“ਜਵਾਨੀ ਵਿੱਚ ਮੈਂ ਖੂਬਸੂਰਤ ਹੁੰਦੀ ਸੀ। ਪਰ ਹੁਣ ਤਾਂ ਆਪਣੇ ਆਪ ਦਾ ਖਿਆਲ ਰੱਖਣ ਦਾ ਵਕਤ ਹੀ ਨਹੀਂ ਮਿਲ਼ਦਾ,” ਨੂਰ (ਨਾਮ ਬਦਲਿਆ ਹੋਇਆ) ਇੱਕ ਹਉਕਾ ਭਰ ਕੇ ਕਹਿੰਦੇ ਹਨ। ਆਪਣੇ ਕਿਰਾਏ ਦੇ ਮਕਾਨ ਦੀਆਂ ਪੌੜੀਆਂ ਵਿੱਚ ਬੈਠੇ, ਉਹ ਫ਼ੁਰਸਤ ਦੇ ਕੁਝ ਪਲਾਂ ਦਾ ਆਨੰਦ ਮਾਣ ਰਹੇ ਹਨ।
22 ਵਰ੍ਹਿਆਂ ਦੀ ਉਮੁਰ ਤੋਂ ਕੰਮ ਕਰ ਰਹੀ ਨੂਰ ਨੇ ਦਿੱਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਸਫ਼ਾਈ ਕਰਮਚਾਰੀ ਦੀ ਨੌਕਰੀ ਕਰਨ ਤੋਂ ਪਹਿਲਾਂ, ਉਸਾਰੀ ਦੀਆਂ ਥਾਵਾਂ 'ਤੇ ਦਿਹਾੜੀਆਂ ਲਾਈਆਂ, ਫੈਕਟਰੀ ਵਿੱਚ ਕੰਮ ਕੀਤਾ ਅਤੇ ਫਿਰ ਘਰੇਲੂ ਨੌਕਰ ਵਜੋਂ ਵੀ ਕੰਮ ਕੀਤਾ। “ਜਦੋਂ ਦੀ ਮੈਂ ਦਿੱਲੀ ਆਈ ਹਾਂ, ਬੱਸ ਕੰਮ ਹੀ ਕਰ ਰਹੀ ਹਾਂ,” ਉਹ ਪਾਰੀ ਨੂੰ ਦੱਸਦੇ ਹਨ।
ਰੋਹਿਣੀ ਦੇ ਸੈਕਟਰ 15 ਦੇ ਹਸਪਤਾਲ ਵਿੱਚ ਨੂਰ ਨਰਸਿੰਗ ਦੇ ਕੰਮਾਂ ਵਿੱਚ ਮਦਦ ਦੇਣ ਦੇ ਨਾਲ਼-ਨਾਲ਼ ਸਫ਼ਾਈ ਦੇ ਕੰਮ ਵੀ ਕਰਦੇ ਹਨ। ਉਹ ਮਰੀਜ਼ਾਂ ਦੇ ਕਮਰਿਆਂ ਦੀ ਸਾਫ਼ ਸਫ਼ਾਈ ਕਰਦੇ ਹਨ ਅਤੇ ਲੋੜ ਪੈਣ ‘ਤੇ ਖਾਣਾ ਅਤੇ ਪਾਣੀ ਲਿਆਉਣ ਦਾ ਕੰਮ ਕਰਦੇ ਹਨ। ਜੇ ਨਰਸਾਂ ਨੂੰ ਮਰਹਮ ਪੱਟੀ ਕਰਨ ਵੇਲ਼ੇ ਜਾਂ ਮਰੀਜ਼ਾਂ ਦੇ ਦੇਖ-ਭਾਲ਼ ਲਈ ਸਹਾਇਤਾ ਦੀ ਲੋੜ ਹੁੰਦੀ ਹੈ ਤਾਂ ਨੂਰ ਹੱਥ ਵਟਾ ਦਿੰਦੇ ਹਨ। “ਮੈਂ ਦਿਹਾੜੀ ਦੇ 12-13 ਘੰਟੇ ਕੰਮ ਕਰਦੀ ਹਾਂ। ਮਹੀਨੇ ਦੇ ਮੈਂ 11,000 ਰੁਪਏ ਕਮਾ ਲੈਂਦੀ ਹਾਂ। ਦਿੱਲੀ ਵਰਗੇ ਸ਼ਹਿਰ ਵਿੱਚ ਗੁਜ਼ਾਰੇ ਲਈ ਕਾਫ਼ੀ ਨਹੀਂ ਹਨ,” ਉਹਨਾਂ ਦਾ ਕਹਿਣਾ ਹੈ। “ਮੈਨੂੰ ਕਿਰਾਏ ਲਈ, ਪਾਣੀ ਦਾ ਬਿੱਲ, ਅਤੇ ਬਿਜਲੀ ਦਾ ਬਿੱਲ ਭਰਨ ਲਈ ਪੈਸੇ ਚਾਹੀਦੇ ਹਨ।” ਨੂਰ ਅਨੁਸਾਰ ਕੁੱਲ ਮਿਲ਼ਾ ਕੇ ਮਹੀਨੇ ਦੇ 9,600 ਰੁਪਏ ਇਸੇ ਸਭ 'ਤੇ ਖਰਚ ਹੋ ਜਾਂਦੇ ਹਨ।
ਸਾਲ 2004 ਵਿੱਚ ਨੂਰ ਆਪਣੀ ਮਾਸੀ ਅਤੇ ਘਰਵਾਲ਼ੇ ਨਾਲ਼ ਦਿੱਲੀ ਆਏ ਸਨ। ਸਿਰਫ਼ 21 ਸਾਲਾਂ ਦੀ ਨੂਰ ਪਹਿਲੀ ਵਾਰ ਗਰਭਵਤੀ ਸਨ। ਬਿਹਾਰ ਦੇ ਸੁਲਿੰਦਾਬਾਦ ਤੋਂ ਤੁਰਿਆ ਇਹ ਪਰਿਵਾਰ ਰਾਜਧਾਨੀ ਵਿਖੇ ਕੰਮ ਅਤੇ ਬਿਹਤਰ ਆਮਦਨ ਦੀ ਤਲਾਸ਼ ਵਿੱਚ ਪਹੁੰਚਿਆ। ਨੂਰ ਨੂੰ ਇੱਕ ਬਿਹਤਰ ਜ਼ਿੰਦਗੀ ਦੀ ਤਲਾਸ਼ ਸੀ।
ਸਾਲ 1991 ਅਤੇ 2011 ਵਿਚਕਾਰ, ਦਿੱਲੀ-ਐੱਨ. ਸੀ. ਟੀ. ਵਿੱਚ ਪਰਵਾਸ ਕਰਨ ਵਾਲ਼ਿਆਂ ਵਿੱਚ ਬਿਹਾਰ ਦੂਜੇ ਨੰਬਰ ‘ਤੇ ਸੀ। ਦਿ ਪ੍ਰੀਓਡਿਕ ਲੇਬਰ ਫੋਰਸ ਸਰਵੇਅ (2024) ਦੇ ਅੰਕੜੇ ਕਹਿੰਦੇ ਹਨ ਕਿ ਇਸ ਵਿੱਚ ਹਾਲੇ ਵੀ ਕੋਈ ਬਦਲਾਅ ਨਹੀਂ ਆਇਆ ਹੈ। ਇਸ ਸਰਵੇਖਣ ਅਨੁਸਾਰ 11 ਲੱਖ ਤੋਂ ਜਿਆਦਾ ਲੋਕਾਂ ਨੇ ਰੋਜ਼ਗਾਰ ਲਈ ਬਿਹਾਰ ਤੋਂ ਦਿੱਲੀ ਪਰਵਾਸ ਕੀਤਾ।
ਦਿੱਲੀ ਆਉਣ ਤੋਂ ਬਾਅਦ ਨੂਰ ਦਾ ਪਰਿਵਾਰ ਕਸ਼ਮੀਰੀ ਗੇਟ ਦੀਆਂ ਝੁੱਗੀਆਂ ਵਿੱਚ ਵੱਸ ਗਿਆ। ਇਸ ਨੌਜਵਾਨ ਗਰਭਵਤੀ ਦੁਲਹਨ ਦੀ ਪਹਿਲੀ ਨੌਕਰੀ ਉਸਾਰੀ ਦੇ ਕੰਮ ਵਿੱਚ ਮਜਦੂਰੀ ਦੀ ਸੀ; ਫ਼ਿਰ ਉਸ ਨੇ ਸਵਰੂਪ ਨਗਰ ਦੀ ਇੱਕ ਫੈਕਟਰੀ ਵਿੱਚ ਕੰਮ ਕੀਤਾ।








