਨ ਦੀ ਉੱਠ ਰਹੀ ਛਪਾਕ-ਛਪਾਕ ਦੀ ਅਵਾਜ਼ ਵਿਚਾਲੇ ਅੱਡ ਤਰੀਕੇ ਨਾਲ਼ ਉੱਭਰਦੀ ਹੈ। ਉਹ ਮੋਟੀ ਸੂਤਲ਼ੀ ਦੇ ਦੋਹਾਂ ਸਿਰਿਆਂ ਨੂੰ ਫੜ੍ਹ ਕੇ ਖਿੱਚ- ਖਿੱਚ ਮਧਾਣੀ ਨਾਲ਼ ਦਹੀਂ ਰਿੜਕ ਰਹੀ ਹੈ। ਇਸ ਸੂਤਲ਼ੀ ਨੂੰ ਨੇਤਾਰਾ ਕਹਿੰਦੇ ਹਨ। ਮਗਰ ਪੈਂਦੀ ਪਹਾੜੀ ਤੋਂ ਪੰਛੀਆਂ ਦੇ ਚਹਿਕਣ ਦੀ ਅਵਾਜ਼ ਸੁਣਾਈ ਦੇ ਰਹੀ ਹੈ।
ਰਾਜਸਥਾਨ ਦੇ ਸਿਰੋਹੀ ਜ਼ਿਲ੍ਹੇ ਦੇ ਉਪਲਾਗੜ੍ਹ ਪਿੰਡ ਵਿਖੇ ਇਸ ਵੇਲ਼ੇ ਸਵੇਰ ਦੇ ਲਗਭਗ 5:30 ਵੱਜੇ ਹਨ। ਇਹ ਪਿੰਡ ਗੁਜਰਾਤ ਦੀ ਸੀਮਾ ਦੇ ਨੇੜੇ ਸਥਿਤ ਹੈ। ਇਹ ਖੇਤਰ ਪਹਾੜੀ ਹੈ ਅਤੇ ਢਲ਼ਾਣ ਤੋਂ ਪੱਕੀਆਂ ਗਲ਼ੀਆਂ ਲੱਥਦੀਆਂ ਤੇ ਚੜ੍ਹਦੀਆਂ ਹਨ, ਜਿਸ ਕਰਕੇ ਮੋਟਰਸਾਈਕਲ, ਜੋ ਇੱਥੋਂ ਦਾ ਸਭ ਤੋਂ ਆਮ ਵਾਹਨ ਹੈ – ਚਲਾਉਣਾ ਥੋੜ੍ਹਾ ਮੁਸ਼ਕਲ ਹੋ ਜਾਂਦਾ ਹੈ। ਗਲ਼ੀਆਂ ਦੇ ਦੋਹੀਂ ਪਾਸੀਂ ਨੀਵੀਂਆਂ ਛੱਤਾਂ ਵਾਲ਼ੇ ਪੱਕੇ ਤੇ ਕੁਝ ਕੱਚੇ ਘਰ ਬਣੇ ਹੋਏ ਹਨ। ਰਾਇਲੀ ਬਾਈ ਦਾ ਪੱਕਾ ਘਰ ਵੀ ਕੁਝ-ਕੁਝ ਅਜਿਹਾ ਹੀ ਹੈ– ਦੋ ਕਮਰੇ, ਇੱਕ ਰਸੋਈ ਅਤੇ ਇੱਕ ਬਰਾਂਡੇ ਵਾਲ਼ਾ। ਪਰ ਉਹਦਾ ਘਰ ਪਿੰਡ ਦੇ ਐਨ ਵਿਚਕਾਰ ਨਹੀਂ ਸਗੋਂ ਇੱਕ ਛੋਟੀ ਪਹਾੜੀ ਜਾਂ ਕਹਿ ਲਓ ਮਾਗਰਾ 'ਤੇ ਹੈ ਅਤੇ ਇੱਥੇ ਸਿਰਫ਼ ਪੈਦਲ ਹੀ ਪਹੁੰਚਿਆ ਜਾ ਸਕਦਾ ਹੈ।
ਰਾਇਲੀ ਬਾਈ ਵਾਂਗ ਹੀ ਪਿੰਡ ਦੇ ਬਹੁਤੇਰੇ ਲੋਕੀਂ ਗਰਾਸਿਆ ਭਾਈਚਾਰੇ ਤੋਂ ਹਨ, ਜੋ ਰਾਜ ਵਿਖੇ ਅਨੁਸੂਚਿਤ ਜਨਜਾਤੀ ਵਜੋਂ ਸੂਚੀਬੱਧ ਕੀਤੇ ਗਏ ਹਨ। ਲਗਭਗ ਚਾਲ਼ੀ ਸਾਲਾ ਰਾਇਲੀ ਬਾਈ ਕਦੇ ਵੀ ਸਕੂਲ ਨਹੀਂ ਗਈ। ਪਰ ਇਹ ਅਲੋਕਾਰੀ ਗੱਲ ਨਹੀਂ ਹੈ। 2011 ਦੀ ਮਰਦਮਸ਼ੁਮਾਰੀ ਮੁਤਾਬਕ, ਉਪਲਾਗੜ੍ਹ ਵਿਖੇ ਸਿਰਫ਼ 10 ਫੀਸਦ ਔਰਤਾਂ ਅਤੇ 27 ਫੀਸਦ ਪੁਰਸ਼ ਹੀ ਪੜ੍ਹੇ-ਲਿਖੇ ਹਨ।








