ਕੋਰਲ ਦੇ ਰੁੱਖ (ਏਰੀਥ੍ਰਿਨਾ ਵੇਰੀਏਗਾਟਾ) ਨੂੰ ਫੁਟਾਲਾ ਪੈ ਚੁੱਕਿਆ ਹੈ। ਨਾਗਾਲੈਂਡ ਦੇ ਪਿੰਡ ਮੋਨ ਵਿਖੇ ਲਹਿਰਾਉਂਦੇ ਲਾਲ ਫੁੱਲ ਬਸੰਤ ਦੀ ਆਮਦ ਦੀ ਗਵਾਹੀ ਭਰਦੇ ਹਨ, ਇਸੇ ਸਮੇਂ ਹੀ ਆਓਲੇਆਂਗ ਤਿਓਹਾਰ ਮਨਾਇਆ ਜਾਂਦਾ ਹੈ।
62 ਸਾਲਾ ਨਯੇਲੇਈ ਆਪਣੇ ਪੋਤੇ ਨਾਲ਼ ਇੱਥੇ ਆਏ ਹਨ। ਕੋਨਯਾਕ ਸਟੂਡੈਂਟ ਯੂਨੀਅਨ ਦੀ ਬਿਲਡਿੰਗ ਦੇ ਬਰਾਂਡੇ ਵਿੱਚ ਬੈਠਿਆਂ ਉਹ ਮੁਸਕਰਾ ਰਹੇ ਹਨ ਤੇ ਕਹਿੰਦੇ ਹਨ,''ਮੈਂ ਇੱਥੇ ਆ ਕੇ ਸਾਰੇ ਹੀ ਪ੍ਰੋਗਰਾਮ ਦੇਖਣ ਲਈ ਬੜੀ ਉਤਸੁਕ ਹਾਂ।'' ਪਰ ਜਿਹੜੇ ਪਲ ਦਾ ਉਨ੍ਹਾਂ ਨੂੰ ਸਭ ਤੋਂ ਵੱਧ ਇੰਤਜ਼ਾਰ ਹੈ ਉਹ ਹੈ ਦਾਅਵਤ। ''ਮੈਂ ਸਭ ਤੋਂ ਸੁਆਦੀ ਖਾਣਾ ਖਾਊਂਗੀ,'' ਨਯੇਲੇਈ ਕਹਿੰਦੇ ਹਨ,''ਲੇਸਲੇ ਚੌਲ਼, ਮੀਟ, ਚਟਨੀ ਤੇ ਫਲ।''
ਜਸ਼ਨ ਦੇ ਇਸ ਮੌਕੇ ਗੀਤ, ਨਾਚ ਤੇ ਰਵਾਇਤੀ ਖੇਡਾਂ ਦੇ ਨਾਲ਼-ਨਾਲ਼ ਹੋਰ ਪ੍ਰੋਗਰਾਮ ਸ਼ਾਮਲ ਹੋਣਗੇ, ਜਿਨ੍ਹਾਂ ਵਿੱਚ ਕੋਂਗ-ਕੇਈ-ਹਮ-ਅਜਾਕ ਮੇਕ (ਬਾਂਸ 'ਤੇ ਸੰਤੁਲਨ ਬਣਾ ਕੇ ਦੌੜਨਾ), ਖਾਮ ਟੁਟ (ਲੌਗ ਡਰੰਮ) ਅਤੇ ਵੇਨ ਖੇਨ ਮੇਕ (ਅੱਗ ਨਾਲ਼ ਖੇਡਣਾ) ਸ਼ਾਮਲ ਹਨ।
ਕੋਨਯਾਕ ਕਬੀਲੇ ਦਾ ਆਓਲੇਆਂਗ ਤਿਓਹਾਰ ਕੋਈ ਛੇ ਦਿਨ ਚੱਲਦਾ ਹੈ। ਮਾਰਚ-ਅਪ੍ਰੈਲ ਦਾ ਇਹ ਉਹ ਸਮਾਂ ਹੁੰਦਾ ਹੈ ਜਦੋਂ ਕਬੀਲਾ ਰਲ਼ ਕੇ ਝੂਮ ਖੇਤਾਂ ਵਿੱਚ ਬੀਜ ਬੀਜਦੇ ਹਨ ਤੇ ਚੰਗੀ ਖੇਤੀ ਲਈ ਪ੍ਰਾਰਥਨਾ ਕਰਦੇ ਹਨ ਤੇ ਦੇਵਤਿਆਂ ਕੋਲ਼ੋਂ ਅਸ਼ੀਰਵਾਦ ਪਾਉਣ ਲਈ ਜੁੜਦੇ ਹਨ। ਇਨ੍ਹਾਂ ਖਿੱਤਿਆਂ ਦੀ ਮੁੱਖ ਫ਼ਸਲ ਝੋਨਾ ਹੈ ਅਤੇ ਰਵਾਇਤੀ ਤਰੀਕੇ ਨਾਲ਼ ਖੇਤੀ ਕਰਨਾ ਇੱਥੇ ਆਮ ਪ੍ਰਥਾ ਹੈ।
ਕੋਨਯਾਕ ਭਾਈਚਾਰੇ ਨੂੰ ਅੱਜ ਵੀ ਵੰਸ਼ਾਨੁਗਤ ਗ੍ਰਾਮ ਪ੍ਰਧਾਨਾਂ, ਜਿਨ੍ਹਾਂ ਨੂੰ ਅੰਘਸ ਕਿਹਾ ਜਾਂਦਾ ਹੈ, ਨੂੰ ਖ਼ਾਸ ਸਨਮਾਨ ਦਿੰਦਾ ਹੈ। ਹਾਲ ਦੇ ਸਾਲਾਂ ਵਿੱਚ ਚੁਣੇ ਹੋਏ ਮੈਂਬਰਾਂ ਵਾਲ਼ੀਆਂ ਗ੍ਰਾਮ ਪਰਿਸ਼ਦਾਂ ਵੀ ਹੋਂਦ ਵਿੱਚ ਆਈਆਂ ਹਨ। ਅੰਘ ਦੇ ਘਰ ਨੇੜੇ ਸਥਿਤ ਮੈਦਾਨ ਵਿੱਚ ਹੀ ਪਰਿਵਾਰ ਆਓਲੇਆਂਗ ਜਾਂ ਸਥਾਨਕ ਭਾਸ਼ਾ ਵਿੱਚ ਓਯਾ ਦੇ ਸਲਾਨਾ ਉਤਸਵ ਵਿੱਚ ਸ਼ਾਮਲ ਹੋਣ ਲਈ ਇਕੱਠੇ ਹੁੰਦੇ ਹਨ।


