ਰਣਦੀਪ ਸਿੰਘ ਇੰਨਾ ਵੀ ਖੁਸ਼ਕਿਸਮਤ ਨਹੀਂ ਸੀ ਕਿ ਉਸ ਨੂੰ ਗ੍ਰਿਫ਼ਤਾਰ ਕਰਕੇ, ਹਥਕੜੀਆਂ ਲਾ ਕੇ ਅਮਰੀਕਾ ਤੋਂ ਅੰਮ੍ਰਿਤਸਰ ਆਉਣ ਵਾਲ਼ੀ ਸੀ-17 ਉਡਾਨ ਰਾਹੀਂ ਲਿਆਂਦਾ ਜਾਂਦਾ। ਬਿਗਾਨੀ ਧਰਤੀ ’ਤੇ 264 ਦਿਨ ਜ਼ਿੰਦਗੀ ਲਈ ਲੜਦੇ ਹੋਏ ਇਸ ਸਾਲ 21 ਫਰਵਰੀ ਨੂੰ ਡੌਂਕੀ ਰਸਤੇ ਅਮਰੀਕਾ ਜਾਂਦੇ ਹੋਏ ਕੰਬੋਡੀਆਂ ਵਿੱਚ ਉਸ ਨੇ ਆਪਣੇ ਸਾਹਾਂ ਦਾ ਸਫ਼ਰ ਮੁਕਾ ਲਿਆ।
ਤੁਸੀਂ ਕਹਿ ਸਕਦੇ ਹੋ ਕਿ ਪਰਗਟ ਸਿੰਘ ਖੁਸ਼ਕਿਸਮਤ ਸੀ। ਵਿਦੇਸ਼ੀ ਸੁਪਨਿਆਂ ਦਾ ਠੱਗਿਆ ਹੋਇਆ ਇੱਕ ਹੋਰ ਪੰਜਾਬੀ ਜਿਸਦਾ ਅਮਰੀਕਾ ਜਾਣ ਦਾ ਸਫ਼ਰ ਆਪਣੇ ਪਰਿਵਾਰ ਦੀ ਤਿੰਨ ਏਕੜ ਜ਼ਮੀਨ ਦਾ ਅੱਧਾ ਹਿੱਸਾ ਅਤੇ ਆਪਣੀ ਮਾਂ ਦੇ ਲਗਭਗ ਸਾਰੇ ਗਹਿਣੇ ਵੇਚਣ ਨਾਲ਼ ਸ਼ੁਰੂ ਹੋਇਆ- ਅਤੇ ਭਾਰਤ ਡਿਪੋਰਟ ਹੋਣ ਨਾਲ਼ ਹੀ ਖ਼ਤਮ ਵੀ ਹੋ ਗਿਆ। ਬਹੁਤ ਦੁਖਦ ਹੈ ਇਹ ਕਹਿਣਾ ਕਿ ਹਥਕੜੀਆਂ ਵਿੱਚ ਜਕੜਿਆ ਪਰਗਟ ਸਿੰਘ ਘਰ ਪਹੁੰਚਿਆ; ਪਰ ਘੱਟੋ-ਘੱਟ ਆਪਣੀ ਕਹਾਣੀ ਸੁਣਾਉਣ ਲਈ ਜਿਉਂਦਾ ਤਾਂ ਰਿਹਾ।
ਪੰਜਾਬ ਦੇ ਮੁਹਾਲੀ ਜ਼ਿਲ੍ਹੇ ਵਿੱਚ ਪੈਂਦੇ ਸ਼ੇਖਪੁਰਾ ਕਲਾਂ ਵਿੱਚ ਰਣਦੀਪ ਦੇ ਘਰ ਵਿਛਿਆ ਸੱਥਰ (ਪਰਿਵਾਰ ਵਿੱਚ ਮੌਤ ਤੋਂ ਬਾਅਦ ਹੇਠਾਂ ਬੈਠਣ ਵਾਲ਼ੀ ਰਸਮ) ਉਸਦੀ ਵਲੂੰਧ ਕੇ ਰੱਖ ਵਾਲ਼ੀ ਕਹਾਣੀ ਦੀ ਗਵਾਹੀ ਭਰਦਾ ਹੈ। ਦੋ ਕਮਰਿਆਂ ਦੇ ਘਰ ਵਿੱਚ ਇੰਨੀ ਵੀ ਥਾਂ ਨਹੀਂ ਕਿ ਅਫ਼ਸੋਸ ਕਰਨ ਵਾਲ਼ੇ ਲੋਕਾਂ ਨੂੰ ਆਪਣੇ ਅੰਦਰ ਸਮਾ ਸਕੇ। ਪਰ ਇਹ ਕੰਮ ਛੇਤੀ ਹੋਣ ਵਾਲ਼ਾ ਨਹੀਂ ਜਾਪਦਾ। ਮ੍ਰਿਤ ਸਰੀਰ ਨੂੰ ਘਰ ਵਾਪਸ ਪਹੁੰਚਾਉਣ ਲਈ ਹੋਣ ਵਾਲ਼ੇ ਖਰਚੇ ਦੀ ਪੂਰਤੀ ਲਈ ਕੰਬੋਡੀਆ ਸਥਿਤ ਭਾਰਤੀ ਦੂਤਾਵਾਸ ਨੇ 7,100 ਅਮਰੀਕੀ ਡਾਲਰਾਂ (ਲਗਭਗ 6,21,000 ਰੁਪਏ) ਦੀ ਪੇਸ਼ਗੀ ਮੰਗ ਕੀਤੀ ਹੈ।
ਛੇ ਅੰਕਾਂ ਦੀ ਇਹ ਰਕਮ ਰਣਦੀਪ ਦੇ ਪਿਤਾ, ਬਲਵਿੰਦਰ ਸਿੰਘ (55) ਦੀ ਸਮਰੱਥਾ ਤੇ ਸਮਝ ਦੋਵਾਂ ਤੋਂ ਹੀ ਬਾਹਰ ਹੈ ਜੋ ਕਿ ਇੱਕ ਦਿਹਾੜੀਦਾਰ ਮਜ਼ਦੂਰ ਹਨ ਅਤੇ 500 ਰੁਪਏ ਦਿਹਾੜੀ ਕਮਾਉਂਦੇਂ ਹਨ, ਉਹ ਵੀ ਉਦੋਂ ਜਦੋਂ ਉਹਨਾਂ ਨੂੰ ਕੋਈ ਕੰਮ ਮਿਲ਼ ਜਾਵੇ। ਸੋਗ ਮਨਾਉਣ ਆਉਣ ਵਾਲ਼ੇ ਨੂੰ ਉਹ ਜਾਣਦੇ ਹੋਣ ਭਾਵੇਂ ਨਾ, ਬਲਵਿੰਦਰ ਸਿੰਘ ਹਰ ਵਿਅਕਤੀ ਵੱਲ ਇਸੇ ਉਮੀਦ ਨਾਲ਼ ਦੇਖਦੇ ਹਨ ਅਤੇ ਮਸਾਂ ਸੁਣੀਂਦੀ ਅਵਾਜ਼ ਵਿੱਚ ਕਹਿੰਦੇ ਹਨ,“ਬੋਡੀ ਲੈ ਕੇ ਆਉਣ ਦਾ ਦੇਖੋ।”
ਪੇਂਡੂ ਇਲਾਕਿਆਂ ਵਿੱਚ ਬੇਰੁਜ਼ਗਾਰੀ ਅਤੇ ਖੇਤੀਬਾੜੀ ਸੰਕਟ ਨੂੰ ਦੇਖਦੇ ਹੋਏ ਸਿਰਫ਼ ਰਣਦੀਪ ਹੀ ਇਕੱਲਾ ਨਹੀਂ ਸੀ ਜੋ ਪੰਜਾਬ ਨੂੰ ਛੱਡ ਜਾਣ ਬਾਰੇ ਸੋਚ ਰਿਹਾ ਸੀ। ਇੱਕ ਬੇਜ਼ਮੀਨੇ ਦਲਿਤ ਪਰਿਵਾਰ ਵਿੱਚ ਪੈਦਾ ਹੋਏ ਰਣਦੀਪ ਦਾ ਬਚਪਨ ਨਿਰਾਸ਼ਾ ਵਿਚਾਲ਼ੇ ਬੀਤਿਆ, ਇਹ ਉਹ ਸਮਾਂ ਸੀ ਜਦੋਂ ਪੰਜਾਬ ਫ਼ਸਲ ਦੀ ਤਬਾਹੀ-ਬਰਬਾਦੀ, ਬੇਰੁਜ਼ਗਾਰੀ ਅਤੇ ਖ਼ੁਦਕੁਸ਼ੀਆਂ ਦੀਆਂ ਸਮੱਸਿਆਵਾਂ ਨਾਲ਼ ਘਿਰਿਆ ਹੋਇਆ ਸੀ।










