ਬਾਲਾ ਸਾਹਿਬ ਲੋਂਢੇ ਨੇ ਕਦੇ ਨਹੀਂ ਸੋਚਿਆ ਸੀ ਕਿ 20 ਸਾਲ ਪਹਿਲਾਂ ਲਿਆ ਗਿਆ ਫ਼ੈਸਲਾ ਉਨ੍ਹਾਂ ਦੇ ਅੱਜ ਨੂੰ ਇੰਝ ਘੇਰ ਲਵੇਗਾ। ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਕਸਬੇ ਫੁਰਸੁੰਗੀ ਵਿੱਚ ਇੱਕ ਛੋਟੇ ਕਿਸਾਨ ਪਰਿਵਾਰ ਵਿੱਚ ਪੈਦਾ ਹੋਏ, ਲੋਂਢੇ ਨੇ ਸਭ ਤੋਂ ਪਹਿਲਾਂ ਆਪਣੇ ਖੇਤ ਵਿੱਚ ਕੰਮ ਕਰਨਾ ਸ਼ੁਰੂ ਕੀਤਾ, ਜਿੱਥੇ ਉਹ ਮੁੱਖ ਤੌਰ 'ਤੇ ਕਪਾਹ ਉਗਾਉਂਦੇ ਸਨ। ਜਦੋਂ ਉਹ 18 ਸਾਲਾਂ ਦੇ ਹੋਏ, ਤਾਂ ਉਨ੍ਹਾਂ ਨੇ ਕੁਝ ਵਾਧੂ ਆਮਦਨੀ ਲਈ ਬਤੌਰ ਡਰਾਈਵਰ ਕੰਮ ਕਰਨ ਦਾ ਫ਼ੈਸਲਾ ਕੀਤਾ।
"ਇੱਕ ਦੋਸਤ ਨੇ ਮੈਨੂੰ ਇੱਕ ਮੁਸਲਿਮ ਪਰਿਵਾਰ ਨਾਲ਼ ਮਿਲ਼ਵਾਇਆ ਜੋ ਪਸ਼ੂਆਂ ਦੀ ਢੋਆ-ਢੁਆਈ ਦਾ ਕਾਰੋਬਾਰ ਕਰਦਾ ਸੀ," 48 ਸਾਲਾ ਬਾਲਾ ਕਹਿੰਦੇ ਹਨ। "ਉਨ੍ਹਾਂ ਨੂੰ ਇੱਕ ਡਰਾਈਵਰ ਦੀ ਲੋੜ ਸੀ, ਮੈਨੂੰ ਉੱਥੇ ਨੌਕਰੀ ਮਿਲ਼ ਗਈ।''
ਇਸ ਉੱਦਮੀ ਨੌਜਵਾਨ, ਲੋਂਢੇ ਨੇ ਕਾਰੋਬਾਰ ਦਾ ਨੇੜਿਓਂ ਅਧਿਐਨ ਕੀਤਾ। ਲਗਭਗ ਇੱਕ ਦਹਾਕਾ ਬੀਤਦੇ-ਬੀਤਦੇ ਲੋਂਢੇ ਨੂੰ ਜਾਪਿਆ ਜਿਵੇਂ ਉਹਨੇ ਕੰਮ ਕਰਨਾ ਸਿੱਖ ਲਿਆ ਸੀ ਅਤੇ ਕੁਝ ਪੈਸੇ ਵੀ ਬਚਾ ਲਏ ਸਨ।
"ਮੈਂ 8 ਲੱਖ ਰੁਪਏ ਵਿੱਚ ਇੱਕ ਸੈਕੰਡ ਹੈਂਡ ਟਰੱਕ ਖਰੀਦਿਆ ਅਤੇ ਅਜੇ ਵੀ ਸਾਡੇ ਹੱਥ ਵਿੱਚ 2 ਲੱਖ ਰੁਪਏ ਦੀ ਪੂੰਜੀ ਬਚੀ ਰਹਿ ਗਈ," ਉਹ ਕਹਿੰਦੇ ਹਨ। "10 ਸਾਲਾਂ ਵਿੱਚ, ਮੇਰਾ ਬਾਜ਼ਾਰ ਦੇ ਕਿਸਾਨਾਂ ਅਤੇ ਵਪਾਰੀਆਂ ਨਾਲ਼ ਵੀ ਚੰਗਾ ਸੰਪਰਕ ਰਿਹਾ।''
ਲੋਂਢੇ ਦੇ ਕਾਰੋਬਾਰ ਨੇ ਉਨ੍ਹਾਂ ਦੀ ਬਾਂਹ ਫੜ੍ਹ ਲਈ। ਇਹ ਉਹ ਕਾਰੋਬਾਰ ਸੀ ਜਿਸ ਨੇ ਉਨ੍ਹਾਂ ਨੂੰ ਉਸ ਸਮੇਂ ਬਚਾਇਆ ਜਦੋਂ ਫਸਲਾਂ ਦੀਆਂ ਕੀਮਤਾਂ ਵਿੱਚ ਗਿਰਾਵਟ, ਮਹਿੰਗਾਈ ਅਤੇ ਜਲਵਾਯੂ ਪਰਿਵਰਤਨ ਕਾਰਨ ਉਨ੍ਹਾਂ ਦੇ ਪੰਜ ਏਕੜ ਖੇਤਾਂ ਨੂੰ ਨੁਕਸਾਨ ਹੋਇਆ ਸੀ।
ਉਨ੍ਹਾਂ ਦਾ ਕੰਮ ਸਧਾਰਨ ਸੀ। ਉਨ੍ਹਾਂ ਦਾ ਕੰਮ ਸੀ ਉਨ੍ਹਾਂ ਕਿਸਾਨਾਂ ਤੋਂ ਪਸ਼ੂ ਖਰੀਦਣਾ ਸੀ ਜੋ ਪਿੰਡ ਦੀਆਂ ਹਫ਼ਤਾਵਾਰੀ ਮੰਡੀਆਂ ਵਿੱਚ ਪਸ਼ੂ ਵੇਚਣਾ ਚਾਹੁੰਦੇ ਸਨ, ਫਿਰ ਉਨ੍ਹਾਂ ਖਰੀਦੇ ਪਸ਼ੂਆਂ ਨੂੰ ਬੁੱਚੜਖਾਨੇ ਜਾਂ ਕਿਸਾਨਾਂ ਨੂੰ ਵੇਚਣਾ ਜੋ ਪਸ਼ੂ ਰੱਖਣਾ ਚਾਹੁੰਦੇ ਸਨ। ਕਮਿਸ਼ਨ ਮੁਨਾਫੇ ਵਜੋਂ ਉਪਲਬਧ ਸੀ। ਕਾਰੋਬਾਰ ਸ਼ੁਰੂ ਕਰਨ ਦੇ ਲਗਭਗ ਇੱਕ ਦਹਾਕੇ ਬਾਅਦ, 2014 ਵਿੱਚ, ਉਨ੍ਹਾਂ ਨੇ ਆਪਣੇ ਕਾਰੋਬਾਰ ਦਾ ਵਿਸਥਾਰ ਕਰਨ ਦਾ ਫ਼ੈਸਲਾ ਕੀਤਾ ਅਤੇ ਇੱਕ ਹੋਰ ਟਰੱਕ ਖਰੀਦਿਆ।
ਪੈਟਰੋਲ ਦੀ ਲਾਗਤ, ਵਾਹਨ ਦੇ ਰੱਖ-ਰਖਾਅ ਦੀ ਲਾਗਤ ਅਤੇ ਡਰਾਈਵਰ ਦੀ ਤਨਖਾਹ ਦਾ ਭੁਗਤਾਨ ਕਰਨ ਤੋਂ ਬਾਅਦ, ਉਸ ਸਮੇਂ ਉਨ੍ਹਾਂ ਦੀ ਔਸਤ ਮਾਸਿਕ ਆਮਦਨ ਲਗਭਗ 1 ਲੱਖ ਰੁਪਏ ਸੀ। ਇਹ ਤੱਥ ਕਿ ਉਹ ਮੁਸਲਿਮ ਕੁਰੈਸ਼ੀ ਭਾਈਚਾਰੇ ਦੇ ਦਬਦਬੇ ਵਾਲ਼ੇ ਇਸ ਕਾਰੋਬਾਰ ਵਿੱਚ ਸ਼ਾਮਲ ਕੁਝ ਹਿੰਦੂਆਂ ਵਿੱਚੋਂ ਇੱਕ ਸਨ, ਨੇ ਇੱਥੇ ਉਨ੍ਹਾਂ ਦੇ ਕਾਰੋਬਾਰ ਵਿੱਚ ਕੋਈ ਰੁਕਾਵਟ ਨਹੀਂ ਪਾਈ। "ਉਹ ਮੇਰੇ ਨਾਲ਼ ਉਦਾਰ ਸਨ, ਆਪਣੇ ਸੰਪਰਕਾਂ ਅਤੇ ਸੁਝਾਵਾਂ ਨੂੰ ਸਾਂਝਾ ਕਰਦੇ ਸਨ," ਉਹ ਕਹਿੰਦੇ ਹਨ। "ਮੈਂ ਸੋਚਿਆ ਮੈਨੂੰ ਜ਼ਿੰਦਗੀ ਵਿੱਚ ਇੱਕ ਜਗ੍ਹਾ ਮਿਲ਼ ਗਈ ਹੈ।''








