ਸਥਾਨਕ ਡਾਕਖਾਨੇ ਦੀਆਂ ਖਿੜਕੀਆਂ ਖੁਲ੍ਹਦੀਆਂ ਹਨ ਅਤੇ ਡਾਕੀਆ ਆਪ ਖਿੜਕੀ ਵਿੱਚੋਂ ਸਾਨੂੰ ਆਉਂਦੇ ਹੋਏ ਦੇਖਦਾ ਹੈ।
ਰੇਨੁਕਾ ਇੱਕ ਮੁਸਕੁਰਾਹਟ ਨਾਲ਼ ਸਾਨੂੰ ਇੱਕ ਕਮਰੇ ਵਿੱਚ ਸਥਾਪਿਤ ਡਾਕਘਰ ਵੱਲ ਇਸ਼ਾਰਾ ਕਰਦੇ ਹਨ ਜਿਸਦਾ ਰਾਹ ਘਰ ਦੇ ਵਿਹੜੇ ਵਿੱਚੋਂ ਹੋ ਕੇ ਲੰਘਦਾ ਹੈ। ਜਦੋਂ ਹੀ ਅਸੀਂ ਇਸ ਛੋਟੀ ਜਿਹੀ ਕੰਮ ਵਾਲੀ ਜਗ੍ਹਾ ਵਿੱਚ ਪੈਰ ਰੱਖਦੇ ਹਾਂ, ਕਾਗਜ਼ ਅਤੇ ਸਿਆਹੀ ਦੀ ਮਹਿਕ ਸਾਡਾ ਸਵਾਗਤ ਕਰਦੀ ਹੈ। ਉਹ ਦਿਨ ਦੀ ਆਖਰੀ ਡਾਕ ਨੂੰ ਇੱਕ ਪਾਸੇ ਰੱਖ ਰਹੇ ਹਨ। ਮੁਸਕੁਰਾਉਂਦੇ ਹੋਏ ਉਹ ਮੈਨੂੰ ਬੈਠਣ ਲਈ ਇਸ਼ਾਰਾ ਕਰਦੇ ਹਨ, “ਆਓ, ਆਓ! ਅਰਾਮ ਨਾਲ਼ ਬੈਠੋ।”
ਬਾਹਰੀ ਮੌਸਮ ਦੇ ਮੁਕਾਬਲੇ ਡਾਕੀਏ ਦਾ ਘਰ ਅਤੇ ਦਫ਼ਤਰ ਦਾ ਅੰਦਰਲਾ ਹਿੱਸਾ ਠੰਡਾ ਹੈ। ਹਵਾ ਅੰਦਰ ਆਉਣ ਲਈ ਇਕੋ-ਇੱਕ ਖਿੜਕੀ ਖੁੱਲੀ ਹੋਈ ਹੈ। ਹੱਥਾਂ ਨਾਲ਼ ਬਣਾਏ ਕਈ ਪੋਸਟਰ, ਨਕਸ਼ੇ ਅਤੇ ਲਿਸਟਾਂ ਸਫ਼ੇਦ ਕੰਧਾਂ ਤੇ ਲਟਕ ਰਹੀਆਂ ਹਨ। ਇਹ ਛੋਟਾ ਕਮਰਾ ਪੂਰੀ ਤਰ੍ਹਾਂ ਸਾਫ਼-ਸੁਥਰਾ ਅਤੇ ਸੰਗਠਿਤ ਹੈ ਜਿਸ ਤੋਂ ਇਸ ਜਗ੍ਹਾਂ ਦੀ ਮਹੱਤਤਾ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਕਮਰੇ ਦੀ ਜ਼ਿਆਦਾਤਰ ਜਗ੍ਹਾ ਮੇਜ਼ ਅਤੇ ਕੁਝ ਸੈਲਫਾਂ ਨੇ ਘੇਰ ਰੱਖੀ ਹੈ ਪਰ ਫਿਰ ਵੀ ਇਹ ਤੰਗ ਜਿਹਾ ਨਹੀਂ ਮਹਿਸੂਸ ਹੁੰਦਾ।
64 ਸਾਲਾ ਰੇਨੁਕੱਪਾ ਟੁਮਕੁਰ ਜ਼ਿਲ੍ਹੇ ਦੇ ਦੇਵਰਾਇਆਪਟਨਾ ਕਸਬੇ ਵਿੱਚ ਇੱਕ ਪੇਂਡੂ ਡਾਕ ਕਰਮਚਾਰੀ ਵੱਜੋ ਸੇਵਾ ਨਿਭਾ ਰਹੇ ਹਨ ਅਤੇ ਉਹਨਾਂ ਅਧੀਨ ਛੇ ਪਿੰਡ ਆਉਂਦੇ ਹਨ।
ਦੇਵਰਾਇਆ ਵਿੱਚ ਪੈਂਦੇ ਇਸ ਡਾਕਘਰ ਦਾ ਅਧਿਕਾਰਿਤ ਸਮਾਂ ਸਵੇਰੇ 8:30 ਵਜੇ ਤੋਂ ਲੈ ਕੇ ਦੁਪਹਿਰ 1:00 ਵਜੇ ਤੱਕ ਹੈ ਪਰ ਰੇਨੁਕਾ ਪਰਸਾਦ, ਜੋ ਕਿ ਇਥੋਂ ਦੇ ਇਕੋ-ਇਕ ਕਰਮਚਾਰੀ ਹਨ, ਸਵੇਰੇ 7:00 ਵਜੇ ਤੋਂ ਆਪਣਾ ਕੰਮ ਸ਼ੁਰੂ ਕਰ ਦਿੰਦੇ ਹਨ ਅਤੇ ਸ਼ਾਮ 5:00 ਵਜੇ ਤੱਕ ਕਰਦੇ ਰਹਿੰਦੇ ਹਨ। “ਮੇਰੇ ਕੰਮ ਨੂੰ ਪੂਰਾ ਕਰਨ ਲਈ ਸਾਢੇ ਚਾਰ ਘੰਟੇ ਕਾਫੀ ਨਹੀਂ ਹਨ,” ਡਾਕ ਸੇਵਕ ਕਹਿੰਦੇ ਹਨ।








