ਸਾਡਾ ਜਹਾਜ਼ ਸਾਜਨੇਖਾਲੀ ਬਾਘ ਰੱਖ, ਪਿਰਖਲੀ ਅਤੇ ਦੋਬੰਕੀ ਬਾਘ ਰੱਖ ਵਿੱਚੋਂ ਤੈਰਦਾ ਜਾ ਰਿਹਾ ਹੈ, ਪਰ ਭਾਨੂਮਤੀ ਜੀ ਕੋਲ਼ ਨੇੜਿਓਂ ਗੁਜ਼ਰਦੇ ਨਜ਼ਾਰੇ ਦਾ ਆਨੰਦ ਮਾਣਨ ਦਾ ਸਮਾਂ ਨਹੀਂ। ਵਹਿੰਦਾ ਹੋਇਆ ਪਾਣੀ, ਪਹਿਰੇਦਾਰੀ ਲਈ ਬਣਿਆ ਟਾਵਰ ਅਤੇ ਹਰਿਆਵਲ ਵਿੱਚ ਲੁਕੇ ਪੰਛੀ ਜਿਵੇਂ ਉਹਨਾਂ ਦੀ ਨਜ਼ਰ ਵਿੱਚ ਧੁੰਦਲੇ ਹਨ। ਉਹ ਪਾਣੀ ਵਾਲ਼ੇ ਜਹਾਜ਼ ਵਿੱਚ ਬਾਵਰਚੀ ਹਨ, ਉਹਨਾਂ ਵਰਗੇ ਬਾਵਰਚੀ ਅਤੇ ਸਹਾਇਕ ਅਕਸਰ ਵਿਅਸਤ ਰਹਿੰਦੇ ਹਨ। ਖਾਣਾ ਬਣਾਉਣ ਦੀਆਂ ਤਿਆਰੀਆਂ ਜੋਰ ਸ਼ੋਰ ਨਾਲ਼ ਚੱਲ ਰਹੀਆਂ ਹਨ ਜਿਸ ਲਈ ਆਲੂ, ਦਾਲ ਅਤੇ ਅੰਡੇ ਉਬਾਲਣੇ ਹਨ, ਲਸਣ ਅਤੇ ਅਦਰਕ ਕੱਟਣਾ ਹੈ, ਅਤੇ ਅਲੱਗ ਅਲੱਗ ਮਸਾਲਿਆਂ ਨੂੰ ਪੀਸਣਾ ਬਾਕੀ ਹੈ।
ਦਿਨ ਬੀਤਣ ਨਾਲ਼ ਜਿਵੇਂ ਜਿਵੇਂ ਗਰਮੀ ਵਧਦੀ ਹੈ ਰਸੋਈ ਵਿੱਚ ਕੰਮ ਕਰਦੀਆਂ ਔਰਤਾਂ ਸਮੇਂ ਸਮੇਂ ਤੇ ਥੋੜੀ ਦੇਰ ਲਈ ਆਰਾਮ ਕਰਦੀਆਂ ਹਨ। “ਤਾਰਾਤਾਰੀ ਹਾਟ ਚਾਲਾ [ਛੇਤੀ ਕੰਮ ਕਰੋ],” ਉਹ ਇੱਕ ਦੂਜੀ ਨੂੰ ਕਹਿੰਦੀਆਂ ਹਨ। “ਇੱਕ ਵਾਰ ਮੋਟਰ ਚੱਲਣ ਲੱਗ ਪਈ ਤਾਂ ਅਸੀਂ ਉਬਲਣ ਲੱਗ ਪਵਾਂਗੇ,” ਲਿਪਿਕਾ ਮੋਂਡਲ ਹੱਸਦਿਆਂ ਕਹਿੰਦੇ ਹਨ। ਉਹ ਬਾਵਰਚੀ ਹੋਣ ਦੇ ਨਾਲ਼ ਨਾਲ਼ ਸਹਾਇਕ ਵੀ ਹਨ, ਅਤੇ ਉਹ ਮੋਟਰ ਚੱਲਣ ਨਾਲ਼ ਪੈਦਾ ਹੋਣ ਵਾਲ਼ੀ ਗਰਮੀ ਬਾਰੇ ਗੱਲ ਕਰਦੇ ਹਨ ਜੋ ਇਸ ਦੇ ਨਾਲ਼ ਲੱਗਦੀ ਰਸੋਈ ਦੇ ਵਿੱਚ ਤਾਪਮਾਨ ਹੋਰ ਵਧਾ ਦਿੰਦੀ ਹੈ। ਰਸੋਈ ਵਿੱਚ ਕੰਮ ਕਰਨ ਵਾਲ਼ੀਆਂ ਔਰਤਾਂ ਅਤੇ ਸਹਾਇਕਾਂ ਦਾ ਕਹਿਣਾ ਹੈ ਕਿ ਇਹ ਗਰਮੀ ਬੇਹਾਲ ਕਰ ਦੇਣ ਵਾਲ਼ੀ ਹੁੰਦੀ ਹੈ ਅਤੇ ਇਸ ਤੋਂ ਪੰਜ ਮਿੰਟਾਂ ਲਈ ਵੀ ਪਾਸੇ ਹੋਣਾ ਨਾਮੁਮਕਿਨ ਹੈ।
ਪਾਣੀ ਦਾ ਇਹ ਜਹਾਜ਼ ਕੋਲਕਾਤਾ ਤੋਂ 110 ਕਿਲੋਮੀਟਰ ਦੂਰ ਸੁੰਦਰਬਨ ਦੇ ਗੋਸਾਬਾ ਟਾਪੂ ਦੀ ਗੋਦ ਵਿੱਚ ਵੱਸੇ ਪਿੰਡ ਪਾਖਿਰਾਲਿਆ ਤੋਂ ਚੱਲਦਾ ਹੈ। ਇਹ ਸੈਲਾਨੀਆਂ ਲਈ ਆਕਰਸ਼ਣ ਦਾ ਕੇਂਦਰ ਹੈ ਜੋ ਕਿ ਸੁੰਦਰਬਨ ਦੇ ਮੁੱਖ ਜੰਗਲੀ ਖੇਤਰ ਦਾ ਪ੍ਰਵੇਸ਼ ਦ੍ਵਾਰ ਹੈ ਜਿੱਥੇ ਬੰਗਾਲ ਬਾਘ (ਪੈਂਥੇਰਾ ਟਿਗਰਿਸ ਟਿਗਰਿਸ) ਨੂੰ ਦੇਖਿਆ ਜਾ ਸਕਦਾ ਹੈ।
ਟੂਰ ਕਰਾਉਣ ਵਾਲ਼ੇ ਆਮ ਤੌਰ ਤੇ ਇੱਕ ਕਿਸ਼ਤੀ ਤੇ ਲਗਭਗ 40 ਸੈਲਾਨੀਆਂ ਨੂੰ ਲੈ ਕੇ ਜਾਂਦੇ ਹਨ। ਛੇ ਘੰਟਿਆਂ ਦੀ ਇਹ ਸੈਰ ਇੱਕ ਵਿਅਕਤੀ ਨੂੰ 2,000-5,000 ਰੁਪਏ ਵਿੱਚ ਪੈਂਦੀ ਹੈ। ਹੋਰ ਲੰਬੀ ਸੈਰ ਜੋ ਦੋ ਦਿਨਾਂ ਲਈ ਹੁੰਦੀ ਹੈ, ਹੋਰ ਮਹਿੰਗੀ ਹੁੰਦੀ ਹੈ। ਕਿਸ਼ਤੀਆਂ ਵਿੱਚ ਦੋ ਡੈਕ ਹੁੰਦੇ ਹਨ ਅਤੇ ਹੇਠਲੀ ਮੰਜ਼ਿਲ ਤੇ ਪਲੰਘ ਅਤੇ ਸਿਰਹਾਣੇ ਹੁੰਦੇ ਹਨ ਜਿੱਥੇ ਦਿਨ ਦੀ ਗਰਮੀ ਵਿੱਚ ਸੈਲਾਨੀ ਆਰਾਮ ਕਰ ਸਕਦੇ ਹਨ।










