''ਭੋਗੋਲ ਸੋਬਈ ਬਾਨੇਰ ਪਈ, ਮੋਨੋਸਰ ਡਯਾਲਾ ਸੁਦੂ ਅਮਰਈ ਬਨਾਈ (ਹਰ ਕੋਈ ਸ਼ੋਲਾ ਤੋਂ ਕਦੰਬ ਫੁੱਲ ਤਾਂ ਬਣਾ ਸਕਦਾ ਹੈ, ਪਰ ਸਿਰਫ਼ ਅਸੀਂ ਹੀ ਮਨਸਾ ਦੇਵੀ ਦਾ ਡਯਾਲਾ ਬਣਾ ਪਾਉਂਦੇ ਹਾਂ),'' ਮੂੰਹ ਵਿੱਚ ਪਾਨ ਟਿਕਾਉਂਦਿਆਂ ਮੁਸਕਰਾ ਕੇ ਅਨੇਸ਼ਵਰੀ ਬਰਮਨ ਕਹਿੰਦੀ ਹੈ।
ਗਿੱਟਿਆਂ ਤੱਕ ਉੱਚੀ ਸਾੜੀ ਵਿੱਚ ਮਲਬੂਸ 58 ਸਾਲਾ ਅਨੇਸ਼ਵਰੀ ਨੇ ਵਾਲ਼ ਕੱਸ ਕੇ ਜੂੜਾ ਕੀਤਾ ਹੋਇਆ ਹੈ। ਚੰਗੀ ਤਰ੍ਹਾਂ ਸੁੰਭਰੇ ਸੀਮੇਂਟ ਦੇ ਪੱਕੇ ਫ਼ਰਸ਼ 'ਤੇ ਬੈਠਣ ਤੋਂ ਪਹਿਲਾਂ ਆਪਣੀ ਸਾੜੀ ਦੇ ਆਂਚਲ ਨਾਲ਼ ਆਪਣੇ ਹੱਥ ਤੇ ਮੂੰਹ ਪੂੰਝਦੀ ਹੈ। ਘਰ ਦੇ ਕੰਮਾਂ ਤੇ ਸ਼ੋਲਾ ਕਲਾਕਾਰੀ ਵਿਚਾਲੇ ਭੱਜਨੱਸ ਕਰਦੀ ਅਨੇਸ਼ਵਰੀ ਅਖ਼ੀਰ ਨਜਿੱਠ ਕੇ ਬਹਿ ਜਾਂਦੀ ਹੈ।
ਜਲਕੁੰਡਾਂ ਵਿੱਚ ਮਿਲ਼ਣ ਵਾਲ਼ੇ ਇਸ ਤਣੇ, ਸ਼ੋਲਾ (ਏਸਚਯਨੋਮੇਨੇ ਅਸਪੇਰਾ ਐੱਲ) ਤੋਂ ਪੂਜਾ ਲਈ ਵਰਤੀਂਦੀਆਂ ਚੀਜ਼ਾਂ ਤੋਂ ਇਲਾਵਾ ਕਈ ਸਜਾਵਟੀ ਸ਼ੈਆਂ ਵੀ ਬਣਾਈਆਂ ਜਾਂਦੀਆਂ ਹਨ। ਇਹ ਹਸਤਕਲਾ ਪੱਛਮੀ ਬੰਗਾਲ ਦੀਆਂ ਕਈ ਮਸ਼ਹੂਰ ਕਲਾਵਾਂ ਦਾ ਹਿੱਸਾ ਹੈ। ਕੂਚ ਬਿਹਾਰ ਜ਼ਿਲ੍ਹੇ ਦੇ ਉੱਤਰ ਵਾਲ਼ੇ ਪਾਸੇ ਪੈਂਦੇ 4,467 ਲੋਕਾਂ (ਮਰਦਮਸ਼ੁਮਾਰੀ 2011) ਵਾਲ਼ੇ ਸਿਧੇਸ਼ਵਰੀ ਪਿੰਡ ਦੇ ਕਈ-ਕਈ ਪਰਿਵਾਰ ਇਸੇ ਕਲਾਕਾਰੀ ਕਾਰਨ ਰੋਟੀ ਖਾ ਪਾਉਂਦੇ ਹਨ। ਕੂਚ ਬੇਹਾਰ-II ਬਲਾਕ ਦੇ ਇਸ ਪਿੰਡ ਵਿਖੇ ਅਨੇਸ਼ਵਰੀ ਦਾ ਪਰਿਵਾਰ ਹੀ ਹੈ ਜੋ ਸ਼ੋਲਾ ਤਣੇ ਦੇ ਨਰਮ ਤੇ ਸੁਰਾਖ਼ਦਾਰ ਹਿੱਸੇ ਤੋਂ ਮਨਸਾ ਡਯਾਲਾ ਬਣਾਉਣ ਦੀ ਮੁਹਾਰਤ ਰੱਖਦਾ ਹੈ, ਜਿਸ ਢਾਂਚੇ 'ਤੇ ਸੱਪ ਦੀ ਦੇਵੀ ਮਨਸਾ ਦੀ ਤਸਵੀਰ ਪੇਂਟ ਕੀਤੀ ਗਈ ਹੁੰਦੀ ਹੈ।
''ਜੇ ਇਹ ਰਵਾਇਤ ਤੁਹਾਡੇ ਪਰਿਵਾਰਦਾ ਹਿੱਸਾ ਨਹੀਂ ਤਾਂ ਤੁਸੀਂ ਇਹਨੂੰ ਬਣਾਉਣ ਦੀ ਇਜਾਜ਼ਤ ਨਹੀਂ ਰੱਖਦੇ। ਪਰ ਅਸੀਂ ਬਣਾਉਂਦੇ ਹਾਂ ਕਿਉਂਕਿ ਇਹ ਸਾਡੇ ਪਰਿਵਾਰ ਦਾ ਹਿੱਸਾ ਹੈ,'' ਫ਼ਖ਼ਰ ਨਾਲ਼ ਉਹ ਕਹਿੰਦੀ ਹੈ ਜਿਹਨੂੰ ਆਪਣੇ ਪਤੀ ਦੇ ਪਰਿਵਾਰ ਵੱਲੋਂ ਇਹ ਸ਼ਿਲਪ ਵਿਰਸੇ ਵਿੱਚ ਮਿਲ਼ੀ ਹੈ ਜੋ ਰਾਜਬੰਸ਼ੀਭਾਈਚਾਰੇ (ਪੱਛਮੀ ਬੰਗਾਲ ਵਿੱਚ ਪਿਛੜੀ ਜਾਤੀ ਵਜੋਂ ਸੂਚੀਬੱਧ) ਨਾਲ਼ ਤਾਅਲੁੱਕਰੱਖਦੇ ਹਨ।

























