ਥਾਂ: ਮਹਾਰਾਸ਼ਟਰ ਦਾ ਕੋਈ ਵੀ ਪਿੰਡ
ਮੌਕਾ: ਅੰਬੇਦਕਰ ਜਯੰਤੀ ਜਾਂ ਅੰਣਾਭਾਊ ਸਾਠੇ ਜਯੰਤੀ
ਮੰਚ 'ਤੇ ਇੱਕ ਸ਼ਾਹੀਰ ਆਉਂਦਾ ਹੈ ਤੇ ਸਾਹਮਣੇ ਦਲਿਤ ਭਾਈਚਾਰੇ ਦੇ ਇਸਤਰੀ-ਪੁਰਸ਼ਾਂ, ਨੌਜਵਾਨ-ਬਜ਼ੁਰਗਾਂ ਦੀ ਭਾਰੀ ਭੀੜ ਨੂੰ ਮੁਖਾਤਬ ਹੁੰਦਾ ਹੈ। ਫਿਰ ਉਹ ਗਾਉਣਾ ਸ਼ੁਰੂ ਕਰਦਾ ਹੈ-
''ਗਾਵਾਤ ਆਲਾ ਤਰ ਘਰ ਨਾਹੀ, ਸ਼ਿਵਾਰਾਤ ਗੇਲੋ ਤਰ ਸ਼ੇਤ ਨਾਹੀ,
ਅਰੇ ਕੋਣ ਕਰਣਾਰ ਆਮਚਾ ਵਾਕੜਾ?''
(ਪਿੰਡ ਵਿੱਚ ਘਰ ਨਹੀਂ, ਖੇਤ ਮੇਰੇ ਨਾਂ ਨਹੀਂ,
ਫਿਰ ਮੇਰੇ ਕੋਲ਼ ਗੁਆਉਣ ਨੂੰ ਹੈ ਹੀ ਕੀ?)
ਇਸ ਚੁਣੌਤੀਪੂਰਨ ਸਵਾਲ ਨੂੰ ਲੈ ਕੇ ਗੰਗਾਧਰ ਪੋਲ ਗਾਉਂਦੇ ਹਨ-
''ਅਰੇ ਪੇਟੂਨ ਉਠੂ ਦਯਾ ਕੀ ਦੇਸ਼ ਸਾਰਾ,
ਤਯਾਤ ਜਲੇਲ ਆਮਚਾਹੀ ਏਕ ਝੋਪੜਾ!''
(ਪੂਰਾ ਦੇਸ਼ ਜੇ ਸੜ ਵੀ ਉੱਠਦਾ ਹੈ,
ਸਾਡੀ ਝੌਂਪੜੀ ਵੀ ਤਾਂ ਮੱਚੇਗੀ ਹੀ।)
ਮਰਾਠੀਸ਼ਬਦਾਂ ਦੀ ਲੈਅ ਦੇ ਨਾਲ਼ ਭੀੜ ਇਕਾਗਰ ਹੋ ਜਾਂਦੀ ਹੈ। ਗੰਗਾਧਰ ਪੂਰੀ ਰਾਤ ਗਾਉਂਦੇ ਹਨ।
ਸ਼ਾਹੀਰੀ ਮਹਾਰਾਸ਼ਟਰ ਦੀ ਉਹ ਕਾਵਿ ਪਰੰਪਰਾ ਹੈ ਜਿਸ ਵਿੱਚ ਇਤਿਹਾਸਕ ਯੁੱਧਾਂ, ਰਾਜਿਆਂ ਅਤੇ ਉਨ੍ਹਾਂ ਦੀ ਬਹਾਦਰੀ ਦਾ ਗੁਣਗਾਨ ਹੁੰਦਾ ਹੈ। ਮਹਾਰਾਸ਼ਟਰ ਦੇ ਲੋਕ ਇਸ 'ਤੇ ਮਾਣ ਕਰਦੇ ਹਨ। ਪਰ ਗੰਗਾਧਰ ਪੋਲ ਅਤੇ ਅੰਬੇਦਕਰੀ ਜਲਸਿਆਂ ਦੇ ਦੂਜੇ ਸ਼ਾਹੀਰਾਂ ਦੀ ਸ਼ਾਹੀਰੀ ਅੱਡ ਹੈ। ਉਹ ਬੀਤੇ ਦੀ ਸ਼ਾਨ ਦੀ ਨਹੀਂ, ਹੰਕਾਰ ਅਤੇ ਉਤਪੀੜਨ ਨੂੰ ਬੇਨਕਾਬ ਕਰਦੇ ਹੋਏ ਵਰਤਮਾਨ ਦੀ ਗੱਲ ਕਰਦੇ ਹਨ। ਉਨ੍ਹਾਂ ਦੇ ਸ਼ਬਦ ਲੁਟੀਂਦਿਆਂ ਨੂੰ ਸਿਰ ਚੁੱਕ ਕੇ ਜੀਊਣ ਦੀ ਪ੍ਰੇਰਣਾ ਦਿੰਦੇ ਹਨ।










