ਸੋਮੇਸ਼ਵਰ ਏਕਨਾਥ ਸਾਲਗਰ ਨਹਾ ਕੇ ਆਪਣੀ ਝੁੱਗੀ ਦੇ ਬਾਹਰ ਬੈਠੇ ਨਵੰਬਰ ਦੀ ਮੱਠੀ ਧੁੱਪ ਵਿੱਚ ਗਿੱਲੇ ਵਾਲਾਂ ਵਿੱਚ ਕੰਘੀ ਫੇਰ ਰਹੇ ਹਨ। ਇਹ ਫੁਰਸਤ ਦੇ ਬਸ ਥੋੜੇ ਜਿਹੇ ਹੀ ਪਲ ਉਹਨਾਂ ਦੇ ਨਸੀਬ ਵਿੱਚ ਹਨ ਕਿਉਂਕਿ ਉਹਨਾਂ ਦਾ 12-13 ਘੰਟੇ ਲੰਬਾ ਦਿਨ ਸਵੇਰ ਦੇ ਚਾਰ ਹੀ ਵਜੇ ਸ਼ੁਰੂ ਹੋ ਜਾਂਦਾ ਹੈ।
ਸੋਮੇਸ਼ਵਰ ਇੱਕ ਫੜਕਾਰੀ (ਗੰਨੇ ਦੀ ਕਟਾਈ ਕਰਨ ਵਾਲ਼ੇ) ਹਨ ਅਤੇ ਉਹਨਾਂ ਸੈਂਕੜੇ ਮਜ਼ਦੂਰ ਪਰਿਵਾਰਾਂ ਵਿੱਚੋਂ ਹਨ ਜੋ ਕੋਲ੍ਹਾਪੁਰ ਦੀਆਂ ਖੰਡ ਮਿੱਲਾਂ ਵਿੱਚ ਕੰਮ ਦੀ ਤਲਾਸ਼ ਵਿੱਚ ਆਏ ਹਨ। ਕੋਲ੍ਹਾਪੁਰ ਜਿਲ੍ਹੇ ਦੇ ਪਰਗਾਓਂ ਭਦੋਲੇ ਦੀ ਵਾਰਨਾ ਖੰਡ ਮਿੱਲ ਵਿੱਚ ਮਜ਼ਦੂਰਾਂ ਦੇ ਪਰਿਵਾਰਾਂ ਨੇ ਆਪਣੀਆਂ ਝੁੱਗੀਆਂ ਬਣਾਈਆਂ ਹਨ ਜਿੱਥੇ ਉਹ ਅਗਲੇ ਚਾਰ ਤੋਂ ਪੰਜ ਮਹੀਨਿਆਂ ਲਈ ਰਹਿਣਗੇ ਅਤੇ ਗੰਨੇ ਦੀ ਕਟਾਈ ਕਰਨਗੇ।
ਇਹਨਾਂ ਵਿੱਚੋਂ ਜ਼ਿਆਦਾਤਰ ਮਰਾਠਵਾੜਾ ਦੇ ਬੀੜ ਵਰਗੇ ਸੋਕਾ ਗ੍ਰਸਤ ਇਲਾਕਿਆਂ ਵਿੱਚੋਂ ਆਏ ਹਨ। ਸੋਮੇਸ਼ਵਰ ਭਾਊ ਆਪਣੇ ਪਰਿਵਾਰ ਸਮੇਤ ਬੀੜ ਜਿਲ੍ਹੇ ਦੇ ਮੁੰਗੀ ਪਿੰਡ ਤੋਂ ਆਏ ਹਨ। 650 ਕਿਲੋਮੀਟਰ ਲੰਬਾ ਸਫ਼ਰ ਕਰ ਕੇ ਕੋਲ੍ਹਾਪੁਰ ਜਿਲ੍ਹੇ ਦੇ ਇਸ ਸਭ ਤੋਂ ਵੱਧ ਗੰਨੇ ਦੇ ਰਕਬੇ ਵਾਲ਼ੇ ਇਲਾਕੇ ਵਿੱਚ ਆਉਣ ਲਈ ਉਹਨਾਂ ਨੂੰ ਤਿੰਨ ਦਿਨਾਂ ਦਾ ਸਮਾਂ ਲੱਗ ਗਿਆ।
“ਮੇਰੀ ਪਤਨੀ ਪਰੀਮਾਲਾ ਅਤੇ ਸਾਡੇ ਤਿੰਨ ਬੇਟੇ ਸਾਡੇ ਨਾਲ਼ ਹਨ। ਪ੍ਰਮੋਦ, ਵਿਨੋਦ ਅਤੇ ਦਸ਼ਰਥ,” ਉਹ ਦੱਸਦੇ ਹਨ। ਉਹ ਇੱਕ ਟਰੈਕਟਰ ਟਰਾਲੀ ਤੇ ਆਪਣਾ ਸਾਰ ਸਮਾਨ ਲੈ ਕੇ ਇੱਥੇ ਆਏ ਸਨ। ਉਹਨਾਂ ਦੀ ਝੁੱਗੀ ਵਿੱਚ ਅਨਾਜ ਦੀਆਂ ਬੋਰੀਆਂ ਅਤੇ ਇੱਕ ਗੈਸ ਸਿਲੰਡਰ ਪਿਆ ਹੈ।
























