“ਦੀਦੀ, ਕੀ ਅਸੀਂ ਸੱਚਮੁੱਚ ਇੱਥੇ ਆਪਣੀ ਭਾਸ਼ਾ ਪੜ੍ਹ ਸਕਦੇ ਹਾਂ?”, 15 ਸਾਲਾ ਅੰਸ਼ ਉਰਾਂਵ ਨੇ ਮੈਨੂੰ ਸਵਾਲ ਕੀਤਾ, ਉਹਨੇ ਆਪਣੇ ਹੱਥ ਵਿੱਚ ਕੁਰੂਖ ਭਾਸ਼ਾ ਦੀ ਇੱਕ ਕਿਤਾਬ ਫੜ੍ਹੀ ਹੋਈ ਸੀ।
ਅਸੀਂ ਪੱਛਮੀ ਬੰਗਾਲ ਦੇ ਜਲਪਾਈਗੁੜੀ ਜ਼ਿਲ੍ਹੇ ਦੇ ਇੱਕ ਸਕੂਲ ਵਿੱਚ ਸਾਂ ਜਿੱਥੇ ਚਾਹ ਬਗ਼ਾਨਾਂ ਵਿੱਚ ਕੰਮ ਕਰਨ ਵਾਲ਼ੇ ਮਜਦੂਰਾਂ ਦੇ ਬੱਚੇ ਪੜ੍ਹਨ ਆਉਂਦੇ ਹਨ। ਉਹ ਬਗ਼ਾਨ, ਜਿੱਥੇ ਮੇਰੇ ਅਤੇ ਅੰਸ਼ ਦੇ ਮਾਪੇ ਕੰਮ ਕਰਦੇ ਹਨ, ਲੀਸ਼ ਨਦੀ ਦੇ ਕੋਲ਼ ਸਥਿਤ ਹੈ।
ਬਾਕੀ ਜ਼ਿਆਦਾਤਰ ਮਜ਼ਦੂਰਾਂ ਵਾਂਗ ਹੀ ਸਾਡਾ ਪਰਿਵਾਰ ਵੀ ਉਰਾਂਵ ਜਨਜਾਤੀ ਨਾਲ਼ ਸਬੰਧਤ ਹੈ। ਸਾਡੇ ਪੂਰਵਜ ਚਾਰ ਪੀੜ੍ਹੀਆਂ ਪਹਿਲਾਂ ਛੋਟਾ ਨਾਗਪੁਰ ਦੇ ਪਠਾਰੀ ਖੇਤਰਾਂ- ਝਾਰਖੰਡ ਦੇ ਰਾਂਚੀ, ਗੁਮਲਾ, ਸਿਮਡੇਗਾ ਵਰਗੇ ਜ਼ਿਲ੍ਹਿਆਂ ਤੋਂ ਆਏ ਸਨ। ਘਰ ਵਿੱਚ ਅਸੀਂ ਹੁਣ ਵੀ ਕੁਰੂਖ ਬੋਲਦੇ ਹਾਂ, ਜੋ ਸਾਡੇ ਭਾਈਚਾਰੇ ਦੀ ਭਾਸ਼ਾ ਹੈ, ਪਰ ਬਾਹਰ ਅਸੀਂ ਹਿੰਦੀ ਅਤੇ ਬੰਗਾਲੀ ਬੋਲਦੇ ਹਾਂ। ਇਸ ਲਈ ਅੰਸ਼ ਨੇ ਆਪਣੀ ਮਾਦਰੀ-ਭਾਸ਼ਾ ਦੀ ਕੋਈ ਵੀ ਕਿਤਾਬ ਕਦੇ ਨਹੀਂ ਵੇਖੀ ਸੀ।
ਮੈਂ ਇੱਥੇ ਹੀ ਲੀਸ਼ ਰਿਵਰ ਚਾਹ ਬਗ਼ਾਨ ਦੇ ਪਾਟੀਬਾੜੀ ਇਲਾਕੇ ਵਿੱਚ ਹੀ ਵਧੀ-ਫੁੱਲੀ ਹਾਂ। ਜਨਗਣਨਾ ਹੈਂਡਬੁੱਕ ਵਿੱਚ ਇਸਦਾ ਨਾਮ 'ਲਿਸ਼ਰਿਵਰ' ਲਿਖਿਆ ਹੈ, ਪਰ ਪਿੰਡ ਵਾਲ਼ੇ ਅਤੇ ਸਥਾਨਕ ਪ੍ਰਸ਼ਾਸਨ ਦੇ ਲੋਕ ਇਹਨੂੰ 'ਲੀਸ਼ ਰਿਵਰ' ਹੀ ਕਹਿੰਦੇ ਅਤੇ ਲਿਖਦੇ ਹਨ।



















