ਪਹਾੜਾਂ ਦੀ ਉੱਚਾਈ 'ਤੇ ਵੱਸੇ ਪਿੰਡ ਵਾਹੀ ਦੇ ਰਹਿਣ ਵਾਲ਼ੇ ਬਲਬੀਰ ਜੁਲਾਈ 2025 ਨੂੰ ਪਿੰਡ ਦੇ ਬਜ਼ੁਰਗਾਂ ਵੱਲੋਂ ਸੱਦੇ ਜਾਣ 'ਤੇ ਕੋਟੀ ਪਹੁੰਚੇ। ਆਪਣੇ ਕੰਮ ਨੂੰ ਲੈ ਕੇ ਮੰਗ ਵਿੱਚ ਰਹਿਣ ਵਾਲ਼ੇ, ਬਲਬੀਰ ਕਹਿੰਦੇ ਹਨ ਕਿ ਦੇਵਦਾਰ ਦੀ ਲੱਕੜ 'ਤੇ ਸੋਹਣੇ ਚਿਹਰੇ ਤੇ ਆਕ੍ਰਿਤੀਆਂ ਦੀ ਨੱਕਾਸ਼ੀ ਕਰਨਾ ਉਨ੍ਹਾਂ ਨੂੰ ਵਿਰਸੇ ਵਿੱਚ ਮਿਲ਼ਿਆ ਹੈ। ਉਹ ਖੁੱਲ੍ਹ ਕੇ ਦੱਸਦੇ ਹਨ,''ਸਾਡੇ ਪਰਿਵਾਰ ਦੇ ਕਿਸੇ ਇੱਕ ਬੱਚੇ ਲਈ ਇਹ ਕੰਮ ਕਰਨਾ ਲਾਜ਼ਮੀ ਹੈ। ਭਾਵੇਂ ਉਹ ਕਿਤੇ ਹੋਰ ਨੌਕਰੀ ਕਿਉਂ ਨਾ ਕਰਦਾ ਹੋਵੇ, ਉਹਨੂੰ ਮੁੜਨਾ ਪੈਂਦਾ ਹੈ।''
ਇਹ ਕੰਮ ਨੱਕਾਸ਼ੀ ਤੋਂ ਵੀ ਅੱਗੇ ਦੇ ਹੁਨਰ ਦੀ ਮੰਗ ਕਰਦਾ ਹੈ। ''ਜੋ ਵੀ ਇਹ ਕੰਮ ਕਰਦਾ ਹੈ, ਉਹਦਾ ਪੜ੍ਹਿਆ-ਲਿਖਿਆ ਹੋਣਾ ਜ਼ਰੂਰੀ ਹੈ,'' ਉਹ ਗੱਲ ਜੋੜਦੇ ਹਨ। ''ਉਹਨੂੰ ਗਣਿਤ ਆਉਣਾ ਚਾਹੀਦਾ ਹੈ ਤਾਂ ਜੋ ਉਹ ਨਕਸ਼ਾ ਖਿੱਚਣ, ਮਾਪ ਲੈਣ, ਕੱਟਣ ਅਤੇ ਹੋਰ ਚੀਜ਼ਾਂ ਦਾ ਹਿਸਾਬ ਲਾ ਸਕੇ।''
ਬਲਬੀਰ ਦਾ ਸਬੰਧ ਵਾਹੀ ਵਿਖੇ ਰਹਿਣ ਵਾਲ਼ੇ ਉਨ੍ਹਾਂ ਛੇ ਪਰਿਵਾਰਾਂ ਨਾਲ਼ ਹੈ ਜੋ ਨੱਕਾਸ਼ੀ ਦੀ ਪਰੰਪਰਾ ਨੂੰ ਜਾਰੀ ਰੱਖਦੇ ਹਨ। ਤਿੰਨ ਕਾਰੀਗਰ ਉਨ੍ਹਾਂ ਦੇ ਨਾਲ਼ ਇੱਥੇ ਆਏ ਹਨ। ਉਹ ਸਾਰੇ ਜੌਨਸਾਰੀ ਭਾਈਚਾਰੇ ਨਾਲ਼ ਤਾਅਲੁੱਕ ਰੱਖਦੇ ਹੋ ਜੋ ਉਤਰਾਖੰਡ ਵਿਖੇ ਪਿਛੜੇ ਕਬੀਲੇ ਵਜੋਂ ਸੂਚੀਬੱਧ ਹਨ।
ਇਨ੍ਹੀਂ ਦਿਨੀਂ ਨੱਕਾਸ਼ੀ ਵਾਲ਼ੀ ਟੀਮ ਸਤੰਭਾਂ 'ਤੇ ਪੱਤੀਆਂ ਅਤੇ ਆਕ੍ਰਿਤੀਆਂ ਨੂੰ ਉਕੇਰਨ ਵੱਲ ਧਿਆਨ ਕੇਂਦਰਤ ਕਰ ਰਹੀ ਹੈ। ਇਹ ਡਿਜ਼ਾਇਨ ਪਿੰਡ ਦੇ ਲੋਕਾਂ ਦੀ ਮਨਜ਼ੂਰੀ ਭਾਵ ਪਸੰਦਗੀ 'ਤੇ ਅਧਾਰਤ ਹਨ ਕਿਉਂਕਿ ਖੇਤਰ ਦੇ ਮੰਦਰਾਂ ਨੂੰ ਸਾਂਝਾ ਢਾਂਚਾ ਮੰਨਿਆ ਜਾਂਦਾ ਹੈ। ''ਇਹ ਪੂਰੇ ਪਿੰਡ ਦੀ ਮਲਕੀਅਤ ਹੁੰਦੇ ਹਨ,'' ਸੁਨੀਲ ਸਿੰਘ ਤੋਮਰ ਕਹਿੰਦੇ ਹਨ। ''ਕਈ ਵਾਰੀਂ ਤਾਂ ਪਿੰਡਾਂ ਦੇ ਪਿੰਡ ਰਲ਼ ਕੇ ਇਕੱਠਿਆਂ ਵੱਡਾ ਮੰਦਰ ਤਿਆਰ ਕਰਦੇ ਹਨ,'' ਉਹ ਗੱਲ ਮੁਕੰਮਲ ਕਰਦੇ ਹਨ। ਕੋਟੀ ਦੇ ਰਹਿਣ ਵਾਲ਼ੇ ਤੋਮਰ ਬੇਸੋਗਿਲਾਨੀ ਵਿਖੇ ਸੂਬਾਈ ਸਕੂਲ ਵਿੱਚ ਇੱਕ ਲੈਬ ਅਸਿਸਟੈਂਟ ਹਨ।
ਹਾਲਾਂਕਿ ਇਨ੍ਹਾਂ ਮੰਦਰਾਂ ਨੂੰ ਭਾਈਚਾਰਕ ਕਿਹਾ ਜਾਂਦਾ , ਪਰ ਇਨ੍ਹਾਂ ਥਾਵਾਂ ਵਿੱਚ ਲਿੰਗ ਅਤੇ ਜਾਤੀ ਦੇ ਅਧਾਰ 'ਤੇ ਸਪੱਸ਼ਟ ਸੀਮਾਵਾਂ ਬਣੀਆਂ ਹੋਈਆਂ ਹਨ- ਔਰਤਾਂ ਇਨ੍ਹਾਂ ਮੰਦਰਾਂ ਵਿੱਚ ਪ੍ਰਵੇਸ਼ ਨਹੀਂ ਕਰਦੀਆਂ। ਪਾਰੀ ਨੇ ਪਿੰਡ ਦੀਆਂ ਕਈ ਔਰਤਾਂ ਨਾਲ਼ ਇਸ ਵਿਸ਼ੇ ਵਿੱਚ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਕਿਸੇ ਨੇ ਵੀ ਖੁੱਲ੍ਹ ਕੇ ਕੁਝ ਨਾ ਕਿਹਾ। ਔਰਤਾਂ ਦਾ ਕਹਿਣਾ ਸੀ ਕਿ ਉਹ ਦੇਵਤਿਆਂ ਦੇ ਗੁੱਸੇ ਤੋਂ ਡਰਦੀਆਂ ਹਨ। ਉਤੇਲ ਪਿੰਡ ਵਿੱਚ ਛੋਟੀ ਭੋਜਨਸ਼ਾਲਾ ਚਲਾਉਣ ਵਾਲ਼ੀ 42 ਸਾਲਾ ਆਸ਼ਾ ਦੇਵੀ ਨੇ ਬੱਸ ਇੰਨਾ ਕਿਹਾ,''ਕੁਝ ਕਾਰਨਾਂ ਕਰਕੇ ਔਰਤਾਂ ਮੰਦਰ ਵਿੱਚ ਪ੍ਰਵੇਸ਼ ਨਹੀਂ ਕਰ ਸਕਦੀਆਂ।'' ਨੀਵੀਂ ਜਾਤਾਂ ਦੇ ਲੋਕਾਂ ਨੇ ਵੀ ਦੱਸਿਆ ਕਿ ਉਹ ਅਪਸ਼ਗਨ ਕਰਕੇ ਡਰਦੀਆਂ ਮੰਦਰ ਵਿੱਚ ਪ੍ਰਵੇਸ਼ ਕਰਨ ਤੋਂ ਬੱਚਦੀਆਂ ਹਨ।