30 ਅਪ੍ਰੈਲ, 2023 ਨੂੰ, ਹਿਮਾਲਿਆ ਦੀ ਧੌਲਾਧਾਰ ਲੜੀ ਵਿੱਚ ਪੈਂਦੇ ਧਰਮਸ਼ਾਲਾ ਕਸਬੇ ਨੇ ਆਪਣੀ ਪਹਿਲੀ ਪ੍ਰਾਈਡ ਪਰੇਡ ਦੇਖੀ।
ਲੋਕਾਂ ਦੇ ਹੱਥਾਂ ਵਿੱਚ ਤਖ਼ਤੀਆਂ ਸਨ, ਜਿਨ੍ਹਾਂ 'ਤੇ ਲਿਖਿਆ ਸੀ, 'ਦਿਸ ਹੋਮ ਇਜ਼ ਫ਼ਾਰ ਯੂ, ਮੀ, ਹਿਮ, ਹਰ, ਦੇ, ਦੇਮ (ਇਹ ਘਰ ਤੁਹਾਡੇ, ਮੇਰੇ, ਉਨ੍ਹਾਂ ਲਈ ਹੈ)।' ਇਨ੍ਹਾਂ ਨੂੰ ਫੜ੍ਹੀ ਲੋਕ ਮੁੱਖ ਬਜ਼ਾਰ ਤੋਂ ਮੈਕਲੌੜਗੰਜ ਵਿਖੇ ਦਲਾਈ ਲਾਮਾ ਮੰਦਰ ਵੱਲ ਤੁਰ ਰਹੇ ਸਨ। ਇਸ ਤੋਂ ਬਾਅਦ ਜਲੂਸ ਧਰਮਸ਼ਾਲਾ ਕਸਬੇ ਦੇ ਭੀੜ-ਭੜੱਕੇ ਵਾਲ਼ੇ ਇਲਾਕੇ ਕੋਤਵਾਲੀ ਬਾਜ਼ਾਰ ਵਿਖੇ ਰਵਾਨਾ ਹੋਇਆ। ਇਹ ਹਿਮਾਚਲ ਪ੍ਰਦੇਸ਼ ਵਿੱਚ LGBTQIA+ ਭਾਈਚਾਰੇ ਲਈ ਸਮਰਥਨ ਜ਼ਾਹਰ ਕਰਨ ਲਈ ਆਯੋਜਿਤ ਕੀਤੀ ਗਈ ਪਹਿਲੀ ਜਨਤਕ ਰੈਲੀ ਸੀ। ਜਿਸ ਵਿੱਚ ਰਾਜ ਭਰ ਦੇ ਪਿੰਡਾਂ ਤੇ ਛੋਟੇ ਸ਼ਹਿਰਾਂ ਦੇ ਵੀ ਕਈ ਲੋਕਾਂ ਨੇ ਹਿੱਸਾ ਲਿਆ।
ਹਿਮਾਚਲ ਕੁਇਅਰ ਫਾਊਂਡੇਸ਼ਨ ਦੇ ਸਹਿ-ਸੰਥਾਪਕ, ਡਾਨ ਹਸਰ, ਇਸ ਰੈਲੀ ਦਾ ਅਯੋਜਕਾਂ ਵਿੱਚੋਂ ਇੱਕ ਹਨ। ਉਨ੍ਹਾਂ ਦਾ ਕਹਿਣਾ ਹੈ, "ਅਸੀਂ ਮਾਣ ਨਾਲ਼ ਇਸ ਅਜੀਬ ਸ਼ਬਦ ਦੀ ਵਰਤੋਂ ਕਰਦੇ ਹਾਂ।'' ਇਸ ਸ਼ਬਦ ਦੀ ਆਪਣੀ ਚੋਣ ਬਾਰੇ ਦੱਸਦੇ ਹੋਏ, 30-ਸਾਲਾ ਹਸਰ ਕਹਿੰਦੇ ਹਨ, "ਅਸੀਂ ਕੁਇਅਰ ਪਛਾਣ ਦੀ ਵਿਆਖਿਆ ਲਈ ਅੰਗਰੇਜ਼ੀ ਸ਼ਬਦਾਂ ਦੀ ਵਰਤੋਂ ਕਰਦੇ ਹਾਂ, ਪਰ ਹਿੰਦੀ ਅਤੇ ਖੇਤਰੀ ਉਪਭਾਸ਼ਾਵਾਂ ਵਿੱਚ ਕਿਹੜੇ ਸ਼ਬਦ ਦੀ ਵਰਤੋਂ ਕਰਨੀ ਚਾਹੀਦੀ ਹੈ? ਅਸੀਂ ਮੁਕਾਮੀ ਬੋਲੀਆਂ ਵਿੱਚ ਗਾਣਿਆਂ ਤੇ ਕਹਾਣੀਆਂ ਰਾਹੀਂ ਕੁਇਅਰ ਪਛਾਣ ਤੇ ਇਹਦੀ ਤਰਲਤਾ ਨੂੰ ਲੈ ਕੇ ਗੱਲ ਕਰਦੇ ਹਾਂ।''
ਦਿੱਲੀ, ਚੰਡੀਗੜ੍ਹ, ਕੋਲਕਾਤਾ, ਮੁੰਬਈ ਅਤੇ ਸੂਬੇ ਦੇ ਛੋਟੇ ਸ਼ਹਿਰਾਂ ਤੋਂ ਲਗਭਗ 300 ਲੋਕ ਮਾਰਚ ਦਾ ਹਿੱਸਾ ਬਣਨ ਲਈ ਆਏ ਸਨ। ਇਸ ਪ੍ਰਾਈਡ ਮਾਰਚ ਵਿੱਚ ਹਿੱਸਾ ਲੈਣ ਵਾਲੇ ਸ਼ਿਮਲਾ ਦੇ ਇੱਕ 20 ਸਾਲਾ ਯੂਨੀਵਰਸਿਟੀ ਵਿਦਿਆਰਥੀ ਆਯੁਸ਼ ਕਹਿੰਦੇ ਹਨ, "ਇੱਥੇ (ਹਿਮਾਚਲ ਪ੍ਰਦੇਸ਼ ਵਿੱਚ) ਕੋਈ ਵੀ ਇਸ ਬਾਰੇ ਗੱਲ ਨਹੀਂ ਕਰਦਾ। ਆਯੁਸ਼ ਲਈ ਸਕੂਲ ਦੇ ਸਮੇਂ ਦੌਰਾਨ ਟਾਇਲਟ ਜਾਣਾ ਮੁਸ਼ਕਲ ਸੀ। "ਮੇਰੀ ਕਲਾਸ ਦੇ ਮੁੰਡੇ ਮੇਰਾ ਮਜ਼ਾਕ ਉਡਾਉਂਦੇ ਸਨ ਅਤੇ ਮੈਨੂੰ ਪਰੇਸ਼ਾਨ ਕਰਦੇ ਸਨ। ਜਦ ਮੈਂ ਇਸ ਭਾਈਚਾਰੇ ਦੇ ਨਾਲ਼ ਔਨਲਾਈਨ ਸੰਪਰਕ ਵਿੱਚ ਆਇਆ, ਤਾਂ ਮੈਂ ਸੁਰੱਖਿਆ ਦੀ ਭਾਵਨਾ ਮਹਿਸੂਸ ਕੀਤੀ। ਇਸ ਨੇ ਮੈਨੂੰ ਉਨ੍ਹਾਂ ਲੋਕਾਂ ਨਾਲ਼ ਰਹਿਣ ਦਾ ਮੌਕਾ ਦਿੱਤਾ ਜਿਹੜੇ ਮੈਨੂੰ ਸਮਝਦੇ ਸਨ।"
ਆਯੁਸ਼ ਕਾਲਜ ਵਿੱਚ ਇਸ ਮੁੱਦੇ ਨੂੰ ਲੈ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਹਦੇ ਵਾਸਤੇ ਉਹ ਸੰਵਾਦ ਮੰਚਾਂ ਦਾ ਅਯੋਜਨ ਕਰਦੇ ਹਨ, ਜਿਸ ਵਿੱਚ ਉਨ੍ਹਾਂ ਦੇ ਇੱਕ ਪ੍ਰੋਫ਼ੈਸਰ ਸਲਾਹਕਾਰ ਦੇ ਰੂਪ ਵਿੱਚ ਉਨ੍ਹਾਂ ਦੀ ਮਦਦ ਕਰ ਰਹੇ ਹਨ। ਲੋਕ ਜੈਂਡਰ ਤੇ ਸੈਕਸੁਐਲਿਟੀ ਬਾਰੇ ਜਾਣਨ, ਕੁਝ ਸਾਂਝਾ ਕਰਨ ਤੇ ਸਵਾਲ ਪੁੱਛਣ ਲਈ ਇਕੱਠੇ ਹੁੰਦੇ ਹਨ।
























