ਗਰੀਬ ਨਗਰ ਦੀ ਹਵਾ ਘੱਟੇ ਨਾਲ਼ ਭਰੀ ਹੋਈ ਹੈ ਤੇ ਡੂੰਘੇ ਦੁੱਖ ਨਾਲ਼ ਵੀ।
19 ਮਈ ਤੋਂ 23 ਮਈ, 2026 ਦਰਮਿਆਨ ਕਬਜ਼ਾ ਹਟਾਉਣ ਲਈ ਵਿੱਢੇ ਗਏ ਅਭਿਆਨ ਵਿੱਚ ਮੁੰਬਈ ਦੇ ਬਾਂਦਰਾ ਪੂਰਬ ਦੀਆਂ ਲਗਭਗ 500 ਝੌਂਪੜੀਆਂ ਡੇਗ ਦਿੱਤੀਆਂ ਗਈਆਂ। ਇਹ ਦਿਹਾੜੀ ਮਜ਼ਦੂਰਾਂ ਤੇ ਘਰਾਂ ਦੇ ਕੰਮ ਕਰਨ ਵਾਲ਼ਿਆਂ ਦੇ ਘਰ ਸਨ।
ਜਿੱਧਰ ਦੇਖੋ ਮਲ਼ਬਾ ਹੀ ਮਲ਼ਬਾ ਪਿਆ ਹੈ।
ਇੱਕ ਤਰਪਾਲ ਹੇਠਾਂ ਆਲੀਆ ਸ਼ੇਖ, ਰੁਕਸਾਰ ਖ਼ਾਨ ਅਫ਼ਸਾਰ, ਅਸਮਾ ਸ਼ੇਖ ਅਤੇ ਹਿਨਾ ਖ਼ਾਨ ਇਕੱਠੀਆਂ ਬੈਠੀਆਂ ਹਨ। ਇਸ ਮੁਸਲਮਾਨ ਬਹੁ-ਗਿਣਤੀ ਬਸਤੀ ਵਿੱਚ, ਜਿੱਥੇ ਉਹ ਦਹਾਕਿਆਂ ਤੋਂ ਆਪਣਾ ਘਰ ਬਣਾ ਕੇ ਰਹਿੰਦੇ ਰਹੇ ਹਨ, ਹੁਣ ਉਹ ਫੁਟਪਾਥ 'ਤੇ ਸੌਂ ਰਹੇ ਹਨ।
17 ਮਈ ਦੀ ਸ਼ਾਮ ਨੂੰ ਗਰੀਬ ਨਗਰ ਦੇ ਲੋਕਾਂ ਨੂੰ ਪ੍ਰਸ਼ਾਸਨ ਵੱਲੋਂ ਇਹ ਨੋਟਿਸ ਦਿੱਤਾ ਗਿਆ ਕਿ ਬਾਂਦਰਾ ਜੰਕਸ਼ਨ ਨੇੜਲੀਆਂ ਸਾਰੀਆਂ ਬਸਤੀਆਂ ਦੋ ਦਿਨਾਂ ਦੇ ਅੰਦਰ-ਅੰਦਰ ਡੇਗ ਦਿੱਤੀਆਂ ਜਾਣਗੀਆਂ।
ਇੱਥੋਂ ਦੇ ਜ਼ਿਆਦਾਤਰ ਲੋਕ ਈਦ ਮਨਾਉਂਦੇ ਹਨ ਤੇ ਤਿਓਹਾਰ ਆਉਣ ਵਿੱਚ ਬੱਸ ਕੁਝ ਹੀ ਦਿਨ ਬਾਕੀ ਸਨ। 52 ਸਾਲਾ ਗ੍ਰਹਿਣੀ ਆਲੀਆ ਇਸ ਰਿਪੋਰਟਰ ਤੋਂ ਪੁੱਛਦੀ ਹੈ,''ਇਨਸਾਨ ਕੀ ਇਨਸਾਨੀਅਤ ਕਹਾਂ ਹੈ?'' ਉਨ੍ਹਾਂ ਨੇ ਆਪਣੀ ਨੂੰਹ ਤੇ ਤਿੰਨ ਪੋਤੇ-ਪੋਤੀਆਂ ਲਈ ਜੋ ਨਵੇਂ ਕੱਪੜੇ ਖਰੀਦੇ ਸਨ, ਉਹ ਵੀ ਹੁਣ ਬਾਕੀ ਸਮਾਨ ਦੇ ਨਾਲ਼ ਪੈਕ ਹੋ ਗਏ ਹਨ।
ਲਕਸ਼ਮੀ ਉਰਫ਼ ਰੁਕਸਾਰ ਖ਼ਾਨ ਅਫ਼ਸਾਰ (ਖੱਬੇ ਪਾਸੇ) ਆਪਣੀਆਂ ਗੁਆਂਢਣ ਅਸਮਾ ਸ਼ੇਖ ਅਤੇ ਹਿਨਾ ਖ਼ਾਨ ਦੇ ਨਾਲ਼ ਬੈਠੇ ਹਨ।
















