ਨੋਟ: PARI ਵਿੱਚ ਬਜ਼ੁਰਗਾਂ ਅਤੇ ਅਪਾਹਜਤਾ ਬਾਰੇ ਕਈ ਰਿਪੋਰਟਾਂ ਛਪੀਆਂ ਹਨ। ਹੁਣ ਅਸੀਂ ਇਹਨਾਂ ਉੱਤੇ ਖ਼ਾਸ ਤੌਰ ’ਤੇ ਤਵੱਜੋ ਦਿਆਂਗੇ। ਇਹ ਸਾਡੀ ਪਹਿਲੀ ਰਿਪੋਰਟ ਹੈ।


Sangrur, Punjab
|WED, OCT 01, 2025
ਪੰਜਾਬ ਦੇ ਹਰੇ ਇਨਕਲਾਬ ਦੀ ਲਾਲ ਫ਼ਸਲ
ਪੰਜਾਬ ’ਚ ਖੇਤੀ ਨਾਲ਼ ਜੁੜੀ ਮਸ਼ੀਨਰੀ ਨਾਲ਼ ਹੋਣ ਵਾਲ਼ੀ ਅਪਾਹਜਤਾ ਦੇ ਮਾਮਲੇ ਆਮ ਹਨ, ਜ਼ਿੰਦਗੀ ਆਪਣੀ ਚਾਲ਼ ਚੱਲਦੀ ਰਹਿੰਦੀ ਹੈ। 1 ਅਕਤੂਬਰ, ਸੰਯੁਕਤ ਰਾਸ਼ਟਰ ਅੰਤਰਰਾਸ਼ਟਰੀ ਬੁਢਾਪਾ ਦਿਵਸ ਮੌਕੇ ਵਡੇਰੀ ਉਮਰ ਅਤੇ ਅਪਾਹਜਤਾ ਬਾਰੇ ਇੱਕ ਰਿਪੋਰਟ
Author
Editor
Photo Editor
Translator
ਦਹਾਕਿਆਂ ਪਹਿਲਾਂ ਉਸਨੇ ਆਪਣੀ ਸੱਜੀ ਬਾਂਹ ਗੁਆ ਲਈ ਸੀ, ਪਰ ਸੁਰਜੀਤ ਸਿੰਘ ਅਜੇ ਵੀ ਇਹ ਗੱਲ ਮੰਨਣ ਤੋਂ ਇਨਕਾਰੀ ਹੈ, ਕਿ ਉਹਨਾਂ ਦਾ ਕੋਈ ਅੰਗ ਘੱਟ ਹੈ।
“ਚਾਰਾ ਵੱਢਣ – ਜਿਸ ਲਈ ਦੋ ਹੱਥ ਚਾਹੀਦੇ ਹਨ, ਇੱਕ ਫੜ੍ਹਨ, ਤੇ ਦੂਜਾ ਦਾਤੀ ਨਾਲ਼ ਵੱਢਣ ਲਈ – ਤੋਂ ਬਿਨਾਂ ਮੈਂ ਹੋਰ ਸਾਰੇ ਕੰਮ ਕਰ ਲੈਂਦਾ ਹਾਂ,” ਬਜ਼ੁਰਗ ਕਿਸਾਨ ਨੇ ਕਿਹਾ। ਤੇ ਫੇਰ ਉਹ ਸੰਗਰੂਰ ਜ਼ਿਲ੍ਹੇ ਦੇ ਰੰਗੀਆਂ ਪਿੰਡ ’ਚ ਪੈਂਦੀ ਆਪਣੀ 10 ਏਕੜ ਜ਼ਮੀਨ ’ਤੇ ਜੋ ਹਰ ਰੋਜ਼ ਕੰਮ ਕਰਦਾ ਹੈ, ਉਹ ਇੱਕ-ਇੱਕ ਕਰਕੇ ਗਿਣਾਉਣ ਲੱਗ ਪੈਂਦਾ ਹੈ।
ਪਰ ਉਸਦੀ ਪਤਨੀ ਕੁਲਵੰਤ ਕੌਰ ਬਿਨਾਂ ਝਿਜਕੇ ਉਸਦੇ ਦੇ ਦਾਅਵਿਆਂ ਦਾ ਸੱਚ ਬਿਆਨ ਕਰਨ ਲੱਗਦੀ ਹੈ। “ਇਹ ਪਜਾਮੇ ਦਾ ਨਾਲਾ ਨਹੀਂ ਬੰਨ੍ਹ ਸਕਦਾ,” ਉਹਨਾਂ ਕਿਹਾ। “ਸਵੇਰੇ ਜੰਗਲ ਪਾਣੀ ਜਾ ਕੇ ਇਹ ਆਪਣੇ ਆਪ ਨੂੰ ਸਾਫ਼ ਵੀ ਨਹੀਂ ਕਰ ਸਕਦਾ। ਜਦ ਪਿੱਠ ’ਤੇ ਖੁਰਕ ਹੁੰਦੀ ਹੈ ਤਾਂ ਬਾਂਹ ਕੱਢ ਕੇ ਖ਼ੁਰਕ ਵੀ ਨਹੀਂ ਕਰ ਸਕਦਾ। ਹਮੇਸ਼ਾ ਕਿਸੇ ਕੰਧ ਜਾਂ ਦਰੱਖਤ ਦੇ ਤਣੇ ਨਾਲ਼ ਪਿੱਠ ਰਗੜਨ ਲਈ ਭੱਜਦਾ ਹੈ।”
ਫੇਰ ਵੀ ਸਰਕਾਰ ਦੀਆਂ ਨਜ਼ਰਾਂ ਵਿੱਚ ਸੁਰਜੀਤ ਸਿੰਘ ਅਪਾਹਜ ਨਾਗਰਿਕਾਂ ਨੂੰ ਮਿਲ਼ਣ ਵਾਲ਼ੀਆਂ ਸਹੂਲਤਾਂ ਲਈ ‘ਯੋਗ’ ਨਹੀਂ। ਉਸਨੇ ਨੇ ਪਟਵਾਰੀ ਤੱਕ ਪਹੁੰਚ ਕੀਤੀ। “ਪਰ ਉਹਨੇ ਮੈਨੂੰ ਕਿਹਾ ‘ਤੂੰ ਯੋਗ ਨਹੀਂ ਕਿਉਂਕਿ ਤੇਰੇ ਕੋਲ਼ ਆਪਣੀ ਜ਼ਮੀਨ ਹੈ।’ ਸੋ ਮੈਂ ਘਰ ਵਾਪਸ ਆ ਗਿਆ।” ਇਹ ਬੇਤੁਕੀ ਗੱਲ ਸੀ ਕਿਉਂਕਿ ਕਾਨੂੰਨ ਮੁਤਾਬਕ ਜ਼ਮੀਨ ਵਾਲ਼ੇ ਤੇ ਬੇਜ਼ਮੀਨੇ ਦੋਵੇਂ ਇਹਨਾਂ ਸਹੂਲਤਾਂ ਲਈ ਯੋਗ ਹਨ। ਸੁਰਜੀਤ ਨੂੰ ਨਾ ਕੋਈ ਮੁਆਵਜ਼ਾ ਮਿਲ਼ਿਆ ਤੇ ਨਾ ਉਸਨੂੰ ਅੰਗਹੀਣਤਾ ਪੈਨਸ਼ਨ (ਪੰਜਾਬ ਵਿੱਚ 1,500 ਰੁਪਏ ਮਹੀਨਾ) ਮਿਲ਼ਦੀ ਹੈ। ਨਾ ਹੀ ਉਸਨੂੰ ਬੁਢਾਪਾ ਪੈਨਸ਼ਨ – 60-69 ਸਾਲ ਉਮਰ ਵਾਲ਼ਿਆਂ ਲਈ 1,500 ਰੁਪਏ, ਅਤੇ 70 ਤੋਂ ਉੱਤੇ ਉਮਰ ਵਾਲ਼ਿਆਂ ਲਈ 2,000 ਰੁਪਏ – ਮਿਲ਼ਦੀ ਹੈ।

Vishav Bharti

Vishav Bharti
72 ਨੂੰ ਢੁਕਿਆ ਸੁਰਜੀਤ ਘੱਟ ਹੀ ਬੋਲਦਾ ਹੈ, ਨਾ ਕਿਸੇ ਗੱਲ ’ਤੇ ਮਾਣ ਕਰਦਾ ਹੈ। ਉਸ ਦੀਆਂ ਗੱਲਾਂ ਤੋਂ ਇੰਝ ਜਾਪਦਾ ਜਿਵੇਂ ਬੱਸ ਆਪਣੇ ਇੱਕ ਹੱਥ ਨਾਲ਼ ਬੇਇੰਤਹਾ ਮਿਹਨਤ ਕਰਨ ਦਾ ਉਸ ਨੂੰ ਥੋੜ੍ਹਾ ਫ਼ਖਰ ਜਰੂਰ ਹੈ। ਆਖ਼ਰ ਉਸਨੇ ਨੇ ਦੂਜਾ ਹੱਥ ਕਿਵੇਂ ਗੁਆ ਲਿਆ? ਇਹ 1990ਵਿਆਂ ’ਚ ਵਾਪਰਿਆ, ਸੁਰਜੀਤ ਦੱਸਦਾ ਹੈ। “ਮੇਰਾ ਭਰਾ ਮੈਨੂੰ ਅਕਸਰ ਚਾਰਾ ਕੁਤਰਣ ਤੋਂ ਰੋਕਦਾ ਹੁੰਦਾ ਸੀ ਕਿਉਂਕਿ ਮੇਰਾ ਧਿਆਨ ਛੇਤੀ ਭਟਕ ਜਾਂਦਾ ਸੀ। ਉਸ ਦਿਨ ਅਸੀਂ ਟੋਕੇ ਦੀ ਮੁਰੰਮਤ ਕਰ ਕੇ ਹਟੇ ਸੀ, ਤੇ ਗੰਨਾ ਟੁਕ ਕੇ ਚਾਰਾ ਤਿਆਰ ਕਰ ਰਹੇ ਸੀ। ਪਹਿਲਾਂ ਮੇਰੀਆਂ ਉਂਗਲਾਂ ਮਸ਼ੀਨ ਵਿੱਚ ਆਈਆਂ, ਤੇ ਫੇਰ ਇਹਨੇ ਮੇਰਾ ਹੱਥ, ਤੇ ਫੇਰ ਮੇਰੀ ਬਾਂਹ ਖਿੱਚ ਲਈ,” ਗੱਲਾਂ ਕਰਦੇ ਕਰਦੇ ਉਹਦੀਆਂ ਸੁਰਖ਼ ਅੱਖਾਂ ਕਿਸੇ ਖ਼ਿਆਲ ਵਿਚ ਖੋ ਗਈਆਂ ਜਾਪਦੀਆਂ ਹਨ।
ਪਰ ਉਸਦੀ ਦੀ ਪਤਨੀ ਕੁਲਵੰਤ ਕੌਰ, ਜੋ 65 ਵਰ੍ਹਿਆਂ ਦੇ ਨੇੜੇ ਢੁਕੀ ਹੈ, ਨੇ ਅੱਗੇ ਦੀ ਗੱਲ ਦੱਸੀ। “ਬਾਂਹ ਦਾ ਚਾਰੇ ਵਾਂਗ ਟੋਕਾ ਹੋ ਗਿਆ, ਤੇ ਚਾਰੇ ਪਾਸੇ ਲਹੂ ਹੀ ਲਹੂ ਸੀ। ਜਦ ਮੈਂ ਦੇਖਿਆ ਤਾਂ ਬੇਸੁਰਤ ਹੋ ਗਈ।” ਸੁਰਜੀਤ ਲਗਭਗ 20 ਦਿਨ ਹਸਪਤਾਲ ਵਿੱਚ ਦਾਖਲ ਰਿਹਾ। ਪਰ ਜੋ ਹੋਇਆ, ਉਸ ’ਤੇ ਪਛਤਾਵਾ ਕਰਨ ਦਾ ਉਸ ਕੋਲ਼ ਸਮਾਂ ਨਹੀਂ ਸੀ। ਆਖਰ ਨੂੰ ਰੋਜ਼ੀ-ਰੋਟੀ ਤਾਂ ਕਮਾਉਣੀ ਪੈਣੀ ਸੀ। ਡੇਢ ਕੁ ਮਹੀਨੇ ਬਾਅਦ ਉਹ ਮੁੜ ਖੇਤਾਂ ਵਿੱਚ ਆ ਗਿਆ। ਕੁਲਵੰਤ ਕਹਿੰਦੀ ਹੈ, “ਸਾਨੂੰ ਇੱਕ ਗੁਆਂਢੀ ਨੇ ਦੱਸਿਆ ਕਿ ਉਹਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਸੁਰਜੀਤ ਇੱਕ ਹੱਥ ਨਾਲ਼ ਹੀ ਮੋਟਰ ਠੀਕ ਕਰਨ ਲਈ ਖੂਹ ਵਿਚ ਉੱਤਰ ਗਿਆ। ਮੈਂ ਉਹਨਾਂ ਨੂੰ ਕਦੇ ਵੀ ਬਾਂਹ ਗੁਆ ਲੈਣ ਬਾਰੇ ਵਿਰਲਾਪ ਕਰਦੇ ਨਹੀਂ ਵੇਖਿਆ।”
“ਜੇ ਇਹਦੇ ਦੋਵੇਂ ਹੱਥ ਸਲਾਮਤ ਹੁੰਦੇ, ਉਹ ਇਹਨਾਂ ਕੰਧਾਂ ਨੂੰ ਖਰੇ ਸੋਨੇ ਵਿੱਚ ਚਿਣ ਦਿੰਦਾ। ਉਹ ਕੰਮ ਕਰਨ ਨੂੰ ਐਨਾ ਤਕੜਾ ਸੀ,” ਉਸਨੇ ਦੱਸਿਆ।
ਸੁਰਜੀਤ ਸਿੰਘ ਤੇ ਉਸ ਜਿਹੇ ਬਹੁਤ ਲੋਕ ਹਰੇ ਇਨਕਲਾਬ ਅਤੇ 1970ਵਿਆਂ ਦੇ ਸ਼ੁਰੂ ਵਿੱਚ ਲਿਆਂਦੀ ਤਕਨੀਕ ਤੇ ਮਸ਼ੀਨਰੀ ਤੋਂ ਇੱਕ ਵੱਖਰੀ ਕਿਸਮ ਦੀ ‘ਵਾਢੀ’ ਦੀ ਨਿਸ਼ਾਨਦੇਹੀ ਕਰਦੇ ਹਨ। ਪੰਜਾਬ ਦੇ ਪਿੰਡ ਅਜਿਹੀਆਂ ਕਹਾਣੀਆਂ ਨਾਲ਼ ਭਰੇ ਪਏ ਹਨ, ਪਰ ਉਹ ਚੁੱਪੀ ਵਿੱਚ ਦਫ਼ਨ ਹਨ।

Vishav Bharti
1975 ਤੇ 1978 ਦੇ ਵਿਚਕਾਰ ਸਿਰਫ਼ ਇਸੇ ਇੱਕ ਸੂਬੇ ਵਿੱਚ ਖੇਤੀ ਮਸ਼ੀਨਰੀ ਨਾਲ਼ ਜੁੜੇ 841 ਹਾਦਸੇ ਹੋਏ ਸਨ।
ਪੰਜਾਬ ਮੰਡੀ ਬੋਰਡ ਦੁਆਰਾ ਇਕੱਠੇ ਕੀਤੇ ਅੰਕੜਿਆਂ ਮੁਤਾਬਕ ਸਿਰਫ਼ 2007 ਤੋਂ 2012 ਦੇ ਦਰਮਿਆਨ 6,196 ਖੇਤੀ ਸਬੰਧੀ ਹਾਦਸੇ ਹੋਏ ਸਨ। ਇਹਨਾਂ ਵਿੱਚੋਂ 4,218, ਜਾਂ 68.08 ਫ਼ੀਸਦ ਟੋਕੇ ਨਾਲ਼ ਵਾਪਰੇ। 1,395, ਜਾਂ 22.51 ਫ਼ੀਸਦ ਕੰਬਾਇਨਾਂ ਤੇ ਥ੍ਰੈਸ਼ਰਾਂ ਨਾਲ਼ ਵਾਪਰੇ ਅਤੇ 583, ਜਾਂ 9.41 ਫ਼ੀਸਦ ਹਾਦਸੇ ਟਰੈਕਟਰਾਂ ਤੇ ਉਸਦੇ ਨਾਲ਼ ਜੁੜੇ ਸੰਦਾਂ ਕਰਕੇ ਵਾਪਰੇ ਸਨ।
ਮੰਡੀ ਬੋਰਡ ਦੇ ਹਾਦਸਿਆਂ ਦੇ ਅੰਕੜਿਆਂ ਦੇ ਇੱਕ ਹੋਰ ਅਧਿਐਨ – ਜਿਸਨੂੰ ਘੱਟ ਅਨੁਮਾਨ ਦੇ ਤੌਰ ’ਤੇ ਦੇਖਿਆ ਜਾਣਾ ਚਾਹੀਦਾ ਹੈ – ਨੇ ਦਿਖਾਇਆ ਕਿ ਟੋਕੇ ਤੇ ਥ੍ਰੈਸ਼ਰਾਂ ਦੇ ਹਾਦਸਿਆਂ ਦੇ 67.5 ਫ਼ੀਸਦ ਮਾਮਲਿਆਂ ਵਿੱਚ ਉਂਗਲਾਂ ਵੱਢੀਆਂ ਗਈਆਂ ਸਨ। 18.2 ਫ਼ੀਸਦ ਮਾਮਲਿਆਂ ਵਿੱਚ ਹੱਥ ਵੱਢੇ ਗਏ ਸਨ। ਤੇ 10.5 ਫ਼ੀਸਦ ਮਾਮਲਿਆਂ ਵਿੱਚ ਬਾਂਹ ਵੱਢੀ ਗਈ ਸੀ। ਖੇਤੀ ਸਬੰਧੀ ਹਾਦਸਿਆਂ ਦੇ ਪੀੜਤਾਂ ਨੂੰ ਮੁਆਵਜ਼ਾ ਦੇਣ ਲਈ 2017ਦੀ ਇਹ ਰਿਪੋਰਟ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਖੇਤੀ ਮਸ਼ੀਨਰੀ ਤੇ ਪਾਵਰ ਇੰਜੀਨੀਅਰਿੰਗ ਵਿਭਾਗ ਵੱਲੋਂ ਤਿਆਰ ਕੀਤੀ ਗਈ ਸੀ।
ਪਰ PAU ਦੀ ਰਿਪੋਰਟ ਮੰਡੀ ਬੋਰਡ ਦੇ ਅੰਕੜਿਆਂ ’ਤੇ ਸਵਾਲ ਵੀ ਚੁੱਕਦੀ ਹੈ ਤੇ ਦੱਸਦੀ ਹੈ ਕਿ 2007 ਤੋਂ 2012, ਸਿਰਫ਼ ਤਿੰਨ ਸਾਲਾਂ, ਦਰਮਿਆਨ ਅਸਲ ਵਿੱਚ 9,188 ਖੇਤੀ ਸਬੰਧੀ ਹਾਦਸੇ ਹੋਏ ਸਨ। ਅਤੇ 25 ਕਰੋੜ ਰੁਪਏ ਦਾ ਮੁਆਵਜ਼ਾ 5,492 ਲੋਕਾਂ ਨੂੰ ਵੰਡਿਆ ਗਿਆ – ਹਰ ਇੱਕ ਦੇ ਹਿੱਸੇ ਲਗਭਗ 50,000 ਰੁਪਏ ਆਏ। ਜਿਸਦਾ ਮਤਲਬ ਹੈ ਕਿ ਹਾਦਸਿਆਂ ਦੇ ਕੁੱਲ 9,188 ਪੀੜਤਾਂ ਵਿੱਚੋਂ ਘੱਟੋ-ਘੱਟ 3,696 ਜਾਂ 40 ਫ਼ੀਸਦ ਨੂੰ ਕੋਈ ਮੁਆਵਜ਼ਾ ਨਹੀਂ ਮਿਲ਼ਿਆ।
ਇਹ ਹਾਦਸੇ ਹਰੇ ਇਨਕਲਾਬ ਨਾਲ਼ ਆਈ ਨਵੀਂ ਤਰ੍ਹਾਂ ਦੀ ਮਸ਼ੀਨਰੀ ਦੇ ਆਉਂਦਿਆਂ ਹੀ ਸ਼ੁਰੂ ਹੋ ਗਏ ਸਨ। ਪੰਜਾਬ ਦਾ ਕੋਈ ਹੀ ਪਿੰਡ ਹੋਵੇਗਾ ਜਿੱਥੇ ਕੋਈ ਖੇਤੀ ਨਾਲ਼ ਜੁੜੇ ਹਾਦਸਿਆਂ ਵਿੱਚ ਅਪਾਹਜ ਨਾ ਹੋਇਆ ਹੋਵੇ। ਦੁੱਖ ਦੀ ਗੱਲ ਇਹ ਹੈ ਕਿ ਅਪਾਹਜ ਹੋਣ ਤੋਂ ਬਾਅਦ ਦੇ ਹਾਲਾਤ ਵੀ ਪੀੜਤਾਂ ਲਈ ਅਕਸਰ ਔਖੇ ਹੀ ਰਹੇ। “ਮੁੱਖ ਆਰਥਿਕ ਸਮੱਸਿਆ ਉਹਨਾਂ ਦੀ ਸਲਾਨਾ ਆਮਦਨ ਵਿੱਚ ਕਮੀ ਅਤੇ ਹਮੇਸ਼ਾ ਲਈ ਸਰੀਰਕ ਅਪਾਹਜਤਾ ਹੈ,” ਚੰਡੀਗੜ੍ਹ ਦੇ ਇੰਸਟੀਚਿਊਟ ਆਫ਼ ਡਿਵੈਲਪਮੈਂਟ ਤੇ ਕਮਿਊਨਿਕੇਸ਼ਨ (IDC) ਦੀ ਇੱਕ ਰਿਪੋਰਟ ਦੱਸਦੀ ਹੈ। “ਰੋਜ਼ਾਨਾ ਦੇ ਕੰਮਾਂ ਲਈ ਇਹ ਉਹਨਾਂ ਨੂੰ ਦੂਜਿਆਂ ’ਤੇ ਨਿਰਭਰ ਬਣਾ ਦਿੰਦਾ ਹੈ।”
ਪੰਜਾਬ ਉਹਨਾਂ ਪਹਿਲੇ ਸੂਬਿਆਂ ਵਿੱਚੋਂ ਹੈ ਜਿੱਥੇ ਖੇਤੀ ਨਾਲ਼ ਜੁੜੇ ਹਾਦਸਿਆਂ ਦੇ ਪੀੜਤਾਂ ਲਈ ਮੁਆਵਜ਼ੇ ਦੀ ਨੀਤੀ ਬਣਾਈ ਗਈ। ਭਾਰਤ ਦੀ ਸੰਸਦ ਨੇ 1983 ਵਿੱਚ ਖ਼ਤਰਨਾਕ ਮਸ਼ੀਨਾਂ (ਨਿਯਮ) ਕਾਨੂੰਨ ਪਾਸ ਕੀਤਾ ਅਤੇ ਅਗਲੇ ਹੀ ਸਾਲ, ਪੰਜਾਬ ਵਿੱਚ ਖੇਤੀ ਨਾਲ਼ ਜੁੜੇ ਹਾਦਸਿਆਂ ਦੇ ਪੀੜਤਾਂ ਲਈ ਆਰਥਿਕ ਸਹਾਇਤਾ ਸਕੀਮ ਲਿਆਂਦੀ ਗਈ। ਪਰ 1984 ਵਿੱਚ ਇਹ ਨੀਤੀ ਲਿਆਂਦੇ ਜਾਣ ਤੋਂ ਲੈ ਕੇ ਇਸ ਦੀ ਤਾਮੀਲ ਬਹੁਤ ਖ਼ਰਾਬ ਰਹੀ ਹੈ। ਸੁਰਜੀਤ ਇਸ ਦੀ ਜਿਉਂਦੀ-ਜਾਗਦੀ ਉਦਾਹਰਨ ਹੈ।
ਉਸਦੇ ਆਪਣੇ ਪਿੰਡ ਰੰਗੀਆਂ ਵਿੱਚ, ਜਿਸਦਾ ਇਤਿਹਾਸ ਪਟਿਆਲਾ ਸ਼ਾਹੀ ਰਿਆਸਤ ਦੇ ਜਗੀਰੂ ਜ਼ੁਲਮ ਦੇ ਖਿਲਾਫ਼ ਲੜਨ ਦੀ ਗਵਾਹੀ ਭਰਦਾ ਹੈ, ਵਿੱਚ ਖੇਤੀ ਨਾਲ਼ ਜੁੜੀ ਮਸ਼ੀਨਰੀ ਕਰਕੇ ਵਾਪਰੇ ਹਾਦਸਿਆਂ ਕਰਕੇ ਅਪਾਹਜਤਾ ਦੇ ਕਈ ਮਾਮਲੇ ਸਨ। ਉਹਨਾਂ ਵਿੱਚੋਂ ਜ਼ਿਆਦਾਤਰ ਦੀ ਮੌਤ ਹੋ ਚੁੱਕੀ ਹੈ ਪਰ ਸੁਰਜੀਤ ਤੋਂ ਇਲਾਵਾ ਦੋ ਹੋਰ ਅਜੇ ਜਿਉਂਦੇ ਹਨ।
ਤੇਹੱਤਰਾਂ ਨੂੰ ਢੁਕਿਆ ਪਾਲ ਸਿੰਘ, ਜਿਸਦਾ ਦਾ ਸੱਜਾ ਹੱਥ ਤੇ ਬਾਂਹ ਦਾ ਕੁਝ ਹਿੱਸਾ 1982 ਵਿੱਚ ਥ੍ਰੈਸ਼ਰ ਵਿੱਚ ਆ ਕੇ ਵੱਢਿਆ ਗਿਆ ਸੀ, ਚਾਰ ਦਹਾਕੇ ਪਹਿਲਾਂ ਦੇ ਉਸ ਵੇਲੇ ਬਾਰੇ ਸੋਚ ਕੇ ਅੱਜ ਵੀ ਕੰਬ ਜਾਂਦਾ ਹੈ। “ਮੈਂ ਕੜਾ ਪਾਇਆ ਹੋਇਆ ਸੀ। ਮੈਂ ਖਾਲੀ ਨਹੀਂ ਬਹਿ ਸਕਦਾ, ਇਸੇ ਕਰਕੇ ਮੈਂ ਥ੍ਰੈਸ਼ਰ ਨੂੰ ਤੇਲ ਲਾਉਣ ਲੱਗ ਪਿਆ – ਜੋ ਚੱਲ ਰਿਹਾ ਸੀ। ਮੇਰਾ ਕੜਾ ਫੀਡਰ ਦੇ ਵੱਡੇ ਪੇਚਾਂ ਵਿੱਚ ਅੜ ਗਿਆ ਤੇ ਮੇਰਾ ਹੱਥ ਐਨੀ ਜ਼ੋਰ ਨਾਲ਼ ਖਿੱਚਿਆ ਗਿਆ ਕਿ ਹੱਡੀ ਟੁੱਟ ਗਈ। ਅਗਲੇ ਹੀ ਪਲ ਮੇਰਾ ਹੱਥ ਤੇ ਗੁੱਟ ਦਾ ਕੁਝ ਹਿੱਸਾ ਜ਼ਮੀਨ ’ਤੇ ਪਿਆ ਸੀ। ਮੋਟਾ ਗੋਲ ਕੜਾ ਚੁਗੁੱਠੇ ਆਕਾਰ ਦਾ ਹੋ ਗਿਆ ਸੀ। ਤੁਸੀਂ ਸੋਚ ਵੀ ਨਹੀਂ ਸਕਦੇ ਕਿੰਨਾ ਦਰਦ ਹੋਇਆ ਹੋਵੇਗਾ। ਮੈਂ ਸੋਚਦਾ ਹਾਂ ਕਿ ਇਸ ਨਾਲ਼ੋਂ ਤਾਂ ਟੋਕੇ ਵਿੱਚ ਆ ਕੇ ਹੱਥ ਵੱਢਿਆ ਜਾਂਦਾ, ਉਹ ਸੌਖਾ ਰਹਿੰਦਾ,” ਉਹ ਕਹਿੰਦਾ ਹੈ।
ਪਾਲ 20-25 ਦਿਨ ਹਸਪਤਾਲ ਦਾਖਲ ਰਿਹਾ। ਪਰ ਸੁਰਜੀਤ ਵਾਂਗ ਹੀ ਉਸ ਕੋਲ਼ ਵੀ ਇਸ ਹਾਦਸੇ ਬਾਰੇ ਬਹੁਤਾ ਸੋਚਣ ਦਾ ਸਮਾਂ ਨਹੀਂ ਸੀ। “ਮੈਂ ਦੋ ਮਹੀਨਿਆਂ ਵਿੱਚ ਟਰੈਕਟਰ ਚਲਾਉਣਾ ਸ਼ੁਰੂ ਕਰ ਦਿੱਤਾ ਸੀ। ਹਮੇਸ਼ਾ ਵਾਂਗ ਜ਼ਮੀਨ ਵਾਹੁਣੀ ਤੇ ਬਿਜਾਈ ਕਰਨੀ ਸੌਖੀ ਰਹੀ, ਪਰ ਮੈਂ ਕਰਾਹ ਵੀ ਲਾਉਂਦਾ ਸੀ। ਮੈਂ ਸਵੇਰੇ 4 ਵਜੇ ਕਰਾਹ ਦਾ ਕੰਮ ਸ਼ੁਰੂ ਕਰ ਦਿੰਦਾ ਸੀ ਤੇ 16 ਘੰਟੇ ਲੱਗਿਆ ਰਹਿੰਦਾ, ਜਿਸਦੇ ਲਈ ਦੋਵੇਂ ਹੱਥਾਂ ਦੀ ਲੋੜ ਪੈਂਦੀ ਸੀ।”
ਜ਼ਿੰਦਗੀ, ਉਸਨੇ ਕਿਹਾ, ਮੇਰੇ ਲਈ ਬਹੁਤੀ ਨਹੀਂ ਬਦਲੀ। “ਕੁਝ ਖ਼ਾਸ ਨਹੀਂ। ਬੱਸ ਮੈਨੂੰ ਇਹ ਲੱਗਦਾ ਰਹਿੰਦਾ ਹੈ ਜਿਵੇਂ ਮੇਰਾ ਹੱਥ ਘੁੱਟ ਕੇ ਬੰਦ ਕੀਤਾ ਹੋਵੇ, ਤੇ ਕੋਸ਼ਿਸ਼ਾਂ ਦੇ ਬਾਵਜੂਦ ਵੀ, ਮੈਂ ਇਹਨੂੰ ਖੋਲ੍ਹ ਨਹੀਂ ਪਾਉਂਦਾ। ਨਹੀਂ ਤਾਂ ਮੈਂ ਆਪਣੇ ਖੱਬੇ ਹੱਥ ਨੂੰ ਇਸ ਤਰੀਕੇ ਸਿਖਾ ਲਿਆ ਹੈ ਕਿ ਹੁਣ ਲੱਗਦਾ ਹੀ ਨਹੀਂ ਕਿ ਮੈਂ ਆਪਣੇ ਸੱਜੇ ਹੱਥ ਨਾਲ਼ ਕਦੇ ਕੁਝ ਕੀਤਾ ਵੀ ਸੀ।”

Vishav Bharti

Vishav Bharti
ਪਾਲ ਸਿੰਘ ਤੋਂ ਉਲਟ, ਇਸੇ ਪਿੰਡ ਦੀ ਨਸੀਬ ਕੌਰ ਜੋ ਕਿ ਲਗਭਗ ਸੱਤਰਾਂ ਸਾਲਾਂ ਦੀ ਹੈ, ਆਪਣੇ ਖੱਬੇ ਹੱਥ ਦੀਆਂ ਯਾਦਾਂ ਦਾ ਬੋਝ ਚੁੱਕੀ ਫਿਰਦੀ ਹੈ। ਜੋ ਤਕਰੀਬਨ ਇੱਕ ਦਹਾਕੇ ਪਹਿਲਾਂ ਟੋਕੇ ਵਿੱਚ ਆ ਕੇ ਵੱਢਿਆ ਗਿਆ ਸੀ। “ਟੋਕਾ ਕਰਨਾ ਰੋਜ਼ ਦਾ ਕੰਮ ਸੀ, ਜੋ ਮੈਂ ਬਚਪਨ ਤੋਂ ਕਰ ਰਹੀ ਸੀ। ਸ਼ਾਮ ਦਾ ਸਮਾਂ ਸੀ, 7 ਕੁ ਵੱਜੇ ਸਨ। ਪਹਿਲਾਂ ਮੇਰਾ ਅੰਗੂਠਾ ਬੇਲਨ ਵਿੱਚ ਜਾ ਫਸਿਆ, ਫੇਰ ਇਹਨੇ ਮੇਰਾ ਹੱਥ ਵੀ ਖਿੱਚ ਲਿਆ। ਮੈਂ ਚੀਕਾਂ ਮਾਰੀਆਂ ਪਰ ਮੇਰੀ ਨੂੰਹ ਘਬਰਾ ਗਈ ਤੇ ਇੰਜਣ ਬੰਦ ਨਾ ਕਰ ਸਕੀ। ਚੀਕਾਂ ਸੁਣ ਕੇ ਗੁਆਂਢੀਆਂ ਦਾ ਮੁੰਡਾ ਸਾਡੇ ਘਰ ਨੂੰ ਭੱਜਿਆ ਆਇਆ ਤੇ ਉਹਨੇ ਇੰਜਣ ਬੰਦ ਕਰਕੇ ਮਸ਼ੀਨ ਵਿੱਚੋਂ ਮੇਰਾ ਹੱਥ ਕੱਢਿਆ।”
ਤਿੰਨਾਂ (ਹਾਦਸਿਆਂ ਦਾ ਸ਼ਿਕਾਰ) ਵਿੱਚੋਂ ਉਹ ਇਕੱਲੀ ਹੈ, ਜਿਸਨੂੰ 1,500 ਰੁਪਏ ਮਹੀਨਾ ਬੁਢਾਪਾ ਪੈਨਸ਼ਨ ਮਿਲ਼ਦੀ ਹੈ। ਪਰ ਉਸਨੂੰ ਨਾ ਕੋਈ ਮੁਆਵਜ਼ਾ ਮਿਲ਼ਿਆ ਤੇ ਨਾ ਅਪੰਗਤਾ ਪੈਨਸ਼ਨ। ਇਹਨਾਂ ਤਿੰਨਾਂ ਵਿੱਚੋਂ ਸਿਰਫ਼ ਪਾਲ ਸਿੰਘ ਨੂੰ ਹੀ 1,500 ਰੁਪਏ ਮਹੀਨੇ ਦੀ ਅਪੰਗਤਾ ਪੈਨਸ਼ਨ ਮਿਲ਼ਦੀ ਹੈ। ਸੁਰਜੀਤ ਸਿੰਘ ਨੂੰ ਕੁਝ ਵੀ ਨਹੀਂ ਮਿਲ਼ਦਾ। ਭਲ਼ੇ ਵੇਲ਼ਿਆਂ ਵਿੱਚ ਵੀ ਬਿਰਧ ਨਾਗਰਿਕਾਂ ਲਈ ਲਾਭ ਤੱਕ ਪਹੁੰਚ ਕਰਨੀ ਕਦੇ ਸੌਖੀ ਨਹੀਂ ਰਹੀ। ਜੋ ਬਿਰਧ ਤੇ ਅਪਾਹਜ ਦੋਵੇਂ ਹਨ, ਉਹਨਾਂ ਲਈ ਤਾਂ ਇਹ ਬਾਬੂਸ਼ਾਹੀ ਨਾਲ਼ ਮੱਥਾ ਲਾਉਣ ਦਾ ਭੈੜਾ ਸੁਪਨਾ ਹੈ। ਅਫ਼ਸਰ ਅਕਸਰ ਉਹਨਾਂ ਦੇ ਦਾਅਵੇ ਗ਼ਲਤਬਿਆਨੀ ਕਰਕੇ ਜਾਂ ਕੋਈ ਵੀ ਕਾਰਨ ਦਿੱਤੇ ਬਿਨਾਂ ਖਾਰਜ ਕਰ ਦਿੰਦੇ ਹਨ।
ਨਸੀਬ ਕੌਰ ਉਹਨਾਂ ਦਿਨਾਂ ਨੂੰ ਯਾਦ ਕਰਦੀ ਹੈ, ਜਦ ਉਹ ਕੰਘੀ ਵਾਹ ਕੇ ਗੁੱਤ ਕਰਦੀ ਸੀ, ਰਸੋਈ ਦਾ ਕੰਮ ਕਰਦੀ ਸੀ, ਜਾਂ ਕਾਹਲੀ ਨਾਲ਼ ਧਾਰ ਕੱਢ ਲੈਂਦੀ ਸੀ– ਅਚਾਨਕ ਉਹ ਸੋਚਾਂ ਵਿੱਚ ਡੁੱਬ ਜਹੇ ਜਾਂਦੀ ਹੈ। ਕੁਝ ਦੇਰ ਰੁਕ ਕੇ ਉਹ ਕਹਿੰਦੀ ਹੈ, “ਹੁਣ ਨਹੀਂ ਕਰ ਸਕਦੀ।”

Vishav Bharti
ਕੀ ਉਹ ਰੋਟੀ ਵੇਲ ਸਕਦੀ ਹੈ? “ਹਾਂ, ਵੇਲਣੀ ਪੈਂਦੀ ਹੈ। ਭਾਵੇਂ ਗੋਲ ਨਹੀਂ ਬਣਦੀਆਂ, ਪਰ ਹੋਰ ਕਰ ਵੀ ਕੀ ਸਕਦੀ ਹਾਂ? ਮੈਂ ਕੀ ਬੁਰਾ ਕੀਤਾ ਸੀ ਕਿ ਮੈਨੂੰ ਇਹ ਸਭ ਦੇਖਣਾ ਪੈ ਰਿਹਾ ਹੈ?” ਉਸ ਦੀਆਂ ਅੱਖਾਂ ਭਰ ਆਉਂਦੀਆਂ ਹਨ, ਹੰਝੂ ਵਹਿਣ ਲੱਗਦੇ ਹਨ, ਤੇ ਆਪਣੇ ਚਿੱਟੇ ਦੁਪੱਟੇ ਦੇ ਪੱਲੇ ਨਾਲ਼ ਉਹ ਉਹਨਾਂ ਨੂੰ ਪੂੰਝਣ ਲੱਗਦੀ ਹੈ। “ਔਖਾ ਸਮਾਂ ਸੌਖਿਆਂ ਨਹੀਂ ਭੁੱਲਦਾ,” ਸੁਰਜੀਤ ਦੀ ਪਤਨੀ ਕੁਲਵੰਤ ਉਸਨੂੰ ਢਾਰਸ ਦੇਣ ਦੀ ਕੋਸ਼ਿਸ਼ ਕਰਦੀ ਹੈ।
ਇਹ ਸਭ ਦੇਖ ਸੁਰਜੀਤ ਚੁੱਪਚਾਪ ਮੰਜੀ ਤੋਂ ਉੱਠ ਕੇ, ਬਲਦ ਵਾਲ਼ੇ ਕਿੱਲੇ ਵੱਲ ਹੋ ਤੁਰਦਾ ਹੈ ਤੇ ਆਪਣੇ ਸੱਜੇ ਹੱਥ ਦੇ ਟੁੰਡ ਨਾਲ਼ ਰੱਸੀ ਦੀਆਂ ਗੰਢਾਂ ਖੋਲ੍ਹਣ ਲੱਗਦਾ ਹੈ। ਇਓਂ ਜਾਪਦਾ ਹੈ ਜਿਵੇਂ ਉਸਦੀ ਦੀ ਖੋ ਚੁੱਕੀ ਸੱਜੀ ਬਾਂਹ ਅਜੇ ਵੀ ਉਸੇ ਤਰ੍ਹਾਂ ਕੰਮ ਕਰ ਰਹੀ ਹੋਵੇ – ਅਬੋਲ, ਅਡੋਲ ਤੇ ਅਦਿੱਖ ਰਹਿ ਕੇ ਜਿਵੇਂ ਕਦੇ ਵੱਢੀ ਹੀ ਨਾ ਗਈ ਹੋਵੇ।
ਇਹਲੇਖ ਪਾਰੀ ਸੀਨੀਅਰ ਫੈਲੋਸ਼ਿਪ 2025 ਤਹਿਤ ਛਪਿਆ ਸੀ।
ਤਰਜਮਾ: ਅਰਸ਼ਦੀਪ ਅਰਸ਼ੀ
Want to republish this article? Please write to [email protected] with a cc to [email protected]
Donate to PARI
All donors will be entitled to tax exemptions under Section-80G of the Income Tax Act. Please double check your email address before submitting.
PARI - People's Archive of Rural India
ruralindiaonline.org
https://ruralindiaonline.org/articles/in-punjab-green-revolution-red-harvest-pa

