ਮੁੰਨਾਲਾਲ ਕੁਰਮੀ ਕਹਿੰਦੇ ਹਨ,“ਅਸੀਂ ਕਿਤੇ ਵੀ ਜਾਣ ਨੂੰ ਤਿਆਰ ਨਹੀਂ। ਅਸੀਂ ਜਾਵਾਂਗੇ ਵੀ ਕਿੱਥੇ? ਸਾਨੂੰ ਬੇਘਰਿਆਂ ਵਾਂਗ ਇੱਧਰ-ਓਧਰ ਭਟਕਣਾ ਪਵੇਗਾ।” ਉਹ ਮੱਧ ਪ੍ਰਦੇਸ਼ ਦੇ ਦਮੋਹ ਜ਼ਿਲ੍ਹੇ ਦੇ ਸਰਸੇਲਾ ਰਾਇਟ ਵਿੱਚ ਰਹਿਣ ਵਾਲ਼ੇ ਇੱਕ ਕਿਸਾਨ ਹਨ। ਇਹ ਉਨ੍ਹਾਂ 93 ਪਿੰਡਾਂ ਵਿੱਚੋਂ ਇੱਕ ਹੈ ਜਿੱਥੇ ਭਾਰਤ ਦਾ 54ਵਾਂ ਟਾਈਗਰ ਰਿਜ਼ਰਵ (ਵੀਰਾਂਗਨਾ ਦੁਰਗਾਵਤੀ ਟਾਈਗਰ ਰਿਜ਼ਰਵ: ਵੀਡੀਟੀਆਰ) ਹੀ ਇਹਦੀ ਬਰਬਾਦੀ ਦਾ ਕਾਰਨ ਬਣਿਆ।
ਵੀਰਾਂਗਨਾ ਦੁਰਗਾਵਤੀ ਟਾਈਗਰ ਰਿਜ਼ਰਵ (ਵੀਡੀਟੀਆਰ) ਉਨ੍ਹਾਂ 58 ਰੱਖਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਬਾਘਾਂ ਦੇ ਅਵਾਸ ਲਈ ਸਮਰਪਿਤ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਦੋ ਰੱਖਾਂ ਵਿੱਚ ਚੀਤੇ ਵੀ ਨਾਲ਼ ਹੀ ਰਹਿਣਗੇ। ਇਹ ਰਿਜ਼ਰਵ ਅਜਿਹੇ ਖੇਤਰ ਹਨ ਜੋ ਸਿਰਫ਼ ਜੰਗਲੀ ਜੀਵਾਂ ਲਈ ਸੰਰਖਤ ਕੀਤੇ ਗਏ ਹਨ ਅਤੇ ਇਨ੍ਹਾਂ ਨੂੰ ਮਨੁੱਖੀ ਦਖ਼ਲ ਤੋਂ ਪੂਰੀ ਤਰ੍ਹਾਂ ਬਚਾਇਆ ਜਾਂਦਾ ਹੈ।
ਮੌਜੂਦਾ ਸਮੇਂ ਇਹ ਟਾਈਗਰ ਰਿਜ਼ਰਵ ਲਗਭਗ 80,000 ਵਰਗ ਕਿ.ਮੀ. ਖੇਤਰ ਵਿੱਚ ਫੈਲੇ ਹੋਏ ਹਨ (ਇਹ ਭਾਰਤ ਦੇ ਜੰਗਲੀ ਖੇਤਰ ਦਾ ਲਗਭਗ 10 ਪ੍ਰਤੀਸ਼ਤ ਹਿੱਸਾ ਹੈ), ਜਿਸਨੂੰ ਬਣਾਉਣ ਲਈ 257 ਪਿੰਡਾਂ ਨੂੰ ਉਜਾੜਿਆ ਗਿਆ ਹੈ। ਕੇਂਦਰੀ ਜਨਜਾਤੀ ਕਾਰਜ ਰਾਜ ਮੰਤਰੀ ਦੁਰਗਾਦਾਸ ਉਇਕੇ ਨੇ ਦਸੰਬਰ 2025 ਵਿੱਚ ਲੋਕ ਸਭਾ ਨੂੰ ਇਹ ਜਾਣਕਾਰੀ ਦਿੱਤੀ। ਇੰਨਾ ਹੀ ਨਹੀਂ, ਰਿਜ਼ਰਵ ਦੇ ਅੰਦਰ ਆਉਣ ਵਾਲ਼ੇ 730 ਪਿੰਡਾਂ ਨੂੰ ਵੀ ਹੁਣ ਉਜਾੜੇ ਜਾਣ ਦੀ ਤਿਆਰੀ ਕੱਸੀ ਜਾ ਰਹੀ ਹੈ।
ਡਾਬਾ ਦਮੋਹ ਨਾਮ ਦਾ ਇੱਕ ਹੋਰ ਪਿੰਡ ਵੀ ਇਸ ਨਵੇਂ ਟਾਈਗਰ ਰਿਜ਼ਰਵ ਵੱਲੋਂ ਨਿਗਲ਼ਿਆ ਜਾਣਾ ਹੈ। ਇਹ ਪਿੰਡ ਨੌਰਾਦੇਹੀ ਰੱਖ ਦੀ ਸੀਮਾ ਦੇ ਨੇੜੇ ਵੱਸਿਆ ਹੋਇਆ ਹੈ। ਇੱਥੇ ਰਹਿਣ ਵਾਲ਼ੀ ਰਾਧਾ ਰਾਣੀ ਗੋਂਡ ਸਾਡੇ ਕੋਲ਼ ਪੁੱਛਦੇ ਹਨ, “ਅਸੀਂ ਕਿੱਥੇ ਰਹਾਂਗੇ? ਕੀ ਖਾਵਾਂਗੇ?” ਸਿਆਲ ਦੀ ਧੁੱਪੇ ਉਹ ਵਿਹੜੇ ਵਿੱਚ ਖਿਲਾਰੀ ਕਣਕ 'ਤੇ ਹੱਥ ਫੇਰ ਰਹੀ ਹੈ ਜਿਓਂ ਕੁਝ ਲੱਭਦੀ ਹੋਵੇ। ਕਣਕ ਦੀ ਇਹ ਫ਼ਸਲ ਅਜੇ ਹੁਣੇ ਹੀ ਖੇਤਾਂ ਤੋਂ ਘਰ ਲਿਆਂਦੀ ਗਈ ਹੈ, ਜਿਸ ਨੂੰ ਹੱਥੀਂ ਸਹਿਲਾਉਂਦਿਆਂ 75 ਸਾਲਾਂ ਦੀ ਰਾਧਾ ਰਾਣੀ ਫ਼ਿਕਰਾਂ ਵਿੱਚ ਡੁੱਬੀ ਦਿਖ ਰਹੀ ਸੀ।
ਰਿਜ਼ਰਵਾਂ ਦੀ ਬੁਨਿਆਦ 'ਕਿਲ੍ਹਾ ਸੰਰਖਣ' ਦੇ ਤਰੀਕੇ ਨਾਲ਼ ਰੱਖਣ ਦਾ ਮਤਲਬ ਹੈ ਜੰਗਲੀ ਜੀਵਾਂ ਦੇ ਇਸ ਇਲਾਕੇ ਵਿੱਚ ਆਮ ਲੋਕਾਂ ਦੀ ਪਹੁੰਚ ਨੂੰ ਦੂਰ ਰੱਖਣਾ। ਪ੍ਰਸਥਿਤੀ ਵਿਗਿਆਨੀ ਦੱਸਦੇ ਹਨ ਕਿ ਇਹ ਸੋਚ ਇੱਕ ਬਹੁਤ ਹੀ ਸਰਲ ਧਾਰਨਾ 'ਤੇ ਆਧਾਰਤ ਹੈ ਕਿ ਬਾਘ ਅਤੇ ਮਨੁੱਖ ਦੀ ਸਹਿ-ਹੋਂਦ ਸੰਭਵ ਨਹੀਂ। ਹਕੀਕਤ ਇਹ ਹੈ ਕਿ ਭਾਰਤ ਦੇ ਜੰਗਲਾਂ ਵਿੱਚ ਰਹਿਣ ਵਾਲ਼ੇ ਆਦਿਵਾਸੀ ਭਾਈਚਾਰੇ ਹਮੇਸ਼ਾ ਤੋਂ ਜੰਗਲੀ ਜਾਨਵਰਾਂ ਦੇ ਨੇੜੇ ਰਹਿ ਕੇ ਜੀਵਨ ਬਿਤਾਉਂਦੇ ਆਏ ਹਨ। ਜਨਕਾ ਬਾਈ ਕਹਿੰਦੇ ਹਨ,“ਜੰਗਲ ਅਤੇ ਜਾਨਵਰਾਂ ਦੀ ਦੇਖਭਾਲ਼ ਅਸੀਂ ਹੀ ਕਰਦੇ ਹਾਂ। ਉਹ ਸਾਨੂੰ ਹੀ ਇੱਥੋਂ ਕੱਢ ਰਹੇ ਹਨ ਅਤੇ ਇਸ ਥਾਂ ਟੂਰਿਸਟਾਂ ਲਈ ਗੈਸਟ ਹਾਊਸ ਬਣਾਉਣ ਵਾਲ਼ੇ ਹਨ।” 2015 ਵਿੱਚ ਜਦੋਂ ਪੰਨਾ ਟਾਈਗਰ ਰਿਜ਼ਰਵ ਖੇਤਰ ਦਾ ਵਿਸਥਾਰ ਕੀਤਾ ਗਿਆ ਤਾਂ ਉਨ੍ਹਾਂ ਦਾ ਪਿੰਡ ਇਸ ਯੋਜਨਾ ਦੀ ਭੇਟ ਚੜ੍ਹ ਗਿਆ ਸੀ।























