ਮਹਾਰਾਸ਼ਟਰ ਦੇ ਧਾਰਾਸਿਵ ਜ਼ਿਲ੍ਹੇ ਦੇ ਰਹਿਣ ਵਾਲ਼ੇ 42 ਸਾਲਾ ਸੰਜੀਵਨੀ ਬੇਦਗੇ ਕਹਿੰਦੇ ਹਨ,"ਅਸੀਂ ਸਰਕਾਰੀ ਯੋਜਨਾਵਾਂ ਬਾਰੇ ਕਿਵੇਂ ਜਾਣ ਸਕਦੇ ਹਾਂ? ਸਾਨੂੰ ਸਾਡੇ ਲਈ ਬਣੀਆਂ ਯੋਜਨਾਵਾਂ ਦੀ ਜਾਣਕਾਰੀ ਦੇਣ ਵਾਲ਼ਾ ਕੋਈ ਨਹੀਂ ਹੈ।" ਉਹ ਤੁਲਜਾਪੁਰ ਤਾਲੁਕਾ ਦੇ ਜਲਕੋਟ ਪਿੰਡ ਦੇ ਕਿਸਾਨ ਹਨ ਅਤੇ ਆਪਣੀ ਆਰਥਿਕ ਹਾਲਤ ਨੂੰ ਥੋੜ੍ਹੀ ਬਿਹਤਰ ਕਰਨ ਦੀ ਕੋਸ਼ਿਸ਼ ਵਿੱਚ ਦੂਜਿਆਂ ਦੇ ਖੇਤਾਂ ਵਿੱਚ ਮਜ਼ਦੂਰੀ ਵੀ ਕਰਦੇ ਹਨ। 2020 ਤੋਂ ਹੀ ਉਹ ਭਿੰਨ-ਭਿੰਨ ਸਰਕਾਰੀ ਯੋਜਨਾਵਾਂ ਨਾਲ਼ ਪੰਜੀਕ੍ਰਿਤ (ਰਜਿਸਟਰਡ) ਹੋਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉਨ੍ਹਾਂ ਦੀ ਹਰ ਕੋਸ਼ਿਸ਼ ਨਾਕਾਮ ਰਹੀ ਹੈ। ਸੰਜੀਵਨੀ ਦੱਸਦੇ ਹਨ,"ਲੌਕਡਾਊਨ ਤੋਂ ਕੁਝ ਦਿਨ ਪਹਿਲਾਂ 24 ਜਨਵਰੀ 2020 ਨੂੰ ਮੇਰੇ ਪਤੀ ਸ਼ੰਕਰ ਨੇ ਆਪਣੀ ਜਾਨ ਲੈ ਲਈ। ਆਦਮੀ ਮਰਦਾ ਮਰ ਜਾਂਦਾ ਹੈ ਪਰ ਕਰਜਾ ਨਹੀਂ ਮਰਦਾ। ਮੇਰੇ ਪਤੀ ਨੇ ਕਰਜੇ ਦੇ ਭਾਰ ਹੇਠ ਦੱਬ ਕੇ ਆਤਮਹੱਤਿਆ ਕੀਤੀ। ਹੁਣ ਮੈਂ ਉਸੇ ਬੋਝ ਨੂੰ ਚੁੱਕੀ ਜਿਓਂ ਰਹੀ ਹਾਂ।"
ਉਨ੍ਹਾਂ ਦੇ ਮਰਹੂਮ ਪਤੀ ਦੇ ਪਿਤਾ ਕੋਲ਼ ਜਲਕੋਟ ਵਿੱਚ ਪੰਜ ਏਕੜ ਦੀ ਪੈਲ਼ੀ (ਜ਼ਮੀਨ) ਹੈ, ਜਿਸ 'ਤੇ ਸ਼ੰਕਰ ਅਤੇ ਉਨ੍ਹਾਂ ਦੇ ਤਿੰਨੋਂ ਭਰਾ ਮਿਲ਼ ਕੇ ਖੇਤੀ ਕਰਦੇ ਸਨ। ਸੰਜੀਵਨੀ ਦੱਸਦੇ ਹਨ,“ਸਾਡੇ ਖੇਤ ਮੀਂਹ 'ਤੇ ਨਿਰਭਰ ਹਨ ਅਤੇ ਇੱਥੇ ਸਿੰਚਾਈ ਦਾ ਕੋਈ ਹੋਰ ਬੰਦੋਬਸਤ ਨਹੀਂ, ਪਰ ਫਿਰ ਵੀ ਅਸੀਂ ਕੁਝ ਐਸੀਆਂ ਫ਼ਸਲਾਂ ਬੀਜਦੇ ਹਾਂ ਜਿਨ੍ਹਾਂ ਨੂੰ ਸਿੰਚਾਈ ਦੀ ਕਾਫ਼ੀ ਲੋੜ ਰਹਿੰਦੀ ਹੈ ਕਿਉਂਕਿ ਅਜਿਹੀਆਂ ਫ਼ਸਲਾਂ ਦੀ ਕੀਮਤ ਚੰਗੀ ਮਿਲ਼ਦੀ ਹੈ। ਬਰਸਾਤ ਵਿੱਚ ਅਸੀਂ ਸੋਇਆਬੀਨ ਅਤੇ ਤੂਰ ਬੀਜਦੇ ਹਾਂ ਅਤੇ ਦੀਵਾਲ਼ੀ ਦੇ ਬਾਅਦ ਜੁਆਰ, ਕਣਕ ਅਤੇ ਕਾਲ਼ੇ ਛੋਲਿਆਂ ਦੀ ਫ਼ਸਲ ਲਾਈ ਜਾਂਦੀ ਹੈ।”
2011 ਤੋਂ 2014 ਤੱਕ ਜਵਾਰ, ਕਣਕ ਤੇ ਕਾਲ਼ੇ ਛੋਲਿਆਂ ਦੀ ਕੀਮਤ ਤਕਰੀਬਨ 2,200 ਰੁਪਏ ਪ੍ਰਤੀ ਕਵਿੰਟਲ ਸੀ। ਸੋਇਆਬੀਨ ਅਤੇ ਤੂਰ ਦੀ ਕੀਮਤ ਤਕਰੀਬਨ 5,000 ਰੁਪਏ ਪ੍ਰਤੀ ਕੁਵਿੰਟਲ ਸੀ। ਘਰ ਦੇ ਖਾਣ ਲਈ ਵੱਖ ਕਰਨ ਤੋਂ ਬਾਅਦ ਉਨ੍ਹਾਂ ਕੋਲ਼ ਸਿਰਫ਼ ਲਗਭਗ 4 ਕੁਵਿੰਟਲ ਹੀ ਅਨਾਜ (ਸਰਦੀ ਦਾ) ਬਚਦਾ ਸੀ ਤੇ ਇਸ ਦੀ ਕੀਮਤ ਤਕਰੀਬਨ 26,400 ਰੁਪਏ ਬਣਦੀ। ਸੋਇਆਬੀਨ ਅਤੇ ਤੂਰ ਦੀ ਫ਼ਸਲ 5-5 ਕੁਵਿੰਟਲ ਬੱਚ ਜਾਂਦੀ ਸੀ। ਇਸਦੀ ਕੀਮਤ ਤਕਰੀਬਨ 50,000 ਰੁਪਏ ਹੁੰਦੀ ਸੀ। ਇਸ ਤਰ੍ਹਾਂ ਉਨ੍ਹਾਂ ਦੀ ਸਲਾਨਾ ਆਮਦਨੀ ਤਕਰੀਬਨ 76,400 ਰੁਪਏ ਬਣਦੀ। ਸੰਜੀਵਨੀ ਨੇ ਦੱਸਿਆ ਕਿ ਇਹ ਪੈਸਾ ਚਾਰੋ ਭਰਾਵਾਂ ਦੇ ਪਰਿਵਾਰਾਂ ਵਿੱਚ ਬਰਾਬਰ ਵੰਡਿਆ ਜਾਂਦਾ।
ਉਹ ਦੱਸਦੇ ਹਨ,"ਅਸੀਂ ਜਿਹੜੇ ਕੱਚੇ ਘਰ [ਕਾਨਿਆਂ ਦੀ ਛੱਤ ਵਾਲ਼ੇ ਕੱਚੇ ਮਕਾਨ] ਵਿੱਚ ਰਹਿੰਦੇ ਸਾਂ, ਉਸ ਵਿੱਚ ਬਹੁਤ ਮੁਸ਼ਕਲਾਂ ਸਨ। ਖ਼ਾਸ ਕਰਕੇ ਮੀਂਹ ਦੌਰਾਨ ਛੱਤ ਚੋਂਦੀ ਰਹਿੰਦੀ ਅਤੇ ਸਾਡੇ ਬੱਚੇ ਅਕਸਰ ਬੀਮਾਰ ਪੈ ਜਾਂਦੇ ਤੇ ਇਲਾਜ 'ਤੇ ਬੜਾ ਖ਼ਰਚਾ ਆ ਜਾਂਦਾ।"








