ਉਨ੍ਹਾਂ ਕਿਹਾ ਕਿ 29 ਅਕਤੂਬਰ ਨੂੰ ਗਲ ਸਿੰਘ ਨੇ ਪਿੰਡ ਦੇ ਬੰਜਾਰਾ ਭਾਈਚਾਰੇ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਭੂ-ਦਾਨ ਸਕੀਮ ਤਹਿਤ ਭਿਲਾਲਿਆਂ ਨੂੰ ਅਲਾਟ ਕੀਤੀ ਗਈ 33 ਏਕੜ ਖੇਤੀ ਜ਼ਮੀਨ 'ਤੇ ਕਬਜ਼ਾ ਕਰ ਰਹੇ ਹਨ। ਉਨ੍ਹਾਂ ਨੇ ਉੱਥੇ ਝੌਂਪੜੀਆਂ ਬਣਾ ਕੇ ਜ਼ਮੀਨ 'ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ। ਬੰਜਾਰਾ ਸ਼ਿਕਾਇਤ ਤੋਂ ਨਾਰਾਜ਼ ਹੋਏ ਅਤੇ ਦੋ ਦਿਨਾਂ ਬਾਅਦ ਉਨ੍ਹਾਂ ਨੇ ਗਲ ਸਿੰਘ 'ਤੇ ਬੇਰਹਿਮੀ ਨਾਲ਼ ਹਮਲਾ ਕਰ ਦਿੱਤਾ। ਇਸ ਹਮਲੇ 'ਚ ਉਹ ਗੰਭੀਰ ਰੂਪ ਨਾਲ਼ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਇੰਦੌਰ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਇਕ ਮਹੀਨੇ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਅਸੀਂ ਪ੍ਰਸ਼ਾਸਨ ਨੂੰ ਇੱਕ ਤੋਂ ਵੱਧ ਵਾਰ ਸ਼ਿਕਾਇਤ ਕੀਤੀ, ਪਰ ਪਿੰਡ ਦੇ ਰਸੂਖ਼ਵਾਨ ਲੋਕਾਂ ਅਤੇ ਰਾਜਨੀਤਿਕ ਦਬਾਅ ਕਾਰਨ ਕੁਝ ਨਾ ਹੋਇਆ। " ਕੱਲੂ ਭਿਲਾਲਾ ਗੁਨਾ ਜ਼ਿਲ੍ਹੇ ਦੇ ਪਨਹੇਟੀ ਪਿੰਡ ਵਿੱਚ 2024 ਵਿੱਚ ਜ਼ਮੀਨ ਦੇ ਇੱਕ ਟੁਕੜੇ ਨੂੰ ਲੈ ਕੇ ਹੋਈ ਹਿੰਸਕ ਝੜਪ ਨੂੰ ਯਾਦ ਕਰਦੇ ਹਨ, ਹਕੀਕਤ ਵਿੱਚ ਜਿਸ ਜ਼ਮੀਨ 'ਤੇ ਕਿਸੇ ਦੀ ਸਪੱਸ਼ਟ ਮਲਕੀਅਤ ਨਹੀਂ ਸੀ। ਇਸ ਘਟਨਾ ਵਿੱਚ ਜ਼ਖਮੀਆਂ ਵਿੱਚ ਉਹ ਖ਼ੁਦ ਵੀ ਸ਼ਾਮਲ ਸਨ।
ਗਲ ਸਿੰਘ ਦੀ ਮੌਤ ਦੀ ਖ਼ਬਰ ਫੈਲਣ ਦੇ ਨਾਲ਼ ਹੀ ਭਿਲਾਲਾ ਆਦਿਵਾਸੀਆਂ ਅਤੇ ਬੰਜਾਰਾ ਭਾਈਚਾਰੇ ਵਿੱਚ ਹਿੰਸਕ ਝੜਪਾਂ ਸ਼ੁਰੂ ਹੋ ਗਈਆਂ। ਇਸ ਦੇ ਨਤੀਜੇ ਵਜੋਂ ਬੰਜਾਰਾ ਭਾਈਚਾਰੇ ਦੇ 10 ਘਰਾਂ ਨੂੰ ਅੱਗ ਲਗਾ ਦਿੱਤੀ ਗਈ। ਦੋਹਾਂ ਭਾਈਚਾਰੇ ਦੇ ਕਈ ਪਰਿਵਾਰ ਬੇਘਰ ਹੋ ਗਏ। ਦਰਜਨਾਂ ਲੋਕ ਭੈਅ ਕਾਰਨ ਪਿੰਡ ਛੱਡ ਕੇ ਭੱਜ ਗਏ ਅਤੇ ਉਨ੍ਹਾਂ ਨੂੰ ਕੜਾਕੇ ਦੀ ਠੰਡੀ ਵਿੱਚ ਖੁੱਲ੍ਹੇ ਅਸਮਾਨ ਹੇਠਾਂ ਰਾਤਾਂ ਬਿਤਾਉਣ ਲਈ ਮਜ਼ਬੂਰ ਹੋਣਾ ਪਿਆ।
46 ਸਾਲਾ ਗਲ ਸਿੰਘ ਭਿਲਾਲਾ ਨੇ 2024 ਦੇ ਸ਼ੁਰੂ ਵਿੱਚ ਇਸ ਪੱਤਰਕਾਰ ਨੂੰ ਇੱਕ ਇੰਟਰਵਿਊ ਦੌਰਾਨ ਕਿਹਾ,"ਸਾਡੇ ਪੁਰਖਿਆਂ ਨੂੰ ਭੂ-ਦਾਨ ਦੇ ਪੱਟੇ ਮਿਲ਼ੇ ਸਨ। "ਉਹ ਕਰੀਬ 50-55 ਸਾਲ ਪਹਿਲਾਂ ਇੱਥੇ ਆ ਕੇ ਵੱਸ ਗਏ ਸਨ। ਅੱਜ, ਇਨ੍ਹਾਂ ਪਟਿਆਂ ਨੂੰ 'ਜ਼ਮੀਨ ਦੀ ਮਾਲਕੀ ਲੀਜ਼' ਕਿਹਾ ਜਾਂਦਾ ਹੈ। ਪਰ ਇੰਨੇ ਸਾਲਾਂ ਬਾਅਦ ਵੀ ਸਾਨੂੰ ਜ਼ਮੀਨ ਦੀ ਅਸਲ ਮਾਲਕੀ ਨਹੀਂ ਮਿਲ਼ ਸਕੀ। ਇਸ ਇਲਾਕੇ ਦੇ ਸਾਰੇ ਭੀਲ, ਭਿਲਾਲਾ ਅਤੇ ਸਹਰਿਆ ਆਦਿਵਾਸੀਆਂ ਲਈ ਇਹ ਗੰਭੀਰ ਸਮੱਸਿਆ ਹੈ। ਬਾਮੋਰੀ ਤਹਿਸੀਲ ਵਿੱਚ ਬਹੁਤ ਸਾਰੇ ਆਦਿਵਾਸੀ ਹਨ, ਜਿਨ੍ਹਾਂ ਦੀ ਖੇਤੀਬਾੜੀ ਵਾਲ਼ੀ ਜ਼ਮੀਨ 'ਤੇ ਤਾਕਤਵਰ ਲੋਕਾਂ ਨੇ ਕਬਜ਼ਾ ਕਰ ਲਿਆ ਹੈ।
ਉਨਾਂ ਅੱਗੇ ਦੱਸਿਆ ਸੀ,"ਕਈ ਭੂ-ਦਾਨ ਪਟੇ ਪਿੰਡ ਦੇ ਖਸਰਾ ਨੰਬਰਾਂ ਦੇ ਅੰਦਰ ਆਉਂਦੇ ਹਨ ਤੇ ਉਨ੍ਹਾਂ 'ਤੇ ਹੋਰ ਲੋਕਾਂ ਨੇ ਕਬਜ਼ਾ ਕਰ ਲਿਆ ਹੈ। ਅੱਜ ਤੱਕ ਨਾ ਪਟਵਾਰੀ ਤੇ ਨਾ ਹੀ ਤਹਿਸੀਲਦਾਰ ਸਾਡੇ ਲਈ ਇਨ੍ਹਾਂ ਜ਼ਮੀਨਾਂ ਦੀ ਹੱਦਬੰਦੀ ਕਰਵਾ ਸਕੇ ਹਨ।" ਮਾਲੀਆ ਅਧਿਕਾਰੀਆਂ ਵੱਲੋਂ ਇਹ ਪ੍ਰਕਿਰਿਆ ਪੂਰੀ ਨਾ ਹੋਣ ਕਾਰਨ ਕਮਿਊਨਿਟੀਆਂ ਵਿੱਚ ਲਗਾਤਾਰ ਟਕਰਾਅ ਬਣਿਆ ਰਹਿੰਦਾ ਹੈ। ਗਲ ਸਿੰਘ ਨੇ ਆਪਣੀ ਮੌਤ ਤੋਂ ਕਈ ਮਹੀਨੇ ਪਹਿਲਾਂ ਹੀ ਇਸ ਸਮੱਸਿਆ ਵੱਲ ਇਸ਼ਾਰਾ ਕੀਤਾ ਸੀ – ਤੇ ਅੰਤ ਵਿੱਚ ਇਹੋ ਜਿਹਾ ਹੀ ਇੱਕ ਟਕਰਾਅ ਉਸਦੀ ਜਾਨ ਲੈ ਬੈਠਾ।
ਇਨ੍ਹਾਂ ਸਾਰੇ ਸੰਘਰਸ਼ਾਂ ਦੀ ਜੜ੍ਹ ਵਿੱਚ ਜ਼ਮੀਨ ਦਾ ਇੱਕ ਪੇਚੀਦਾ, ਬਹੁ-ਪਰਤੀ ਅਤੇ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਵਿਵਾਦ ਹੈ। ਇਹੀ ਵਿਵਾਦ ਇਸ ਖੇਤਰ ਵਿੱਚ ਆਦਿਵਾਸੀਆਂ ਨੂੰ ਦੂਜੇ ਆਦਿਵਾਸੀਆਂ ਦੇ ਖਿਲਾਫ਼ ਖੜ੍ਹਾ ਕਰ ਰਿਹਾ ਹੈ। ਇਸ ਤੋਂ ਇਲਾਵਾ, ਉਨ੍ਹਾਂ ਦੀਆਂ ਝੜਪਾਂ ਮੁਕਾਬਲਤਨ ਹੋਰ ਪਿਛੜੇ ਵਰਗ ਦੇ ਮੁਕਾਬਲੇ ਵਿੱਚ ਕੁਝ ਘੱਟ ਧਨਾਢ ਲੋਕਾਂ, ਪ੍ਰਭਾਵਸ਼ਾਲੀ ਭਾਈਚਾਰਿਆਂ ਦੇ ਜ਼ਿਮੀਂਦਾਰਾਂ, ਜੰਗਲਾਤ ਅਧਿਕਾਰੀਆਂ ਅਤੇ ਸਿਆਸਤਦਾਨਾਂ ਨਾਲ਼ ਵੀ ਹੋ ਰਹੀਆਂ ਹਨ।
ਇਹ ਰਿਪੋਰਟਰ 2022 ਤੋਂ ਅਦਿਵਾਸੀ ਜ਼ਮੀਨ ਨਾਲ਼ ਜੁੜੇ ਅਜਿਹੇ ਕਈ ਸੰਘਰਸ਼ਾਂ ਨੂੰ ਦਰਜ ਕਰਦਾ ਆ ਰਿਹਾ ਹੈ। ਉਸੇ ਸਾਲ ਮੱਧ ਪ੍ਰਦੇਸ਼ ਦੇ ਗੁਨਾ ਜ਼ਿਲ੍ਹੇ ਦੇ ਧਨੋਰੀਆ ਪਿੰਡ ਦੀ ਰਾਮਪਿਆਰੀ ਨੂੰ ਰਸੂਖ਼ਵਾਨ ਜਾਤੀ ਦੇ ਜ਼ਿਮੀਂਦਾਰਾਂ ਨੇ ਉਸੇ ਦੇ ਹੀ ਖੇਤ ਵਿੱਚ ਜਿੰਦਾ ਸਾੜ ਦਿੱਤਾ ਸੀ। ਇਹ ਘਟਨਾ ਉਸ ਵੇਲ਼ੇ ਹੋਈ ਸੀ ਜਦੋਂ ਉਨ੍ਹਾਂ ਨੇ ਆਪਣੀ ਜ਼ਮੀਨ ਦੇ ਹੱਕ ਲਈ 20 ਸਾਲ ਚੱਲੀ ਕਾਨੂੰਨੀ ਲੜਾਈ ਜਿੱਤ ਲਈ ਸੀ। ਜ਼ਮੀਨ ਦੇ ਹੱਕਾਂ ਲਈ ਅਜਿਹੇ ਹਿੰਸਕ ਸੰਘਰਸ਼ ਉਨ੍ਹਾਂ ਦੀ ਮੌਤ ਤੋਂ ਪਹਿਲਾਂ ਵੀ ਮੌਜੂਦ ਸਨ ਤੇ ਅੱਜ ਵੀ ਚੱਲ ਰਹੇ ਹਨ।















