"ਇੱਥੇ ਇੱਕ ਵੱਡਾ ਸਖੁਵਾ ਗਾਚ (ਰੁੱਖ) ਸੀ। ਉਸ ਸਮੇਂ, ਹਿਜਲਾ ਪਿੰਡ ਅਤੇ ਆਸ ਪਾਸ ਦੇ ਇਲਾਕਿਆਂ ਦੇ ਲੋਕ ਇਸ ਜਗ੍ਹਾ 'ਤੇ ਇਕੱਠੇ ਹੁੰਦੇ ਸਨ ਅਤੇ ਬੈਸੀ (ਮੀਟਿੰਗ) ਕਰਿਆ ਕਰਦੇ। ਇਨ੍ਹਾਂ ਰੋਜ਼ਾਨਾ ਦੇ ਇਕੱਠਾਂ ਨੂੰ ਦੇਖਦੇ ਹੋਏ, ਅੰਗਰੇਜ਼ਾਂ ਨੇ ਰੁੱਖ ਕੱਟਣ ਦਾ ਫੈਸਲਾ ਕੀਤਾ ... ਬੜਾ ਲਹੂ ਡੁਲ੍ਹਿਆ। ਰੁੱਖ ਦਾ ਉਹ ਮੁੱਢ ਪੱਥਰ ਵਿੱਚ ਬਦਲ ਗਿਆ।''
ਰਾਜੇਂਦਰ ਬਾਸਕੀ ਝਾਰਖੰਡ ਦੇ ਦੁਮਕਾ ਜ਼ਿਲ੍ਹੇ ਵਿੱਚ ਉਸ ਥਾਵੇਂ ਬੈਠ ਸਦੀਆਂ ਪੁਰਾਣੀ ਕਹਾਣੀ ਸੁਣਾਉਂਦੇ ਹਨ ਜਿੱਥੇ ਕਦੇ ਉਹ ਰੁੱਖ ਉੱਚਾ ਖੜ੍ਹਾ ਹੁੰਦਾ ਸੀ। "ਉਸ ਰੁੱਖ ਦਾ ਤਣਾ ਹੁਣ ਉਹ ਪਵਿੱਤਰ ਸਥਾਨ ਹੈ ਜਿੱਥੇ ਮਾਰੰਗ ਬੁਰੂ ਦੇਵਤਾ ਦੀ ਪੂਜਾ ਕੀਤੀ ਜਾਂਦੀ ਹੈ," 30 ਸਾਲਾ ਬਾਸਕੀ ਕਹਿੰਦੇ ਹਨ। ਸੰਥਾਲ (ਜਿਸ ਨੂੰ ਸੰਤਾਲ ਵੀ ਕਿਹਾ ਜਾਂਦਾ ਹੈ) ਆਦਿਵਾਸੀ ਭਾਈਚਾਰੇ ਦੇ ਲੋਕ ਝਾਰਖੰਡ, ਬਿਹਾਰ ਅਤੇ ਬੰਗਾਲ ਤੋਂ ਆਪਣੀਆਂ ਪ੍ਰਾਰਥਨਾਵਾਂ ਕਰਨ ਲਈ ਇਸੇ ਸਥਾਨ 'ਤੇ ਆਉਂਦੇ ਹਨ। ਬਾਸਕੀ, ਜੋ ਪੇਸ਼ੇ ਤੋਂ ਕਿਸਾਨ ਹਨ, ਇਸ ਸਮੇਂ ਮਾਰੰਗ ਬੁਰੂ ਦੇ ਨਾਇਕੀ (ਪੁਜਾਰੀ) ਵਜੋਂ ਸੇਵਾ ਨਿਭਾ ਰਹੇ ਹਨ।
ਹਿਜਲਾ ਪਿੰਡ ਦੁਮਕਾ ਕਸਬੇ ਦੇ ਬਾਹਰੀ ਇਲਾਕੇ ਵਿੱਚ ਸੰਥਾਲ ਪਰਗਨਾ ਡਿਵੀਜ਼ਨ ਵਿੱਚ ਸਥਿਤ ਹੈ ਅਤੇ 2011 ਦੀ ਮਰਦਮਸ਼ੁਮਾਰੀ ਅਨੁਸਾਰ ਇਸਦੀ ਆਬਾਦੀ 640 ਲੋਕਾਂ ਦੀ ਹੈ। ਅੰਗਰੇਜ਼ ਹਕੂਮਤ ਵਿਰੁੱਧ ਸੰਤਾਲਾਂ ਦੀ ਬਗਾਵਤ 30 ਜੂਨ, 1855 ਨੂੰ ਹਿਜਲਾ ਤੋਂ ਲਗਭਗ 100 ਕਿਲੋਮੀਟਰ ਦੂਰ ਭਗਨਾਡੀਹ ਪਿੰਡ (ਜਿਸ ਨੂੰ ਭੋਗਨਾਡੀਹ ਵੀ ਕਿਹਾ ਜਾਂਦਾ ਹੈ) ਦੇ ਸੀਡੋ ਅਤੇ ਕਾਨਹੂ ਮੁਰਮੂ ਦੀ ਅਗਵਾਈ ਹੇਠ ਸ਼ੁਰੂ ਹੋਈ।










