ਰੁਜਲੁਕ ਸੁ ਯਾਰਸੁ ਥਾਯ ਗੋਵ ਬਹਨੈ ਆਂਥੇ ਆਂਥੇ, ਏਕ ਦਮ ਓ ਪਾਸ਼ਾ ਥੈ ਗੋਵ ਹਮਲੈ ਆਂਥੇ ਆਂਥੇ...
ਉਹ ਆਇਆ ਤੇ ਬਹਾਨੇ ਬਣਾ ਚਲਾ ਗਿਆ, ਉਹਨੇ ਮੈਨੂੰ ਤੱਕਿਆ ਤੇ ਚਲਾ ਗਿਆ
ਦੋਸਤ ਬਹਾਨੇ ਬਣਾ ਚਲਾ ਗਿਆ, ਉਹਨੇ ਮੈਨੂੰ ਤੱਕਿਆ ਤੇ ਚਲਾ ਗਿਆ।



ਰੁਜਲੁਕ ਸੁ ਯਾਰਸੁ ਥਾਯ ਗੋਵ ਬਹਨੈ ਆਂਥੇ ਆਂਥੇ, ਏਕ ਦਮ ਓ ਪਾਸ਼ਾ ਥੈ ਗੋਵ ਹਮਲੈ ਆਂਥੇ ਆਂਥੇ...
ਉਹ ਆਇਆ ਤੇ ਬਹਾਨੇ ਬਣਾ ਚਲਾ ਗਿਆ, ਉਹਨੇ ਮੈਨੂੰ ਤੱਕਿਆ ਤੇ ਚਲਾ ਗਿਆ
ਦੋਸਤ ਬਹਾਨੇ ਬਣਾ ਚਲਾ ਗਿਆ, ਉਹਨੇ ਮੈਨੂੰ ਤੱਕਿਆ ਤੇ ਚਲਾ ਗਿਆ।
ਫ਼ਰੀਦ ਅਹਿਮਦ ਲੋਨ ਦੀਆਂ ਨਜ਼ਰਾਂ ਕਿਸ਼ਨਗੰਗਾ ਨਦੀ 'ਤੇ ਟਿਕੀਆਂ ਹਨ ਅਤੇ ਉਹ ਜੰਮੂ-ਕਸ਼ਮੀਰ ਦੇ ਦਰਦ-ਸ਼ਿਨ ਸਮੂਹ ਦੇ ਮਸ਼ਹੂਰ ਕਵੀ ਗ਼ੁਲਾਮ ਰਸੂਲ ਮੁਸ਼ਤਾਕ ਦਾ ਇੱਕ ਸ਼ੇਅਰ ਹੌਲ਼ੀ ਅਵਾਜ਼ 'ਚ ਪੜ੍ਹਦੇ ਹਨ।
ਅਸੀਂ ਨਦੀ ਕੰਢੇ ਬੈਠੇ ਹਾਂ ਅਤੇ ਉਸਦੀ ਸਤ੍ਹਾ 'ਤੇ ਜੰਮੀ ਬਰਫ਼ ਦੀ ਪਤਲੀ ਚਾਦਰ ਨੂੰ ਨਿਹਾਰ ਰਹੇ ਹੁੰਦੇ ਹਾਂ। ਬਰਫ਼ ਦੇ ਛੋਟੇ-ਛੋਟੇ ਟੁਕੜੇ ਵਹਿ ਰਹੇ ਹਨ। ਨਦੀ ਹਾਲੇ ਪੂਰੀ ਤਰ੍ਹਾਂ ਜੰਮੀ ਨਹੀਂ ਪਰ ਉਸਦਾ ਮਿਜ਼ਾਜ ਰਤਾ ਕੁ ਬਦਲ ਰਿਹਾ ਹੈ। ਮੌਸਮ ਕੁਰਵਟ ਲੈ ਰਿਹਾ ਹੈ।
ਕੁਝ ਹੀ ਮੀਟਰ ਦੂਰ ਸਥਾਨਕ ਔਰਤਾਂ ਲੱਕੜ ਅਤੇ ਘਾਹ ਦੇ ਗੱਠੜ ਚੁੱਕੀ ਜਾ ਰਹੀਆਂ ਹਨ ਜਿਨ੍ਹਾਂ ਦਾ ਵਜ਼ਨ 25-30 ਕਿੱਲੋ ਤੱਕ ਹੈ। ਇੱਕ ਦੂਜੀ ਔਰਤ ਗੋਹੇ ਦਾ ਭਰਿਆ ਟੱਬ ਲਿਜਾ ਰਹੀ ਹੈ ਜਿਸਨੂੰ ਉਹ ਦਾਨ, ਭਾਵ ਸਰਦੀਆਂ ਵਿੱਚ ਬਾਲ਼ੇ ਜਾਣ ਵਾਲ਼ੇ ਪਾਰੰਪਰਿਕ ਚੁੱਲ੍ਹੇ ਵਿੱਚ ਡਾਹੁਣ ਲਈ ਜਮ੍ਹਾ ਕਰ ਰਹੀ ਹੈ। ਸਾਡੇ ਚੁਫ਼ੇਰੇ ਜੋ ਸੈਲਾਨੀ ਗੁਰੇਜ਼ ਘਾਟੀ ਘੁੰਮਣ ਆਏ ਸਨ, ਹੁਣ ਹੌਲ਼ੀ-ਹੌਲ਼ੀ ਵਾਪਸ ਪਰਤ ਰਹੇ ਹਨ।
ਫ਼ਰੀਦ ਮੌਸਮ ਦੇ ਇਸ ਬਦਲਾਅ ਵੱਲ ਸੰਕੇਤ ਕਰਦੇ ਹਨ, ਜੋ ਸਿਰਫ਼ ਨਦੀ ਵਿੱਚ ਹੀ ਨਹੀਂ ਬਲਕਿ ਪੂਰੇ ਗੁਰੇਜ਼ ਦੀਆਂ ਤਿਆਰੀਆਂ ਵਿੱਚ ਨਜ਼ਰ ਆ ਰਿਹਾ ਹੈ। ਦਰਦ-ਸ਼ਿਨ ਸਮੁਦਾਇ ਨਾਲ਼ ਸਬੰਧ ਰੱਖਣ ਵਾਲ਼ੇ ਫ਼ਰੀਦ ਦੱਸਦੇ ਹਨ ਕਿ ਉਨਾਂ ਦੀ ਕਾਫ਼ੀ ਵੱਡੀ ਅਬਾਦੀ ਗੁਰੇਜ਼ ਵਿੱਚ ਵੱਸਦੀ ਹੈ, ਜਿੱਥੇ 2011 ਦੀ ਮਰਦਮਸ਼ੁਮਾਰੀ ਅਨੁਸਾਰ 37,992 ਦਾਰਦਿਕ ਲੋਕ ਵਸਦੇ ਹਨ।

Muzamil Bhat

Muzamil Bhat

Muzamil Bhat

Muzamil Bhat
ਅਕਤੂਬਰ ਮਹੀਨੇ ਜਦੋਂ ਸਰਦੀ ਸ਼ੁਰੂ ਹੋ ਰਹੀ ਹੁੰਦੀ ਹੈ, ਤਦ ਵਾਦੀ ਬਰਫ਼ ਨਾਲ਼ ਢੱਕ ਜਾਂਦੀ ਹੈ। 68 ਸਾਲਾ ਫ਼ਰੀਦ ਕਹਿੰਦੇ ਹਨ,"ਸਿਰਫ਼ ਬਜ਼ੁਰਗ ਹੀ ਇੱਥੇ ਰਹਿ ਜਾਂਦੇ ਨੇ।" ਬਰਫ਼ਬਾਰੀ ਤੋਂ ਬਾਅਦ ਇੱਕ ਥਾਂ ਤੋਂ ਦੂਜੀ ਥਾਂ ਜਾਣਾ ਲਗਭਗ ਨਾਮੁਮਕਿਨ ਹੋ ਜਾਂਦਾ ਹੈ। "ਮਗਰ ਰਹਿ ਜਾਣ ਵਾਲ਼ੇ ਬਹੁਤਾ ਕਰਕੇ ਘਰਾਂ ਦੇ ਅੰਦਰ ਹੀ ਰਹਿੰਦੇ ਹਨ।"
ਕਈ ਵਾਰੀ ਘਾਟੀ ਦੇ ਕੁਝ ਹਿੱਸਿਆਂ ਵਿੱਚ 15 ਫੁੱਟ ਮੋਟੀ ਬਰਫ਼ ਦੀ ਚਾਦਰ ਵਿੱਛ ਜਾਂਦੀ ਹੈ ਅਤੇ ਛੇ ਮਹੀਨੇ ਇਹ ਖੇਤਰ ਬਾਕੀ ਰਾਜ ਤੋਂ ਕੱਟਿਆ ਰਹਿੰਦਾ ਹੈ, ਜਿਸ ਕਾਰਨ 80 ਪ੍ਰਤੀਸ਼ਤ ਅਬਾਦੀ ਨੂੰ ਪਲਾਇਨ ਕਰਨਾ ਪੈਂਦਾ ਹੈ। “ਕੁਝ ਲੋਕ ਕਸ਼ਮੀਰ ਦੇ ਹੋਰ ਹਿੱਸਿਆਂ ਵਿੱਚ ਚਲੇ ਜਾਂਦੇ ਨੇ, ਕੁਝ ਹਿਮਾਚਲ ਜਾਂ ਪੰਜਾਬ ਜਾ ਕੇ ਮਜ਼ਦੂਰੀ ਕਰਦੇ ਨੇ,” ਬਾਗ਼ਬਾਨੀ ਵਿਭਾਗ ਦੇ ਰਿਟਾਇਰਡ ਸੀਨੀਅਰ ਟੈਕਨੀਸ਼ੀਨ ਫ਼ਰੀਦ ਦੱਸਦੇ ਹਨ। ਜੋ ਲੋਕ ਕਸ਼ਮੀਰ ਵਿੱਚ ਹੀ ਰਹਿੰਦੇ ਹਨ, ਉਹ ਸ਼੍ਰੀਨਗਰ ਦੇ ਛੋਟੇ ਹੋਟਲਾਂ ਜਾਂ ਹਰੀਸਾ ਦੁਕਾਨਾਂ ਵਿੱਚ ਬਤੌਰ ਰਸੋਈਏ ਕੰਮ ਕਰਦੇ ਹਨ। (ਪੜ੍ਹੋ: ਹਰੀਸਾ ਤਾਂ ਗਰਮਾ-ਗਰਮ ਹੀ ਪਰੋਸਿਆ ਜਾਂਦਾ ਹੈ)
ਕੜਾਕੇ ਦੀ ਠੰਡ ਅਤੇ ਬੇਹੱਦ ਪ੍ਰਤਿਕੂਲ ਮੌਸਮ ਲਗਾਤਾਰ ਚੁਣੌਤੀ ਬਣੇ ਰਹਿੰਦੇ ਹਨ। 2017 ਵਿੱਚ 25 ਜਨਵਰੀ ਨੂੰ ਗੁਰੇਜ਼ ਵਿੱਚ ਬਰਫ਼ ਦੇ ਚਾਰ ਤੋਦੇ ਖਿਸਕੇ, ਜਿਸ ਵਿੱਚ 20 ਸੈਨਿਕ ਅਤੇ ਚਾਰ ਆਮ ਲੋਕ ਮਾਰੇ ਗਏ। ਇਹ ਹਾਦਸਾ ਫ਼ਰੀਦ ਦੇ ਪਿੰਡ ਦਾਵਰ ਤੋਂ 26 ਕਿਲੋਮੀਟਰ ਦੂਰ ਮਜ਼ਗੁੰਡ ਨੀਰੂ ਵਿਖੇ ਵਾਪਰਿਆ।
ਉਨ੍ਹਾਂ ਨੂੰ ਉਹ ਸਮਾਂ ਵੀ ਯਾਦ ਹੈ ਜਦੋਂ ਗੁਰੇਜ਼ ਵਿੱਚ ਇਲਾਜ ਦੀਆਂ ਮਾਮੂਲੀ ਸਹੂਲਤਾਂ ਤੱਕ ਵੀ ਨਹੀਂ ਸਨ ਮਿਲ਼ਦੀਆਂ। 1970 ਦੇ ਦਹਾਕੇ ਦੀ ਸ਼ੁਰੂਆਤ ਵਿੱਚ, ਨੇੜਲੇ ਮਰਕੂਟ ਪਿੰਡ ਦੇ ਇੱਕ ਮੌਲਵੀ ਸਾਹਬ ਸਰਦੀਆਂ ਵਿੱਚ ਬਿਮਾਰ ਪੈ ਗਏ। ਬਰਫ਼ 12 ਤੋਂ 15 ਫੁੱਟ ਡੂੰਘੀ ਸੀ। "ਲੋਗ ਉਨਕੋ ਚਾਰਪਾਈ ਪੇ ਲੇ ਗਏ," ਉਹ ਦੱਸਦੇ ਹਨ। ਹਸਪਤਾਲ ਪਹੁੰਚਣ ਵਿੱਚ ਦੋ ਦਿਨ ਲੱਗ ਗਏ, ਜੋ ਕਿ ਬਾਂਦੀਪੋਰਾ ਵਿੱਚ ਲਗਭਗ 86 ਕਿਲੋਮੀਟਰ ਦੂਰ ਸੀ।
ਇੱਕ ਹੋਰ ਘਟਨਾ ਵਿੱਚ, ਇੱਕ ਉਸਤਾਦ ਮੋਹਤਰਮ [ਅਧਿਆਪਕ] ਦੀ ਧੀ ਨੂੰ ਜਣੇਪੇ ਦੌਰਾਨ ਬੜੀ ਹੀ ਮੁਸ਼ਕਲ ਆਈ। ਤਦ ਨਾਗਰਿਕਾਂ ਲਈ ਹੈਲੀਕਾਪਟਰ ਨਹੀਂ ਹੁੰਦੇ ਸਨ ਅਤੇ ਜਣੇਪੇ ਲਈ ਹਸਪਤਾਲ ਪਹੁੰਚਣ ਵਿੱਚ ਇੱਕ ਲੱਖ ਰੁਪਏ ਤੋਂ ਵੱਧ ਦਾ ਖ਼ਰਚਾ ਆ ਸਕਦਾ ਸੀ। ਉਸ ਵੇਲ਼ੇ ਭਾਰਤੀ ਫੌਜ ਨੇ ਮਦਦ ਕੀਤੀ। "ਆਰਮੀ ਨੇ ਸਦਭਾਵਨਾ ਕੇ ਜ਼ਰੀਏ ਮਦਦ ਦੇਨਾ ਸ਼ੁਰੂ ਕਿਯਾ।"
ਪਹਿਲਾਂ ਦੇ ਮੁਕਾਬਲੇ ਅੱਜ ਹਾਲਾਤ ਕੁਝ ਕੁ ਬੇਹਤਰ ਤਾਂ ਜ਼ਰੂਰ ਹੋਏ ਹਨ ਪਰ ਜੰਮੂ-ਕਸ਼ਮੀਰ ਵਿੱਚ ਅਨੁਸੂਚਿਤ ਜਨਜਾਤੀ ਦੇ ਰੂਪ ਵਿੱਚ ਸੂਚੀਬੱਧ ਇਹ ਭਾਈਚਾਰਾ ਬਿਪਤਾ ਦੀ ਹਾਲਤ ਵਿੱਚ ਅੱਜ ਵੀ ਸੈਨਾ ਦੀ ਸਹਾਇਤਾ 'ਤੇ ਨਿਰਭਰ ਹੈ। ਗਰਭਅਵਸਥਾ ਤੇ ਪ੍ਰਸਵ ਅੱਜ ਵੀ ਸਭ ਤੋਂ ਵੱਡੀ ਚੁਣੌਤੀ ਬਣੇ ਹੋਏ ਹਨ।

Muzamil Bhat

Muzamil Bhat
ਭਾਰਤ ਅਤੇ ਪਾਕਿਸਤਾਨ ਵਿਚਕਾਰ ਨਿਯੰਤਰਣ ਰੇਖਾ (ਏਐੱਲਓਸੀ) ਇੱਥੋਂ ਨੇੜੇ ਹੀ ਹੈ, ਇਸ ਲਈ ਸੀਮਾ ਪਾਰ ਗੋਲ਼ੀਬਾਰੀ ਵੀ ਭਾਈਚਾਰੇ ਲਈ ਇੱਕ ਗੰਭੀਰ ਚਿੰਤਾ ਹੈ, ਉਦੋਂ ਵੀ ਜਦੋਂ ਪ੍ਰਵਾਸ ਨਾ ਵੀ ਹੋ ਰਿਹਾ ਹੋਵੇ।
ਫ਼ਰੀਦ ਕੈਂਪ ਖੇਤਰ ਵਿੱਚ ਟਹਿਲਦੇ-ਟਹਿਲਦੇ ਅਚਾਨਕ ਰੁੱਕ ਜਾਂਦੇ ਹਨ। “ਇਸ ਸੜਕ ਦੀ ਇੱਕ ਤਾਜ਼ਾ ਤਸਵੀਰ ਮੇਰੇ ਜ਼ਿਹਨ ਵਿੱਚ ਹੈ,” ਉਹ ਕਹਿੰਦੇ ਹਨ। “2005 ਦਾ ਸਾਲ ਸੀ, ਸਾਡੇ ਪਿੰਡ ਦੇ ਇੱਕ ਬਾਪ-ਬੇਟਾ ਆਪਣੀਆਂ ਭੇੜਾਂ ਚਾਰ ਰਹੇ ਸਨ। ਉਹ ਇਸ ਪੁਲ ਰਸਤਿਓਂ ਪਿੰਡ ਵਿੱਚ ਪ੍ਰਵੇਸ਼ ਕਰਨ ਵਾਲ਼ੇ ਸਨ,” ਉਹ ਸੜਕ ਦੇ ਦੂਜੇ ਸਿਰੇ ਨੂੰ ਦਿਖਾਉਂਦੇ ਹੋਏ ਕਹਿੰਦੇ ਹਨ।
“ਬਾਪ ਪੀਛੇ ਪੀਛੇ ਬੇਟਾ ਆਗੇ ਆਗੇ,” ਫ਼ਰੀਦ ਯਾਦ ਕਰਦੇ ਹਨ, ਜੋ ਉਸ ਸਮੇਂ ਨੇੜਲੀ ਮਸਜਿਦ ਵਿੱਚ ਸਨ ਅਤੇ ਦੋਹਾਂ ਨੂੰ ਦੂਰੋਂ ਦੇਖ ਰਹੇ ਸਨ। ਉਨ੍ਹਾਂ ਨੇ ਵੇਖਿਆ ਕਿ ਇੱਕ ਬੰਬ ਉਨ੍ਹਾਂ ਉੱਤੇ ਡਿੱਗਿਆ। ਪਰ ਉਸ ਪਰਿਵਾਰ ਦੀ ਤ੍ਰਾਸਦੀ ਉੱਥੇ ਹੀ ਨਾ ਰੁਕੀ, ਉਹ ਦੱਸਦੇ ਹਨ। ਉਸ ਦਿਨ, ਉਸੇ ਪਰਿਵਾਰ ਦੀ ਇੱਕ ਕੁੜੀ ਜੋ ਪ੍ਰੀਖਿਆ ਦੇਣ ਲਈ ਸੈਨਾ ਦੇ ਕੈਂਪ ਨੇੜਿਓਂ ਲੰਘ ਰਹੀ ਸੀ, ਵੀ ਅੰਨ੍ਹੇਵਾਹ ਹੁੰਦੀ ਗੋਲ਼ੀਬਾਰੀ ਦੀ ਚਪੇਟ ਵਿੱਚ ਆ ਗਈ।
ਪਾਰੀ ਨਾਲ਼ ਇਸ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਦੀ ਅਵਾਜ਼ ਕੰਬਣ ਲੱਗਦੀ ਹੈ,"ਏਕ ਹੀ ਦਿਨ ਮੇਂ ਘਰ ਸੇ ਏਕ ਕਾ ਲੜਕਾ ਗਯਾ ਏਕ ਦੀ ਲੜਕੀ ਗਈ।" ਉਸ ਗੋਲ਼ਾਬਾਰੀ ਵਿੱਚ 20-25 ਲੋਕ ਮਾਰੇ ਗਏ ਅਤੇ ਕਈ ਮਵੇਸ਼ੀ ਵੀ ਮਰੇ।
ਇੱਕ ਹੋਰ ਘਟਨਾ ਵਿੱਚ, ਪੂਰੇ ਤੁਲੈਲ ਬਜ਼ਾਰ ਨੂੰ ਨੁਕਸਾਨ ਹੋਇਆ ਜਦੋਂ ਬਜ਼ਾਰ ਦੇ ਨੇੜੇ ਖੜ੍ਹੀ ਇੱਕ ਬੱਸ ਵਿੱਚ ਗੋਲ਼ਾਬਾਰੀ ਦੇ ਕਾਰਨ ਅੱਗ ਲੱਗ ਗਈ। ਉਹ ਦੱਸਦੇ ਹਨ ਕਿ ਅੱਗ ਬੜੀ ਤੇਜ਼ੀ ਨਾਲ਼ ਫੈਲੀ। ਉਨ੍ਹੀਂ ਦਿਨੀਂ ਜ਼ਿਆਦਾਤਰ ਇਮਾਰਤਾਂ ਲੱਕੜ ਦੀਆਂ ਬਣੀਆਂ ਹੁੰਦੀਆਂ ਸਨ।
ਫ਼ਰੀਦ ਪੁੱਛਦੇ ਹਨ, "ਕੋਈ ਇੱਥੇ ਮਰਨਾ ਕਿਉਂ ਚਾਹੇਗਾ? ਕੌਣ ਐਸੀ ਜਗ੍ਹਾ ਰਹਿਣਾ ਨਹੀਂ ਚਾਹੇਗਾ?" ਹੁਣ ਉਹ ਦਾਵਰ ਵਿਖੇ ਰਹਿੰਦੇ ਹਨ, ਜੋ ਕਿ ਪ੍ਰਸਿੱਧ ਤੂਲੈਲ ਘਾਟੀ ਜਾਣ ਤੋਂ ਪਹਿਲਾਂ ਦੀ ਆਖ਼ਰੀ ਮਾਰਕੀਟ ਹੈ। ਉਨ੍ਹਾਂ ਦੇ ਨਾਲ਼ ਉਨ੍ਹਾਂ ਦੀ ਪਤਨੀ, ਚਾਰ ਪੁੱਤ ਅਤੇ ਤਿੰਨ ਧੀਆਂ ਹਨ।

Muzamil Bhat

Muzamil Bhat
ਪਹਿਲਾਂ ਵੀ ਗੁਰੇਜ਼ ਵਿੱਚ ਰੁਜ਼ਗਾਰ ਦੇ ਬਹੁਤੇ ਮੌਕੇ ਨਹੀਂ ਸੀ। “ਲੋਕ ਡੰਗਰਾਂ ਨੂੰ ਚਾਰ ਕੇ ਜਾਂ ਫ਼ੌਜ ਲਈ ਕੁਲੀ ਦਾ ਕੰਮ ਕਰ ਕੇ ਆਪਣਾ ਪੇਟ ਪਾਲ਼ਦੇ ਸਨ।” ਸਾਰੇ ਲੋਕਾਂ ਕੋਲ਼ ਘੋੜੇ ਹੁੰਦੇ ਸਨ ਤੇ ਮੁਲਾਜ਼ਮਤ ਬਿਲਕੁਲ ਕਮ ਥੀ,” ਉਹ ਕਹਿੰਦੇ ਹਨ। ਬਹੁਤ ਸਾਰੇ ਲੋਕ ਪੱਟੂ ਬੁਣਾਈ ਦਾ ਕੰਮ ਕਰਦੇ ਸਨ, ਜੋ ਇਸ ਭਾਈਚਾਰੇ ਦੀ ਰਵਾਇਤੀ ਕਲਾ ਹੈ। (ਪੜ੍ਹੋ: ਆਖ਼ਰੀ ਸਾਹ ਖਿੱਚਣ ਲਈ ਜੂਝਦੀ ਪੱਟੂ ਬੁਣਾਈ ਕਲਾ)
ਜਦੋਂ ਲੋਕ ਘਾਟੀ ਦੇ ਦੂਜੇ ਹਿੱਸਿਆਂ ਵਿੱਚ ਗਏ ਤਾਂ ਉਨ੍ਹਾਂ ਨੂੰ ਬਿਹਤਰ ਰੁਜ਼ਗਾਰ, ਸਿੱਖਿਆ ਅਤੇ ਸਿਹਤ ਸਹੂਲਤਾਂ ਮਿਲ਼ੀਆਂ। ਇਸ ਲਈ, ਫ਼ਰੀਦ ਦੱਸਦੇ ਹਨ, ਲੋਕ ਬਾਂਦੀਪੋਰਾ, ਕੰਗਨ, ਗਾਂਦਰਬਲ ਅਤੇ ਸ਼੍ਰੀਨਗਰ ਦੇ ਡਾਊਨਟਾਊਨ ਵਿੱਚ ਵੱਸਣ ਲੱਗੇ।
ਜਿਓਂ-ਜਿਓਂ ਲੋਕ ਬਾਹਰ ਵੱਸਦੇ ਗਏ, ਆਪਣੀ ਮਾਂ-ਬੋਲੀ ਵਿੱਚ ਗੱਲ ਕਰਨਾ ਉਨ੍ਹਾਂ ਲਈ ਮੁਸ਼ਕਲ ਹੁੰਦਾ ਗਿਆ। ਜਦੋਂ ਦਰਦ-ਸ਼ਿਨ ਲੋਕ ਬਾਂਦੀਪੋਰਾ ਵਿੱਚ ਆਪਣੀ ਰਸਦ ਦੀ ਖ਼ਰੀਦਦਾਰੀ ਕਰਨ ਜਾਂਦੇ ਹਨ, ਤਾਂ ਬਹੁਤ ਸਾਰੇ ਲੋਕ ਕਸ਼ਮੀਰੀਆਂ ਦੇ ਸਾਹਮਣੇ ਸ਼ਿਨਾ ਵਿੱਚ ਗੱਲ ਨਹੀਂ ਕਰਦੇ। “ਏਕ ਕੰਪਲੈਕਸ ਹੋਤਾ ਹੈ। ਸ਼ਾਇਦ ਹਮ ਅਲਗ ਹੈਂ।”
ਇੰਝ ਹਮੇਸ਼ਾ ਤੋਂ ਨਹੀਂ ਸੀ। "ਜਦੋਂ ਮੈਂ ਛੋਟਾ ਸਾਂ, ਸਾਰੇ ਸ਼ਿਨਾ ਵਿੱਚ ਹੀ ਗੱਲਬਾਤ ਕਰਦੇ ਸਨ," ਫ਼ਰੀਦ ਕਹਿੰਦੇ ਹਨ। "ਪਰ ਹੁਣ ਜਦੋਂ ਮੈਂ ਬਜ਼ਾਰ ਜਾਂਦਾ ਹਾਂ, ਤਾਂ ਵੇਖਦਾ ਹਾਂ ਕਿ ਸਾਡੇ ਸਮੂਹ ਦੇ ਨੌਜਵਾਨ ਉੁਰਦੂ, ਹਿੰਦੀ, ਕਸ਼ਮੀਰੀ ਅਤੇ ਕਦੇ-ਕਦੇ ਅੰਗਰੇਜ਼ੀ ਵਿੱਚ ਗੱਲ ਕਰਦੇ ਹਨ।"
ਸ਼ਿਨਾ ਇੱਕ ਦਾਰਦਿਕ ਭਾਸ਼ਾ ਹੈ ਜੋ ਇੰਡੋ-ਆਰਿਅਨ ਭਾਸ਼ਾ ਪਰਿਵਾਰ ਨਾਲ਼ ਜੁੜੀ ਹੋਈ ਹੈ। ਹਾਲਾਂਕਿ ਯੂਨੈਸਕੋ ਨੇ ਇਸਨੂੰ ਸੰਕਟਗ੍ਰਸਤ ਭਾਸ਼ਾਵਾਂ ਵਿੱਚ ਸ਼ਾਮਲ਼ ਨਹੀਂ ਕੀਤਾ, ਪਰ ਇਸਦੇ ਬੋਲਣ ਵਾਲ਼ੇ ਲੋਕਾਂ ਦੀ ਗਿਣਤੀ ਵਿੱਚ ਕਾਫ਼ੀ ਗਿਰਾਵਟ ਆ ਗਈ ਹੈ। ਹੁਣ ਇਹ ਇੱਕ 'ਸੰਕਟਗ੍ਰਸਤ' ਭਾਸ਼ਾ ਮੰਨੀ ਜਾਂਦੀ ਹੈ।
ਪਿਛਲੇ 40 ਸਾਲਾਂ ਤੋਂ ਫ਼ਰੀਦ, ਹੱਬਾ ਖ਼ਾਤੂਨ ਸੱਭਿਆਚਾਰਕ ਸਮੂਹ ਦੇ ਮੈਂਬਰ ਵਜੋਂ ਆਪਣੀ ਮਾਤ-ਭਾਸ਼ਾ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਸਮੂਹ ਗੁਰੇਜ਼ ਦੇ ਸਥਾਨਕ ਲੋਕਾਂ ਦੁਆਰਾ ਵਿੱਤ ਪੋਸ਼ਤ ਕੀਤਾ ਜਾਂਦਾ ਹੈ ਅਤੇ ਕਦੇ-ਕਦੇ ਆਪਣੇ ਪ੍ਰਦਰਸ਼ਨਾਂ ਲਈ ਭੁਗਤਾਨ ਪ੍ਰਾਪਤ ਕਰਦਾ ਹੈ। ਇਹ ਸਮੂਹ ਸਕੂਲਾਂ ਵਿੱਚ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ ਕਰਦਾ ਹੈ ਤਾਂ ਜੋ ਭਾਈਚਾਰੇ ਦੀ ਭਾਸ਼ਾ ਤੇ ਸੱਭਿਆਚਾਰ ਬਾਰੇ ਜਾਗਰੂਕਤਾ ਫੈਲਾਈ ਜਾ ਸਕੇ।

Muzamil Bhat

Muzamil Bhat
ਪਰ ਇਹ ਕੋਸ਼ਿਸ਼ ਦਿਨ-ਬ-ਦਿਨ ਮੁਸ਼ਕਲ ਹੁੰਦੀ ਜਾ ਰਹੀ ਹੈ। ਇੱਥੋਂ ਦੇ ਲਗਭਗ ਸਾਰੇ ਬੱਚੇ ਗੁਰੇਜ਼ ਦੇ ਬਾਹਰ ਪੜ੍ਹਦੇ ਹਨ, ਇਸ ਲਈ ਕੋਈ ਸਿੱਖਣ ਵਾਲ਼ਾ ਨਹੀਂ ਹੈ। "ਸਕੂਲਾਂ ਦੀ ਸਵੇਰ ਦੀ ਪ੍ਰਾਰਥਨਾ, ਕਿਤਾਬਾਂ ਅਤੇ ਸੱਭਿਆਚਾਰਕ ਪ੍ਰੋਗਰਾਮ ਉਰਦੂ, ਹਿੰਦੀ ਅਤੇ ਅੰਗਰੇਜ਼ੀ ਵਿੱਚ ਹੁੰਦੇ ਹਨ।" ਉਹ ਕਹਿੰਦੇ ਹਨ,"ਜਦੋਂ ਮੈਂ ਸਕੂਲਾਂ ਵਿੱਚ ਸ਼ਿਨਾ ਵਿੱਚ ਗਾਣਾ ਗਾਉਂਦਾ ਹਾਂ, ਤਾਂ ਜ਼ਿਆਦਾਤਰ ਵਿਦਿਆਰਥੀ ਉਸਦਾ ਅਰਥ ਸਮਝਣ ਵਿੱਚ ਅਸਮਰੱਥ ਹੁੰਦੇ ਹਨ।"
ਗਣਤੰਤਰ ਦਿਵਸ ਅਤੇ ਅਜ਼ਾਦੀ ਦਿਵਸ ਜਿਹੇ ਮੁੱਖ ਪ੍ਰੋਗਰਾਮ ਜ਼ਿਆਦਾਤਰ ਕਸ਼ਮੀਰੀ ਅਤੇ ਉਰਦੂ ਵਿੱਚ ਹੁੰਦੇ ਹਨ। “ਪਰ ਹੁਣ ਸਾਡਾ ਸਮੂਹ ਇਸ ਸੋਚ ਨੂੰ ਬਦਲਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਇਹਨਾਂ ਪ੍ਰੋਗਰਾਮਾਂ ਨੂੰ ਸਾਡੀ ਮਾਤ-ਭਾਸ਼ਾ ਵਿੱਚ ਕਰਾਉਣ ਦਾ ਯਤਨ ਕਰ ਰਿਹਾ ਹੈ, ਜਿਸ ਵਿੱਚ ਲੋਕ ਗੀਤਾਂ ਅਤੇ ਕਵਿਤਾਵਾਂ ਦਾ ਪਾਠ ਵੀ ਸ਼ਾਮਲ ਹੁੰਦਾ ਹੈ।”
*****
“ਕੀ ਤੁਹਾਨੂੰ ਪਤਾ ਹੈ ‘ਚੌਕ’ ਕੀ ਹੁੰਦਾ ਹੈ?”, ਤਾਰਿਕ ਪਰਵੇਜ਼ ਲੋਨ ਆਪਣੀ 10ਵੀਂ ਕਲਾਸ ਦੇ ਵਿਦਿਆਰਥੀਆਂ ਤੋਂ ਪੁੱਛਦੇ ਹਨ, ਜੋ ਉਨ੍ਹਾਂ ਨੂੰ ਉਲਝਣ ਵਿੱਚ ਪਿਆ ਦੇਖ ਰਹੇ ਹਨ। “ਕੀ ਹੈ ਸਰ? ਕਿਹੋ-ਜਿਹਾ ਦਿੱਸਦਾ ਏ?” ਇੱਕ ਉਤਸੁਕ ਵਿਦਿਆਰਥੀ ਪੁੱਛਦਾ ਹੈ। ਹੈੱਡਮਾਸਟਰ ਬੋਰਡ 'ਤੇ ਇੱਕ ਅਜੀਬੋ-ਗ਼ਰੀਬ ਆਕ੍ਰਿਤੀ ਬਣਾਉਂਦੇ ਹਨ ਅਤੇ ਕਹਿੰਦੇ ਹਨ, “ਇਹ ਕਰਘਾ ਹੈ। ਸਾਡੇ ਬਜ਼ੁਰਗ ਇਸਦਾ ਇਸਤੇਮਾਲ ਉੱਨੀ ਕੱਪੜੇ ਬੁਣਨ ਲਈ ਕਰਦੇ ਸਨ।”
ਤਾਰਿਕ ਸਮਝਾਉਣਾ ਜਾਰੀ ਰੱਖਦੇ ਹਨ ਅਤੇ ਬੋਰਡ 'ਤੇ ਇੱਕ ਲਾਟੂ ਬਣਾਉਂਦੇ ਹਨ। “ਸ਼ਿਨਾ ਵਿੱਚ ਅਸੀਂ ਇਸਨੂੰ ਕੀ ਕਹਿੰਦੇ ਹਾਂ?” ਇੱਕ ਬੱਚਾ ਇਸਨੂੰ 'ਲਾਟੂ' ਕਹਿੰਦਾ ਹੈ, ਜੋ ਕਿ ਇੱਕ ਕਸ਼ਮੀਰੀ ਸ਼ਬਦ ਹੈ। ਫਿਰ ਕਲਾਸ ਵਿੱਚ ਸੱਨਾਟਾ ਪਸਰ ਜਾਂਦਾ ਹੈ ਜਦ ਤੱਕ ਤਾਰਿਕ ਜਵਾਬ ਨਹੀਂ ਦਿੰਦੇ,“ਇਸਨੂੰ ਥੁਰਕੈਟੀ ਕਹਿੰਦੇ ਹਨ।”
ਉਨ੍ਹਾਂ ਨੇ ਗੱਲ ਜਾਰੀ ਰੱਖੀ, ਪਰ 30 ਬੱਚਿਆਂ ਦੀ ਕਲਾਸ ਵਿੱਚੋਂ ਸਿਰਫ਼ ਇੱਕੋ ਹੀ ਵਿਦਿਆਰਥੀ ਇਨ੍ਹਾਂ ਚੀਜ਼ਾਂ ਦੇ ਨਾਮ ਸ਼ਿਨਾ ਵਿੱਚ ਪਛਾਣ ਪਾ ਸਕਿਆ। "ਅਜਿਹੇ ਬਹੁਤ ਸਾਰੇ ਸ਼ਬਦ ਹਨ," ਤਾਰਿਕ ਕਹਿੰਦੇ ਹਨ,"ਜੋ ਸਾਡੀ ਰੋਜ਼ਮੱਰਾ ਦੀ ਭਾਸ਼ਾ ਤੋਂ ਗਾਇਬ ਹੋ ਚੁੱਕੇ ਹਨ ਕਿਉਂਕਿ ਅਸੀਂ ਦੂਜੀਆਂ ਭਾਸ਼ਾਵਾਂ ਨੂੰ ਅਪਣਾ ਲਿਆ ਹੈ।"

Muzamil Bhat
ਜਦੋਂ ਗੁਰੇਜ਼ ਦੇ ਬੱਚੇ ਆਪਣੇ ਘਰਾਂ ਤੋਂ ਬਾਹਰ ਨਿਕਲ਼ਦੇ ਹਨ, ਤਾਂ ਉਹ ਸਕੂਲਾਂ ਵਿੱਚ ਗੱਲਬਾਤ ਲਈ ਉਰਦੂ ਅਤੇ ਕਸ਼ਮੀਰੀ ਸਿੱਖ ਲੈਂਦੇ ਹਨ। ਇਸ ਤੋਂ ਇਲਾਵਾ ਉਹ ਹਿੰਦੀ ਅਤੇ ਅੰਗਰੇਜ਼ੀ ਵੀ ਸਿੱਖ ਜਾਂਦੇ ਹਨ।
ਤਾਰਿਕ ਕਰਦੇ ਹਨ,"ਜੋ ਬੱਚਾ ਪੂਰੇ 12 ਮਹੀਨੇ ਗੁਰੇਜ਼ ਵਿੱਚ ਰਹਿੰਦਾ ਹੈ, ਉਸਨੂੰ ਆਪਣੀ ਭਾਸ਼ਾ ਬੋਲਣ ਵਿੱਚ ਕੋਈ ਦਿੱਕਤ ਨਹੀਂ ਹੁੰਦੀ।" ਪਰ ਜੋ ਬੱਚੇ ਰੁਜ਼ਗਾਰ, ਪੜ੍ਹਾਈ, ਸਿਹਤ ਜਾਂ ਮੌਸਮੀ ਕਾਰਨਾਂ ਕਰਕੇ ਬਾਹਰ ਜਾਂਦੇ ਹਨ, ਉਨ੍ਹਾਂ ਨੂੰ ਆਪਣੀ ਮਾਤ-ਭਾਸ਼ਾ ਠੇਠ ਤਰੀਕੇ ਨਾਲ਼ ਬੋਲਣ ਵਿੱਚ ਮੁਸ਼ਕਲ ਪੇਸ਼ ਆਉਂਦੀ ਹੈ।
ਤਾਰਿਕ ਦੀ ਗੱਲ ਸੁਣ ਕੇ ਉਨ੍ਹਾਂ ਨਾਲ਼ ਪੜ੍ਹਾਉਣ ਵਾਲ਼ੀ ਇੱਕ ਅਧਿਆਪਕਾ ਦੱਸਦੀ ਹੈ, "ਮੇਰੀ ਛੋਟੀ ਧੀ ਨੇ ਆਪਣੇ ਆਪ ਉਰਦੂ ਸਿੱਖ ਲਈ- ਫ਼ੋਨ ਵੇਖ-ਵੇਖ ਕੇ।" ਹਾਲਾਂਕਿ ਉਨ੍ਹਾਂ ਨੇ ਉਸਨੂੰ ਇਹ ਭਾਸ਼ਾ ਨਹੀਂ ਸਿਖਾਈ, ਪਰ ਜਦੋਂ ਉਹ ਉਸਨੂੰ ਸ਼ਿਨਾ ਸਿਖਾਉਣ ਦੀ ਕੋਸ਼ਿਸ਼ ਕਰਦੇ ਹਨ, ਤਾਂ ਬੱਚੀ ਬਹੁਤੀ ਰੁਚੀ ਨਹੀਂ ਦਿਖਾਉਂਦੀ। ਉਨ੍ਹਾਂ ਦੀ ਵੱਡੀ ਧੀ ਸ਼ਿਨਾ ਬੋਲਦੀ ਹੈ ਕਿਉਂਕਿ ਉਹ ਅਜਿਹੇ ਸਕੂਲ ਵਿੱਚ ਪੜ੍ਹ ਰਹੀ ਹੈ ਜਿੱਥੇ ਮਾਤ-ਭਾਸ਼ਾ ਵਿੱਚ ਪੜ੍ਹਾਇਆ ਜਾਂਦਾ ਹੈ।
ਤਾਰਿਕ ਦਾ ਮੰਨਣਾ ਹੈ ਕਿ ਭਾਸ਼ਾ ਨੂੰ ਜਿਉਂਦਾ ਰੱਖਣ ਦਾ ਇੱਕੋ ਇੱਕ ਤਰੀਕਾ ਹੈ ਇਸ ਨੂੰ ਘਰੇ ਵੀ ਬੋਲੋ ਤੇ ਬਜ਼ਾਰ ਵੀ। ਉਹ ਇਹ ਨਹੀਂ ਕਹਿੰਦੇ ਕਿ ਕਸ਼ਮੀਰੀ ਜਾਂ ਉਰਦੂ ਸਿੱਖਣਾ ਗ਼ਲਤ ਹੈ, ਸਗੋਂ ਇਹ ਤਾਂ ਗੁਰੇਜ਼ ਤੋਂ ਬਾਹਰ ਜਾਣ ਵਾਲ਼ੇ ਬੱਚਿਆਂ ਨੂੰ ਦੂਜਿਆਂ ਨਾਲ਼ ਜੁੜਨ ਵਿੱਚ ਮਦਦ ਕਰਦਾ ਹੈ। ਪਰ ਉਹ ਇਹ ਵੀ ਕਹਿੰਦੇ ਹਨ,"ਆਪਣੀ ਭਾਸ਼ਾ ਨੂੰ ਭੁੱਲਣਾ ਆਪਣੀ ਪਛਾਣ ਭੁੱਲਣ ਜਿਹਾ ਹੈ।''
ਪਰ ਭਾਈਚਾਰੇ ਦੇ ਕਈ ਵਿਦਿਆਰਥੀ ਆਪਣੀ ਦਾਰਦਿਕ ਪਛਾਣ ਦੇ ਬਾਰੇ ਅਸੁਰੱਖਿਅਤ ਮਹਿਸੂਸ ਕਰਦੇ ਹਨ। ਉਹ ਡਰਦੇ ਹਨ ਕਿ ਲੋਕ ‘ਦਰਦੇ’ ਕਹਿ ਕੇ ਉਨ੍ਹਾਂ ਦਾ ਮਜ਼ਾਕ ਉਡਾਉਣਗੇ। ਇਹ ਇੱਕ ਐਸਾ ਸ਼ਬਦ ਹੈ ਜੋ ਕਈ ਵਾਰੀ ਅਪਮਾਨ ਕਰਨ ਦਾ ਹਥਕੰਡਾ ਬਣਾ ਲਿਆ ਜਾਂਦਾ ਹੈ।

Muzamil Bhat

Muzamil Bhat
*****
ਗੁਰੇਜ਼ ਘਾਟੀ ਕਦੇ ਕਸ਼ਮੀਰ ਦੇ ਲੋਕਾਂ ਲਈ ਸਿਲਕ ਮਾਰਗ ਸੀ, ਜਿੱਥੇ ਵਪਾਰੀ ਅਤੇ ਹਜ ਯਾਤਰੀ ਬਾਂਦੀਪੋਰਾ ਤੋਂ ਹੁੰਦੇ ਹੋਏ ਗਿਲਗਿਤ ਜਾਇਆ ਕਰਦੇ ਸਨ।
ਗੁਰੇਜ਼ ਅਤੇ ਦਰਾਸ ਦੇ ਇਲਾਕਿਆਂ ਵਿੱਚ ਵੱਸਣ ਵਾਲ਼ੇ ਦਰਦ-ਸ਼ਿਨ ਕਬੀਲੇ ਦੀਆਂ ਸੱਭਿਆਚਾਰ ਅਤੇ ਭਾਸ਼ਾਈ ਜੜ੍ਹਾਂ ਦਰਦਿਸਤਾਨ ਨਾਲ਼ ਜੁੜੀਆਂ ਹਨ। ਇਤਿਹਾਸਕ ਦ੍ਰਿਸ਼ਟੀ ਤੋਂ ਇਹ ਖੇਤਰ ਕਦੇ ਕਸ਼ਮੀਰ ਘਾਟੀ ਤੋਂ ਲੈ ਕੇ ਗਿਲਗਿਤ ਅਤੇ ਅਫ਼ਗਾਨਿਸਤਾਨ ਤੱਕ ਫੈਲਿਆ ਹੋਇਆ ਸੀ। ਕਸ਼ਮੀਰੀਆਂ ਅਤੇ ਦਰਦਾ ਦਰਮਿਆਨ ਰਿਸ਼ਤੇ 1947 ਦੀ ਵੰਡ ਤੋਂ ਵੀ ਵੱਧ ਪੁਰਾਣੇ ਹਨ। ਇਓਂ ਮਸੂਦ ਅਲ ਹਸਨ ਸਮੂਨ ਕਹਿੰਦੇ ਹਨ। "ਪਾਰਟੀਸ਼ਨ ਤੋਂ ਕਲ ਕੀ ਬਾਤ ਹੈ। ਦਰਦ ਭਾਈਚਾਰੇ ਦੇ ਲੋਕ ਸਦੀਆਂ ਤੋਂ ਜੰਮੂ ਅਤੇ ਕਸ਼ਮੀਰ ਵਿੱਚ ਰਹਿੰਦੇ ਰਹੇ ਹਨ," ਜੰਮੂ ਅਤੇ ਕਸ਼ਮੀਰ ਸਰਕਾਰ ਵਿੱਚ ਸਿੱਖਿਆ ਵਿਭਾਗ ਦੇ ਪਹਿਲੇ ਨਿਰਦੇਸ਼ਕ ਰਹਿ ਚੁੱਕੇ 73 ਸਾਲਾ ਮਸੂਦ ਕਹਿੰਦੇ ਹਨ।
12ਵੀਂ ਸਦੀ ਦੇ ਕਸ਼ਮੀਰੀ ਇਤਿਹਾਸਕਾਰ ਕਲਹਣਾ ਨੇ ਆਪਣੀ ਪੁਸਤਕ ਰਾਜਤਰੰਗਿਣੀ, ਜੋ ਕਿ ਕਸ਼ਮੀਰ ਦੇ ਰਾਜਿਆਂ ਦਾ ਸੰਸਕ੍ਰਿਤ ਵਿੱਚ ਲਿਖਿਆ ਕਾਵਿਆਤਮਕ ਇਤਿਹਾਸ ਹੈ, ਵਿੱਚ ਵੀ ਗੁਰੇਜ਼ ਦੇ ਦਰਦਾ ਦਾ ਉਲੇਖ ਕੀਤਾ ਹੈ। ਮਸੂਦ ਦੱਸਦੇ ਹਨ ਕਿ ਗੁਰੇਜ਼ ਦੇ ਰਾਜਾ ਘਾਟੀ ਦੇ ਸ਼ਾਸਕਾਂ ਨਾਲ਼ ਅਕਸਰ ਜੰਗਾਂ ਕਰਦੇ ਰਹਿੰਦੇ ਸਨ ਅਤੇ ਇੱਕ ਵੱਡੀ ਜੰਗ ਦੁਦਕਥ ਪਰਬਤ ਉੱਤੇ ਰਾਜਾ ਹਰਸ਼ (ਭਾਰਤ ਦੇ ਸਮਰਾਟ ਹਰਸ਼ਵਰਧਨ ਤੋਂ ਵੱਖ) ਅਤੇ ਦਰਦਾ ਵਿਚਾਲ਼ੇ ਹੋਈ ਸੀ।
ਆਪਣੀ ਕੋਈ ਲਿਪੀ ਨਾ ਹੋਣ ਦੇ ਕਾਰਨ ਸ਼ਿਨਾ ਭਾਸ਼ਾ ਨੂੰ ਆਪਣੀ ਹੋਂਦ ਬਚਾਈ ਰੱਖਣ ਲਈ ਮੌਖਿਕ (ਜ਼ੁਬਾਨੀ) ਪਰੰਪਰਾਵਾਂ, ਲੋਕ-ਕਥਾਵਾਂ ਅਤੇ ਲੋਕ-ਗੀਤਾਂ 'ਤੇ ਨਿਰਭਰ ਰਹਿਣਾ ਪਿਆ। ਪਰ ਦਹਾਕਿਆਂ ਦੇ ਮੌਸਮੀ ਪ੍ਰਵਾਸ, ਬਾਰਡਰ ਪਾਰ ਗੋਲ਼ਾਬਾਰੀ ਅਤੇ ਰਾਜਨੀਤਕ-ਸੱਭਿਆਚਾਰਕ ਉਥਲ-ਪੁਥਲ ਕਾਰਨ ਇਹ ਭਾਈਚਾਰਾ ਆਪਣੀ ਮਾਤ-ਭਾਸ਼ਾ ਤੋਂ ਦੂਰ ਹੁੰਦਾ ਜਾ ਰਿਹਾ ਹੈ।
“ਸ਼੍ਰੀਨਗਰ ਦੇ 50 ਘਰਾਂ ਵਿੱਚੋਂ ਜੇਕਰ ਕੋਈ ਇੱਕੋ ਹੀ ਘਰ ਸ਼ਿਨਾ ਬੋਲਦਾ ਹੈ, ਤਾਂ ਇਹ ਭਾਸ਼ਾ ਕਿਵੇਂ ਜਿਊਂਦੀ ਰਹੇਗੀ?” ਤਾਰਿਕ ਪੁੱਛਦੇ ਹਨ। ਉਹ ਦੱਸਦੇ ਹਨ ਕਿ ਬਾਮੁਸ਼ਕਲ ਸ਼ਾਇਦ ਇੱਕੋ ਪੀੜ੍ਹੀ ਤੱਕ ਹੀ ਇਹ ਭਾਸ਼ਾ ਬਚੇਗੀ, ਪਰ ਦੂਜੀ ਪੀੜ੍ਹੀ ਆਉਂਦੇ-ਆਉਂਦੇ ਇਹ ਵਿਲੁਪਤ ਹੋ ਜਾਵੇਗੀ।
ਮਸੂਦ ਇਨ੍ਹੀਂ ਦਿਨੀਂ ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਖੇਤਰ ਵਿੱਚ ਰਹਿ ਕੇ ਇੱਕ ਏਕੀਕ੍ਰਿਤ ਸ਼ਿਨਾ ਲਿਪੀ 'ਤੇ ਕੰਮ ਕਰ ਰਹੇ ਹਨ। "ਹੁਣ ਤੱਕ ਸ਼ਿਨਾ ਲਈ ਦੋ ਲਿਪੀਆਂ ਤਿਆਰ ਹੋਈਆਂ ਸਨ- ਇੱਕ, ਜਾਰਜ ਅਬ੍ਰਾਹਮ ਗ੍ਰੀਅਰਸਨ ਦੁਆਰਾ ਰੋਮਨ ਲਿਪੀ ਵਿੱਚ ਸੀ ਅਤੇ ਦੂਜੀ ਡਾ. ਸ਼ੁਜਾ ਨਾਮੂਸ ਦੁਆਰਾ ਉਰਦੂ (ਨਸਤਲੀਕ ਲਿਪੀ) ਵਿੱਚ ਜਿਸਦਾ ਸਿਰਲੇਖ ਹੈ- ਗਿਲਗਿਤ ਅਤੇ ਸ਼ਿਨਾ ਜ਼ਬਾਨ। ਨਾਮੂਸ ਗਿਲਗਿਤ, ਪਾਕਿਸਤਾਨ ਵਿੱਚ ਜ਼ਿਲ੍ਹਾ ਸਿੱਖਿਆ ਅਧਿਕਾਰੀ ਸਨ।
ਪਰ ਦੋਹਾਂ ਹੀ ਮਾਮਲਿਆਂ ਵਿੱਚ ਦਸਤਾਵੇਜ਼ੀਕਰਨ ਸਿਰਫ਼ ਉਨ੍ਹਾਂ ਦੀ ਖ਼ੋਜ ਤੱਕ ਹੀ ਸੀਮਤ ਰਿਹਾ। ਗ੍ਰੀਅਰਸਨ ਅਤੇ ਡਾ. ਨਾਮੂਸ ਦੋਹਾਂ ਵਿੱਚ ਕੋਈ ਸ਼ਿਨਾ ਬੋਲਣ ਵਾਲ਼ਾ ਨਹੀਂ ਸੀ। ਕਈ ਧੁਨੀਆਂ ਨੂੰ ਸਹੀ ਢੰਗ ਨਾਲ਼ ਦਰਜ ਨਹੀਂ ਕੀਤਾ ਜਾ ਸਕਿਆ।
ਮਸੂਦ ਕਹਿੰਦੇ ਹਨ ਕਿ ਸ਼ਿਨਾ ਵਿੱਚ ਚਾਰ ਵਿਸ਼ੇਸ਼ ਵਿਅੰਜਨ ਧੁਨੀਆਂ ਹਨ,"ਜੋ ਦਾਏਂ-ਬਾਏਂ ਕਿਸੇ ਲੈਂਗੂਏਜ ਮੇਂ ਨਹੀਂ ਹੈ – ਉਰਦੂ, ਫ਼ਾਰਸੀ ਤੋਂ ਦੂਰ, ਕਸ਼ਮੀਰੀ ਵਿੱਚ ਵੀ ਨਹੀਂ।" ਇਸ ਲਈ ਵਿਸ਼ੇਸ਼ ਚਿੰਨ੍ਹਾਂ ਦੀ ਲੋੜ ਮਹਿਸੂਸ ਕੀਤੀ ਗਈ, ਪਰ ਕੋਈ ਵੀ ਇਨ੍ਹਾਂ ਦਾ ਸਫ਼ਲ ਪ੍ਰਯੋਗ ਨਾ ਕਰ ਸਕਿਆ। ਉਹ ਦੱਸਦੇ ਹਨ ਕਿ ਬਾਦ ਵਿੱਚ ਮੁਹੰਮਦ ਅਮੀਨ ਜ਼ਿਆ, ਜੋ ਪਾਕਿਸਤਾਨ ਦੇ ਕਾਰਾਕੋਰਮ ਯੂਨੀਵਰਸਿਟੀ ਵਿੱਚ ਪ੍ਰੋਫ਼ੈਸਰ ਸਨ, ਨੇ ਕੰਪਿਊਟਰ ਦੇ ਸ਼ੁਰੂਆਤੀ ਦੌਰ ਵਿੱਚ ਹੀ ਵਿਆਕਰਨ 'ਤੇ ਤਾਂ ਲਿਖਿਆ ਪਰ ਲਿਪੀ ਵੱਲ ਉਨ੍ਹਾਂ ਨੇ ਧਿਆਨ ਨਾ ਦਿੱਤਾ।
ਮਸੂਦ ਦੀ ਗੱਲ ਨਾਲ਼ ਤਾਰਿਕ ਵੀ ਸਹਿਮਤ ਹਨ ਅਤੇ ਕਹਿੰਦੇ ਹਨ,"ਜੇਕਰ ਲਿਪੀ ਹੀ ਨਹੀਂ ਹੈ ਤਾਂ ਅਸੀਂ ਭਾਸ਼ਾ ਨੂੰ ਲਿਖੀਏ ਅਤੇ ਸਿਖਾਈਏ ਕਿਵੇਂ? ਜਦੋਂ ਸ਼ਿਨਾ ਵਿਆਕਰਣ 'ਤੇ ਕਿਤਾਬ ਛਪੀ ਤਾਂ ਭਾਈਚਾਰੇ ਦੇ ਕੁਝ ਲੋਕਾਂ ਨੇ ਵ੍ਹਟਸਐਪ ਗਰੁੱਪ ਵੀ ਬਣਾਇਆ, ਪਰ ਬਹੁਤੇ ਦਿਨ ਚੱਲ ਨਾ ਸਕਿਆ," ਉਹ ਕਹਿੰਦੇ ਹਨ।
ਫ਼ਰੀਦ ਵੀ ਕਹਿੰਦੇ ਹਨ,"ਇੱਕ ਢੁਕਵੀਂ ਲਿਪੀ ਬਹੁਤ ਜ਼ਰੂਰੀ ਹੈ, ਕਿਉਂਕਿ ਜ਼ਿਆਦਾਤਰ ਸ਼ਿਨਾ ਸਾਹਿਤ ਅੱਜ ਵੀ ਉਰਦੂ ਵਿੱਚ ਹੀ ਲਿਖਿਆ ਜਾ ਰਿਹਾ ਹੈ।" ਉਹ ਕਹਿੰਦੇ ਹਨ,"ਜਦੋਂ ਸਾਡੇ ਬੱਚੇ ਕਸ਼ਮੀਰ ਤੋਂ ਰੂਸ ਜਾਂ ਜਰਮਨੀ ਜਾਂਦੇ ਨੇ ਤਾਂ ਅਸੀਂ ਉਨ੍ਹਾਂ ਨੂੰ ਉੱਥੋਂ ਦੀ ਭਾਸ਼ਾ ਪਹਿਲਾਂ ਸਿਖਾਉਂਦੇ ਹਾਂ, ਠੀਕ ਕਿ ਨਹੀਂ? ਜਾਂ ਫਿਰ ਉਹ ਉੱਥੇ ਜਾ ਕੇ ਖ਼ੁਦ ਹੀ ਸਿੱਖ ਲੈਂਦੇ ਹਨ।"

Muzamil Bhat

Muzamil Bhat
ਮਸੂਦ ਮੰਨਦੇ ਹਨ ਕਿ ਸਾਹਿਤ ਹੀ ਇਕਲੌਤਾ ਜ਼ਰੀਆ ਹੈ ਜੋ ਭਾਸ਼ਾ ਨੂੰ ਜੀਵੰਤ ਰੱਖਦਾ ਹੈ। ਉਹ ਕਸ਼ਮੀਰੀ ਸਾਹਿਤ ਦਾ ਉਦਾਹਰਨ ਦਿੰਦੇ ਹਨ। ਲਲ ਦਦ, ਸ਼ੇਖ-ਉਲ-ਆਲਮ (ਜਿਨ੍ਹਾਂ ਨੂੰ ਨੰਦ ਰਿਸ਼ੀ ਦੇ ਨਾਂ ਨਾਲ਼ ਵੀ ਜਾਣਿਆ ਜਾਂਦਾ ਹੈ) ਅਤੇ ਹੋਰ ਮੱਧ ਅਤੇ ਆਧੁਨਿਕ ਕਾਲ ਦੇ ਕਵੀਆਂ ਦੀਆਂ ਕਵਿਤਾਵਾਂ ਅੱਜ ਵੀ ਪੜ੍ਹੀਆਂ ਜਾਂਦੀਆਂ ਹਨ। ਅੱਜ ਵੀ ਕਸ਼ਮੀਰੀ ਭਾਸ਼ਾ ਵਿੱਚ ਗਦਯ ਅਤੇ ਪਦਯ ਦੋਹਾਂ ਵਿਧਾ ਵਿੱਚ ਵੱਡੀ ਗਿਣਤੀ ਵਿੱਚ ਰਚਨਾਵਾਂ ਲਿਖੀਆਂ ਜਾ ਰਹੀਆਂ ਹਨ। ਇਸਦਾ ਅਰਥ ਇਹ ਹੈ ਕਿ ਇਹ ਭਾਸ਼ਾ ਆਉਣ ਵਾਲ਼ੇ ਸਮੇਂ ਵਿੱਚ ਵੀ ਜੀਵੰਤ ਰਹੇਗੀ,"ਪਰ ਇਹੀ ਗੱਲ ਅਸੀਂ ਸ਼ਿਨਾ ਬਾਰੇ ਨਹੀਂ ਕਹਿ ਸਕਦੇ।"
ਸ਼ਿਨਾ ਲਈ ਇੱਕ ਵਿਸ਼ੇਸ਼ ਲਿਪੀ ਵਿਕਸਤ ਕਰਨ ਦਾ ਮਸੂਦ ਦਾ ਇਹ ਸਫਰ 1975 ਵਿੱਚ ਸ਼ੁਰੂ ਹੋਇਆ ਜਦੋਂ ਉਹ ਕਸ਼ਮੀਰ ਯੂਨੀਵਰਸਿਟੀ ਵਿੱਚ ਪੂਰਾ ਸਮਾਂ ਉਰਦੂ ਅਤੇ ਫਾਰਸੀ ਪੜ੍ਹਾਉਂਦੇ ਸਨ। "ਮੈਂ ਲੋਕ-ਕਥਾਵਾਂ ਅਤੇ ਲੋਕ-ਗੀਤਾਂ ਦਾ ਸੰਗ੍ਰਹਿ ਕਰਦਾ ਸਾਂ ਪਰ ਮੈਂ ਆਪਣੇ ਆਪ ਤੋਂ ਹੀ ਇਹ ਪੁੱਛਦਾ ਸਾਂ ਕਿ ਇਨ੍ਹਾਂ ਨੂੰ ਲਿਖਿਆ ਕਿਵੇਂ ਜਾਵੇ?"
ਬਾਅਦ ਵਿੱਚ ਜਦੋਂ ਉਹ ਸਿੱਖਿਆ ਨਿਰਦੇਸ਼ਕ ਬਣੇ ਤਾਂ ਜੰਮੂ ਅਤੇ ਕਸ਼ਮੀਰ ਸਰਕਾਰ ਨੇ ਇੱਕ ਨਵੀਂ ਭਾਸ਼ਾ ਨੀਤੀ ਦੀ ਘੋਸ਼ਣਾ ਕੀਤੀ ਜਿਸ ਵਿੱਚ ਇਹ ਫ਼ੈਸਲਾ ਕੀਤਾ ਗਿਆ ਕਿ ਚੌਥੀ ਕਲਾਸ ਤੋਂ ਬੱਚਿਆਂ ਦੀ ਪੜ੍ਹਾਈ ਉਨ੍ਹਾਂ ਦੀ ਮਾਤ-ਭਾਸ਼ਾ ਵਿੱਚ ਹੋਏਗੀ। ਉਹ ਕਹਿੰਦੇ ਹਨ,"ਲਿਪੀ ਨੂੰ ਵਿਕਸਤ ਕਰਨ ਦਾ ਇਹ ਸੁਨਹਿਰਾ ਮੌਕਾ ਸੀ।" ਉਨ੍ਹਾਂ ਨੇ ਲਿਪੀ ਨੂੰ ਕੰਪਿਊਟਰ ਅਨੁਕੂਲ ਵੀ ਬਣਾਇਆ।
ਉਹਨਾਂ ਨੇ ਲਿਪੀ ਨੂੰ ਵਿਕਸਿਤ ਕਰਨ ਦੇ ਉਦੇਸ਼ ਨਾਲ਼ ਇੱਕ ਪ੍ਰਾਈਮਰ ਵੀ ਲਿਖਿਆ। ਪਰ ਜਦੋਂ ਉਹ ਪਦ ਤੋਂ ਹਟੇ,"ਨਿੱਜੀ ਕਾਰਨਾਂ ਕਰਕੇ ਇਹ ਕੰਮ ਅਧੂਰਾ ਰਹਿ ਗਿਆ ਅਤੇ ਉਹ ਇਸਨੂੰ ਕਦੇ ਪ੍ਰਕਾਸ਼ਿਤ ਨਾ ਕਰਾ ਸਕੇ।" ਉਹ ਕਹਿੰਦੇ ਹਨ ਕਿ ਰਿਟਾਇਰਮੈਂਟ ਦੇ ਬਾਅਦ ਉਨ੍ਹਾਂ ਨੇ ਇੱਕ ਵਾਰੀ ਫਿਰ ਆਪਣਾ ਕੰਮ ਸ਼ੁਰੂ ਕੀਤਾ ਹੈ।

Muzamil Bhat

Muzamil Bhat
ਲਿਪੀ ਦੇ ਮਾਨਕੀਕਰਨ ਦੇ ਕਈ ਯਤਨਾਂ ਤੋਂ ਬਾਅਦ ਉਨ੍ਹਾਂ ਦੀ ਪੁਸਤਕ ਪੁਮਿਕੀ ਸ਼ੀਨਾ ਦੀ ਕਿਤਾਬ ਚੌਥੀ ਕਲਾਸ ਦੇ ਲਈ ਪ੍ਰਕਾਸ਼ਤ ਕੀਤੀ ਗਈ ਹੈ। ਹਾਲਾਂਕਿ ਸ਼ਿਨਾ ਅਜੇ ਵੀ ਇੱਕ ਵਿਕਲਪਕ ਵਿਸ਼ਾ ਹੀ ਹੈ। "ਮੈਂ ਇੱਕ ਭਾਸ਼ਾ ਕਾਰਕੁੰਨ ਬਣ ਗਿਆ ਅਤੇ ਘੱਟੋ-ਘੱਟ ਮੇਰੇ ਖੇਤਰ ਵਿੱਚ ਇਸ ਲਿਪੀ ਦਾ ਮਾਨਕੀਕਰਨ ਹੋ ਚੁੱਕਾ ਹੈ," ਉਹ ਦੱਸਦੇ ਹਨ। ਬਾਅਦ ਵਿੱਚ ਇਸ ਮਾਤ-ਭਾਸ਼ਾ ਦੇ ਦਸਤਾਵੇਜ਼ੀਕਰਨ ਦੇ ਹੋਰ ਵੀ ਕਈ ਯਤਨ ਕੀਤੇ ਗਏ। ਕਸ਼ਮੀਰ ਯੂਨੀਵਰਸਿਟੀ, ਸ਼੍ਰੀਨਗਰ ਦੇ ਭਾਸ਼ਾਵਿਗਿਆਨ ਵਿਭਾਗ ਨੇ ਵੀ ਸ਼ਿਨਾ ਭਾਸ਼ਾ ਦੇ ਵਿਆਕਰਣ ਦੀ ਇੱਕ ਕਿਤਾਬ ਪ੍ਰਕਾਸ਼ਿਤ ਕੀਤੀ ਹੈ।
ਮਸੂਦ ਕਹਿੰਦੇ ਹਨ ਕਿ ਜਦੋਂ ਤੱਕ ਲਿਪੀ ਮਾਨਕੀਕ੍ਰਿਤ ਨਹੀਂ ਹੁੰਦੀ, ਤਦ ਤੱਕ ਸ਼ਿਨਾ ਨੂੰ ਪ੍ਰਾਥਮਿਕ ਪੱਧਰ 'ਤੇ, ਘੱਟੋਘੱਟ 10ਵੀਂ ਕਲਾਸ ਤੱਕ, ਸਿੱਖਿਆ ਦਾ ਮਾਧਿਆਮ ਬਣਾਉਣਾ ਇਹਨੂੰ ਜ਼ਿੰਦਾ ਰੱਖਣ ਵਿੱਚ ਕਾਰਗਰ ਸਾਬਤ ਹੋਵੇਗਾ। ਉਹ ਮੰਨਦੇ ਹਨ ਕਿ ਉੱਚ ਸਿੱਖਿਆ ਜਾਂ ਰਸਾਇਣ ਜਾਂ ਭੌਤਿਕੀ ਜਿਹੇ ਤਕਨੀਕੀ ਵਿਸ਼ਿਆਂ ਲਈ ਹਜੇ ਵੀ ਇਹ ਭਾਸ਼ਾ ਢੁਕਵੀਂ ਨਹੀਂ ਹੈ, ਪਰ ਇਸ ਦਿਸ਼ਾ ਵਿੱਚ ਲਗਾਤਾਰ ਕੋਸ਼ਿਸ਼ ਕਰਦੇ ਰਹਿਣਾ ਜ਼ਰੂਰੀ ਹੈ, "ਵਰਨਾ ਇਹ ਭਾਸ਼ਾ ਮਰ ਜਾਵੇਗੀ।"
ਉਹ ਉਨ੍ਹਾਂ ਦਿਨਾਂ ਬਾਰੇ ਦੱਸਦੇ ਹਨ ਜਦੋਂ ਉਹ ਗੁਰੇਜ਼ ਵਿਖੇ ਸੇਵਾ 'ਤੇ ਸਨ। ਜੇਕਰ ਉਨ੍ਹਾਂ ਦੇ ਸਮੂਹ ਦਾ ਕੋਈ ਵਿਅਕਤੀ ਉਨ੍ਹਾਂ ਨਾਲ਼ ਉਰਦੂ ਜਾਂ ਕਸ਼ਮੀਰੀ ਵਿੱਚ ਗੱਲ ਕਰਦਾ "ਤਾਂ ਮੈਂ ਉਸਨੂੰ ਡਾਂਟਦਾ ਅਤੇ ਕਹਿੰਦਾ ਕਿ ਮੈਂ ਸ਼ਿਨਾ ਵਿੱਚ ਗੱਲ ਕਰ ਰਿਹਾ ਹਾਂ, ਤੈਨੂੰ ਵੀ ਇਸੇ ਭਾਸ਼ਾ ਵਿੱਚ ਮੇਰੇ ਨਾਲ਼ ਗੱਲ ਕਰਨੀ ਚਾਹੀਦੀ ਹੈ।"
ਉਹ ਪੁੱਛਦੇ ਹਨ,"ਤੁਸੀਂ ਆਪਣੇ ਪਰਿਵਾਰ ਨਾਲ਼ ਗੱਲ ਕਰਦੇ ਹੋ ਤਾਂ ਕੀ ਤੁਸੀਂ ਅੰਗਰੇਜ਼ੀ ਵਿੱਚ ਹੀ ਗੱਲ ਕਰਦੇ ਹੋ? ਕੋਈ ਵੀ ਫ਼ਰਾਂਸੀਸੀ ਆਪਣੇ ਘਰ ਵਿੱਚ ਅੰਗਰੇਜ਼ੀ ਨਹੀਂ ਬੋਲਦਾ। ਸਿਰਫ਼ ਸਾਨੂੰ ਭਾਰਤੀਆਂ ਨੂੰ ਹੀ ਅੰਗਰੇਜ਼ੀ ਦੀ ਗੁਲਾਮੀ ਕਰਨ ਦੀ ਬੀਮਾਰੀ ਹੈ।"
ਉਹ ਕਹਿੰਦੇ ਹਨ ਕਿ ਬੱਚੇ ਅੱਜ ਅੰਗਰੇਜ਼ੀ ਵਿੱਚ ਪੜ੍ਹਦੇ ਹਨ, ਜਿਸ ਨਾਲ਼ ਉਨ੍ਹਾਂ ਦੇ ਦਿਮਾਗ਼ ਦੀ ਬਹੁਤ ਸਾਰੀ ਸਮਰੱਥਾ ਵਿਦੇਸ਼ੀ ਭਾਸ਼ਾ ਸਿੱਖਣ ਵਿੱਚ ਖਰਚ ਹੁੰਦੀ ਹੈ, "ਇਓਂ ਨਹੀਂ ਕਿ ਸਿਰਫ਼ ਅੰਗਰੇਜ਼ੀ ਵਾਲ਼ੇ ਹੀ ਬੁੱਧੀਮਾਨ ਹਨ। ਕੀ ਅਸੀਂ ਹਿੰਦੂਸਤਾਨੀ ਮੂਰਖ ਹਾਂ? ਜ਼ਾਹਰ ਹੈ, ਇੰਝ ਨਹੀਂ। ਸਮੱਸਿਆ ਇਹ ਹੈ ਕਿ ਅਸੀਂ ਵਿਦੇਸ਼ੀ ਭਾਸ਼ਾ ਸਿੱਖਣ ਵਿੱਚ ਲੱਗੇ ਹੋਏ ਹਾਂ ਅਤੇ ਆਪਣੀ ਭਾਸ਼ਾ ਦੀ ਅਣਦੇਖੀ ਕਰ ਰਹੇ ਹਾਂ।"

Muzamil Bhat

Muzamil Bhat

Muzamil Bhat

Muzamil Bhat
ਨਵੀਂ ਸਿੱਖਿਆ ਨੀਤੀ (ਐੱਨਈਪੀ) 2020 ਵਿੱਚ ਪੰਜਵੀਂ ਜਮਾਤ ਤੱਕ ਮਾਂ ਬੋਲੀ ਵਿੱਚ ਸਿੱਖਿਆ ਦੇਣ ਦੀ ਗੱਲ ਕੀਤੀ ਗਈ ਹੈ। ਮਸੂਦ ਕਹਿੰਦੇ ਹਨ,"ਭਾਰਤ ਦੇ ਸਿੱਖਿਆ ਜਗਤ ਵਿੱਚ ਇਹ ਚੁੱਕਿਆ ਜਾਣ ਵਾਲ਼ਾ ਸਮਝਦਾਰੀ ਭਰਿਆ ਕਦਮ ਹੈ, ਪਰ ਇਸ ਨੂੰ ਲਾਗੂ ਕਰਨਾ ਇੱਕ ਚੁਣੌਤੀ ਹੋਵੇਗੀ।"
ਸਿੱਖਿਆ ਬੋਰਡ ਨੇ ਹੁਣ ਕਲਾਸ ਇੱਕ ਲਈ ਕਸ਼ਮੀਰੀ ਅਤੇ ਡੋਗਰੀ ਵਿੱਚ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ ਹਨ। ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਸ਼ਿਨਾ ਦੀ ਕਿਤਾਬ ਲਗਭਗ ਇੱਕ ਸਾਲ ਪਹਿਲਾਂ ਹੀ ਭੇਜ ਦਿੱਤੀ ਸੀ ਅਤੇ ਹੁਣ ਉਸਦੇ ਪ੍ਰਕਾਸ਼ਿਤ ਹੋਣ ਦੀ ਉਡੀਕ ਕਰ ਰਹੇ ਹਨ।
ਇਸ ਸਭ ਵਿਚਾਲ਼ੇ, ਮਸੂਦ ਆਪਣੇ ਸਾਥੀ ਭਾਸ਼ਾ ਕਾਰਕੁੰਨਾਂ ਨਾਲ਼ ਸ਼ਿਨਾ ਲਿਪੀ ਨੂੰ ਮਾਨਕੀਕ੍ਰਿਤ ਕਰਨ ਵਿੱਚ ਲੱਗੇ ਹਨ,"ਪਰ ਮੈਂ ਤੁਹਾਨੂੰ ਭਰੋਸਾ ਨਹੀਂ ਦੇ ਸਕਦਾ ਕਿ ਇਹ ਕੰਮ ਜਲਦੀ ਪੂਰਾ ਹੋਵੇਗਾ ਜਾਂ ਨਹੀਂ।" ਇਹ ਇੱਕ ਵੱਡਾ ਕੰਮ ਹੈ ਅਤੇ ਅਫ਼ਸੋਸ ਦੀ ਗੱਲ ਹੈ ਕਿ ਮੈਂ ਬੁੱਢਾ ਹੋ ਰਿਹਾ ਹਾਂ।"
ਇਹ ਰਿਪੋਰਟਰ ਇਸ ਸਟੋਰੀ ਨੂੰ ਲਿਖੇ ਜਾਣ ਵਿੱਚ ਮਦਦ ਦੇਣ ਲਈ ਮਸੂਦ ਅਲ ਹਸਨ, ਬਸ਼ੀਰ ਅਹਿਮਦ ਤੇਰੂ, ਫ਼ਰੀਦ ਅਹਿਮਦ ਲੋਨ ਤੇ ਅਬਰਾਰ-ਉਲ-ਆਲਮ ਦੇ ਸ਼ੁਕਰਗੁਜ਼ਾਰ ਹਨ।
ਗ਼ੁਲਾਮ ਰਸੂਲ ਮੁਸ਼ਤਾਕ਼ ਦੀ ਲਿਖੀਆਂ ਸ਼ਿਨਾ ਨਜ਼ਮਾਂ ਦੀ ਵਿਆਖਿਆ ਫ਼ਰੀਦ ਨੇ ਕੀਤੀ ਹੈ ਤੇ ਉਨ੍ਹਾਂ ਨੂੰ ਪ੍ਰਤਿਸ਼ਠਾ ਪਾਂਡਿਆ ਨੇ ਸੰਪਾਦਤ ਕੀਤਾ ਹੈ। ਮਸੂਦ ਅਲ ਹਸਨ ਸਮੂਨ ਦੀਆਂ ਨਜ਼ਮਾਂ ਦਾ ਅੰਗਰੇਜ਼ੀ ਅਨੁਵਾਦ ਮੁਜ਼ੱਮਿਲ ਤੇ ਪ੍ਰਤਿਸ਼ਠਾ ਪਾਂਡਿਆ ਨੇ ਕੀਤਾ ਹੈ।
ਪਾਰੀ ਦੇ 'ਖ਼ਤਰੇ ਵਿੱਚ ਪਈ ਭਾਸ਼ਾ ਪ੍ਰੋਜੈਕਟ' ਦਾ ਉਦੇਸ਼ ਭਾਰਤ ਦੀਆਂ ਖ਼ਤਰੇ ਵਿੱਚ ਪਈਆਂ ਭਾਸ਼ਾਵਾਂ ਨੂੰ ਬੋਲਣ ਵਾਲੇ ਆਮ ਲੋਕਾਂ ਦੇ ਜੀਵਨ ਅਤੇ ਉਨ੍ਹਾਂ ਦੇ ਜੀਵਨ ਦੇ ਤਜ਼ਰਬਿਆਂ ਰਾਹੀਂ ਦਸਤਾਵੇਜ਼ ਬਣਾਉਣਾ ਹੈ।
ਇਹਲੇਖ ਪਾਰੀ ਸੀਨੀਅਰ ਫੈਲੋਸ਼ਿਪ 2025 ਤਹਿਤ ਛਪਿਆ ਸੀ।
ਤਰਜਮਾ: ਕਮਲਜੀਤ ਕੌਰ
Want to republish this article? Please write to [email protected] with a cc to [email protected]
All donors will be entitled to tax exemptions under Section-80G of the Income Tax Act. Please double check your email address before submitting.
PARI - People's Archive of Rural India
ruralindiaonline.org
https://ruralindiaonline.org/articles/in-gurez-home-is-not-where-the-word-is-pa